ਇਲਾਕੇ ਦੀ ਪ੍ਰਸਿੱਧ ਯੋਗਾ ਟੀਚਰ ਰੋਜ਼ੀ ਸ਼ਰਮਾ ਲੰਘੇ ਦੋ ਦਹਾਕਿਆਂ ਤੋਂ ਮੁਟਿਆਰਾਂ ਨੂੰ ਮੁਫ਼ਤ ਯੋਗ ਸਾਧਨਾ ਕਰਵਾ ਰਹੀ ਹੈ |

ਹਰ ਰੋਜ਼ ਸ਼ਾਮ ਸਮੇਂ ਰੋਜ਼ੀ ਸ਼ਰਮਾ ਡਬਲ-ਡੀ ਬਲਾਕ ਵਾਟਰ ਟੈਂਕ ਦੇ ਅਹਾਤੇ 'ਚ ਮੁਟਿਆਰਾਂ ਨੂੰ ਯੋਗ ਸਾਧਨਾ ਕਰਵਾਉਂਦੇ ਹਨ | ਰੋਜ਼ੀ ਸ਼ਰਮਾ ਨਾ ਸਿਰਫ ਯੋਗਾ ਕਰਵਾਉਂਦੀ ਹੈ ਸਗੋਂ ਹਸਾਉਂਦੀ ਵੀ ਹੈ | ਉਸ ਦੀਆਂ ਗੱਲਾਂ ਬਹੁਤ ਹੀ ਸਰਲ ਤੇ ਸਿੱਧੀਆਂ ਹਨ ਮਸਲਨ ਅੱਜ ਹੀ ਸੀਜ਼ਨ ਦੀ ਸਭ ਤੋਂ ਸਸਤੀ ਸਬਜ਼ੀ ਖਾਣੀ ਸ਼ੁਰੂ ਕਰੋ ਨਹੀਂ ਤਾਂ ਭਵਿੱਖ 'ਚ ਮਹਿੰਗੀਆਂ ਦਵਾਈਆਂ ਖਾਣ ਲਈ ਤਿਆਰ ਰਹੋ” | ਇਸਤਰੀਆਂ ਦੀ ਸਿਹਤ ਲਈ ਫਿਰਕਰਮੰਦ ਰੋਜ਼ੀ ਸ਼ਰਮਾ ਬੜੇ ਹੀ ਸਰਲ ਸ਼ਬਦਾਂ 'ਚ ਦੱਸਦੀ ਹੈ, 1960 ਤੱਕ ਸਾਡੀ ਖੁਰਾਕ 'ਚ ਮੋਠ, ਜਵਾਹਰ, ਬਾਜਰਾ, ਰਾਗੀ, ਛੋਲੇ, ਕਣਕ, ਚਾਵਲ ਸ਼ਾਮਿਲ ਸਨ.... ਜਦੋਂ ਤੋਂ ਹਰੀ ਕਰਾਂਤੀ ਆਈ ਅਸੀਂ ਕਣਕ ਤੇ ਚਾਵਲਾਂ ਦੇ ਦੀਵਾਨੇ ਹੋ ਗਏ.....1990 ਮਗਰੋਂ ਸਾਡੇ ਕੋਲ ਪਾਸਤਾ, ਪਿਜ਼ਾ, ਮੋਮੋਜ਼, ਬਰਗਰ, ਨੂਡਲਜ਼ ਆ ਗਏ... ਜਿਵੇਂ ਜਿਵੇਂ ਸਾਡੀ ਖੁਰਾਕ ਬਦਲੀ ਤਿਵੇਂ ਤਿਵੇਂ ਹੀ ਸਾਡੇ ਸ਼ਹਿਰ 'ਚ ਕੈਮਿਸਟ , ਟੈਸਟ ਲੈਬਾਰਟਰੀਆਂ ਤੇ ਹਸਪਤਾਲ ਵੀ ਵਧ ਗਏ | ਬਾਜ਼ਾਰੀ ਭੋਜਨ ਅਤੇ ਡੱਬਾ ਬੰਦ ਭੋਜਨ ਦੀ ਸਖ਼ਤ ਵਿਰੋਧੀ ਰੋਜ਼ੀ ਸ਼ਰਮਾ ਯੋਗ ਸਾਧਨਾ ਕਰਵਾਉਂਦਿਆਂ ਅਕਸਰ ਆਖਦੀ ਹੈ ਲੋਕੀਂ ਹਸਪਤਾਲਾਂ ਦੇ ਵਰਾਂਡਿਆਂ 'ਚ ਪਤਾ ਕਿਉਂ ਰੁਲ ਰਹੇ?.....
ਤੀਵੀਆਂ ਦੇ ਟੁੱਟ ਗਏ ਹੱਥ, ਬੰਦਿਆਂ ਦੇ ਟੁੱਟ ਗਏ ਪੈਰ” | ਪਹਿਲਾ ਬੰਦਾ ਲੱਭ ਕੇ ਸਬਜ਼ੀ ਲਿਆਉਂਦਾ ਸੀ, ਤੀਵੀਂ ਮੱਠੀ ਮੱਠੀ ਅੱਗ 'ਤੇ ਬਣਾਉਂਦੀ ਸੀ | ਹੁਣ ਬੰਦਾ ਕਾਰ 'ਚ ਬੈਠਾ ਹੀ ਕਹੀ ਜਾਂਦਾ ਆਹ ਪਾ ਦੇ ਉਹ ਪਾ ਦੇ... ਤੀਵੀਂ ਵੀ ਸੀਟੀਆਂ ਵਜਾਈ ਜਾਂਦੀ ਕੁੱਕਰ 'ਚ ਪਕਾਈ ਜਾਂਦੀ | ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਰਸੋਈ 'ਚੋਂ ਜਵਿੱਤਰੀ, ਅੰਬਾ ਹਲਦੀ ਗਾਇਬ ਹੋ ਗਈ ਹੈ | ਸਾਡੇ ਬੱਚੇ ਜਿੰਮ ਜਾ ਕੇ ਸਪਲੀਮੈਂਟਸ ਖਾ ਕੇ ਪੈਸੇ ਪੱਟ ਰਹੇ ਹਨ | ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਸਿਹਤ ਬਾਰੇ ਫਿਕਰਮੰਦ ਹੀ ਨਹੀਂ | ਰੋਜ਼ੀ ਸ਼ਰਮਾ ਘਰ ਘਰ ਜਾ ਕੇ ਗ੍ਰਹਿਣੀਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਬੱਚਿਆਂ ਨੂੰ ਸਕੂਲ ਟਿਫ਼ਨ 'ਚ ਨੂਡਲਜ਼ ਅਤੇ ਬਰੈੱਡ ਨਾ ਭੇਜੀ ਜਾਵੇ | ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਅੱਜ ਪੈਸੇ ਤੋ ਬਿਨਾਂ ਕੋਈ ਕੰਮ ਨਹੀਂ ਹੁੰਦਾ ਪਰ ਮੇਰੀ ਕੋਈ ਫੀਸ ਨਹੀਂ ਹੈ ਪਰ ਮੈਨੂੰ ਯੋਗਾ ਸਿਖਾਉਂਦਿਆਂ ਮਨ ਦੀ ਸ਼ਾਂਤੀ ਮਿਲਦੀ ਹੈ ਜੋ ਬੇਸ਼ਕੀਮਤੀ ਹੈ |
-ਭਾਖੜਾ ਡੈਮ ਰੋਡ-140124
ਮੋਬਾਈਲ : 98156-24927