ਬੱਚਿਆਂ ਨੂੰ ਕਿਰਤ ਨਾਲ ਜੋੜਨ ਦਾ ਸਰਲ ਮਤਲਬ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਛੋਟੇ-ਛੋਟੇ ਕੰਮਾਂ ਵਿਚ ਭਾਗੀਦਾਰ ਬਣਾਇਆ ਜਾਵੇ | ਉਦਾਹਰਨ ਵਜੋਂ ਬੱਚੇ ਨੂੰ ਆਪਣਾ ਬਿਸਤਰਾ ਆਪ ਵਿਛਾਉਣ ਅਤੇ ਸਮੇਟਣ ਲਈ ਕਹਿਣਾ, ਆਪਣੇ ਖਿਡੌਣੇ ਖੇਡਣ ਤੋਂ ਬਾਅਦ ਸਹੀ ਥਾਂ 'ਤੇ ਰੱਖਣਾ, ਆਪਣੇ ਸਕੂਲ ਦਾ ਬੈਗ ਤਿਆਰ ਕਰਨਾ, ਆਪਣੇ ਜੁੱਤੇ ਸਾਫ਼ ਕਰਨਾ, ਖਾਣਾ ਖਾਣ ਤੋਂ ਬਾਅਦ ਆਪਣੀ ਪਲੇਟ ਰਸੋਈ ਵਿਚ ਰੱਖਣਾ, ਅਤੇ ਆਪਣੇ ਕੱਪੜੇ ਤਹਿ ਕਰਕੇ ਰੱਖਣਾ ਆਦਿ ਅਜਿਹੇ ਕੰਮ ਹਨ ਜੋ ਬੱਚਾ ਬਹੁਤ ਹੀ ਆਸਾਨੀ ਨਾਲ ਕਰ ਸਕਦਾ ਹੈ | ਇਹ ਛੋਟੇ-ਛੋਟੇ ਕੰਮ ਬੱਚੇ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਉਹ ਪਰਿਵਾਰ ਦਾ ਇਕ ਜ਼ਿੰਮੇਵਾਰ ਹਿੱਸਾ ਹੈ |

ਜਦੋਂ ਮਾਪੇ ਬੱਚਿਆਂ ਨੂੰ ਹਰ ਕੰਮ ਤਿਆਰ-ਬਰ-ਤਿਆਰ ਦਿੰਦੇ ਹਨ, ਤਾਂ ਬੱਚਿਆਂ ਅੰਦਰ 'ਸਭ ਕੁਝ ਪੱਕਿਆ-ਪਕਾਇਆ ਮਿਲਣ' ਦੀ ਆਦਤ ਪੈ ਜਾਂਦੀ ਹੈ | ਅਜਿਹੇ ਬੱਚੇ ਵੱਡੇ ਹੋ ਕੇ ਛੋਟੀਆਂ-ਛੋਟੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਘਬਰਾਉਂਦੇ ਹਨ ਅਤੇ ਦੂਜਿਆਂ 'ਤੇ ਨਿਰਭਰ ਰਹਿਣ ਦੇ ਆਦੀ ਹੋ ਜਾਂਦੇ ਹਨ | ਦੂਜੇ ਪਾਸੇ ਜਿਹੜੇ ਬੱਚੇ ਬਚਪਨ ਤੋਂ ਹੀ ਹੱਥੀਂ ਕੰਮ ਕਰਨ ਦੇ ਆਦੀ ਹੁੰਦੇ ਹਨ, ਉਨ੍ਹਾਂ ਵਿਚ ਹਰ ਪ੍ਰਸਥਿਤੀ ਵਿਚ ਢਲਣ ਦੀ ਸਮਰੱਥਾ ਹੁੰਦੀ ਹੈ | ਉਹ ਮੁਸੀਬਤ ਦੇ ਸਮੇਂ ਕਿਸੇ ਦੇ ਸਹਾਰੇ ਦੀ ਉਡੀਕ ਕਰਨ ਦੀ ਬਜਾਏ ਆਪ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ ਹਨ | ਕਿਰਤ ਨਾਲ ਜੁੜਨ ਨਾਲ ਬੱਚਿਆਂ ਵਿਚ ਮਿਹਨਤ ਕਰਨ ਵਾਲੇ ਲੋਕਾਂ ਪ੍ਰਤੀ ਆਦਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ | ਜਦੋਂ ਬੱਚਾ ਆਪ ਕੋਈ ਕੰਮ ਕਰਦਾ ਹੈ, ਤਾਂ ਉਸ ਨੂੰ ਪਤਾ ਲਗਦਾ ਹੈ ਕਿ ਕੋਈ ਵੀ ਕੰਮ ਆਸਾਨ ਨਹੀਂ ਹੁੰਦਾ | ਉਹ ਘਰ ਵਿਚ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ, ਮਾਲੀਆਂ, ਧੋਬੀਆਂ, ਜਾਂ ਹੋਰ ਮਜ਼ਦੂਰਾਂ ਦੀ ਮਿਹਨਤ ਦੀ ਕਦਰ ਕਰਨ ਲਗਦਾ ਹੈ | ਉਸ ਦੇ ਮਨ ਵਿਚੋਂ ਅਮੀਰੀ-ਗਰੀਬੀ ਜਾਂ ਕੰਮ ਦੇ ਛੋਟੇ-ਵੱਡੇ ਹੋਣ ਦਾ ਭੇਦਭਾਵ ਖ਼ਤਮ ਹੋ ਜਾਂਦਾ ਹੈ | ਉਹ ਸਮਝਣ ਲਗਦਾ ਹੈ ਕਿ ਇਮਾਨਦਾਰੀ ਨਾਲ ਕੀਤਾ ਗਿਆ ਕਰ ਕੰਮ ਸਤਿਕਾਰਯੋਗ ਹੈ | ਇਹ ਭਾਵਨਾ ਬੱਚੇ ਨੂੰ ਇਕ ਚੰਗਾ, ਸੰਵੇਦਨਸ਼ੀਲ ਅਤੇ ਨਮਰ ਇਨਸਾਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ |
ਅੱਜਕੱਲ੍ਹ ਦੇ ਦੌਰ ਵਿਚ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਬੱਚੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ, ਟੀਵੀ, ਕੰਪਿਊਟਰ ਅਤੇ ਗੇਮਿੰਗ 'ਤੇ ਬਿਤਾਉਂਦੇ ਹਨ | ਇਸ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਕਾਰਨ ਬੱਚਿਆਂ ਵਿਚ ਚਿੜਚਿੜਾਪਨ, ਮੋਟਾਪਾ, ਅੱਖਾਂ ਦੀ ਕਮਜ਼ੋਰੀ ਅਤੇ ਇਕਾਗਰਤਾ ਦੀ ਘਾਟ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ | ਜੇਕਰ ਮਾਪੇ ਬੱਚਿਆਂ ਨੂੰ ਘਰ ਦੇ ਕੰਮਾਂ ਜਾਂ ਬਗੀਚੀ ਦੇ ਕੰਮਾਂ ਵਿਚ ਲਗਾਉਣ ਤਾਂ ਇਸ ਨਾਲ ਬੱਚਿਆਂ ਦਾ ਸਕ੍ਰੀਨ ਟਾਈਮ ਵੀ ਘਟੇਗਾ ਅਤੇ ਉਨ੍ਹਾਂ ਦੀ ਕਸਰਤ ਵੀ ਹੋਵੇਗੀ | ਬੱਚਿਆਂ ਨੂੰ ਘਰ ਵਿਚ ਪੌਦਿਆਂ ਨੂੰ ਪਾਣੀ ਦੇਣ, ਗਮਲਿਆਂ ਦੀ ਦੇਖਭਾਲ ਕਰਨ, ਜਾਂ ਸਬਜ਼ੀਆਂ ਦੀ ਗੋਡੀ ਕਰਨ ਵਿਚ ਨਾਲ ਜੋੜਿਆ ਜਾ ਸਕਦਾ ਹੈ | ਪ੍ਰਕਿਰਤੀ ਨਾਲ ਜੁੜ ਕੇ ਅਤੇ ਮਿੱਟੀ ਵਿਚ ਹੱਥ-ਪੈਰ ਗੰਦੇ ਕਰਕੇ ਬੱਚੇ ਜੋ ਸਿੱਖਦੇ ਹਨ ਉਹ ਕਿਸੇ ਕਿਤਾਬ ਵਿਚੋਂ ਨਹੀਂ ਸਿੱਖਿਆ ਜਾ ਸਕਦਾ | ਇਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਵਧੀਆ ਹੁੰਦਾ ਹੈ ਅਤੇ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ |
ਇਸ ਤੋਂ ਇਲਾਵਾ ਕਿਰਤ ਬੱਚਿਆਂ ਵਿਚ ਸਮੇਂ ਦਾ ਪ੍ਰਬੰਧਨ ਅਤੇ ਨਿਯਮਬੱਧਤਾ ਸਿਖਾਉਂਦੀ ਹੈ | ਜਦੋਂ ਬੱਚੇ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਪੜ੍ਹਾਈ ਦੇ ਨਾਲ-ਨਾਲ ਆਪਣੇ ਕੰਮ ਵੀ ਆਪ ਕਰਨੇ ਹਨ, ਤਾਂ ਉਹ ਆਪਣੇ ਸਮੇਂ ਦੀ ਸਹੀ ਵਰਤੋਂ ਕਰਨਾ ਸਿੱਖ ਜਾਂਦਾ ਹੈ | ਉਹ ਖੇਡਣ, ਪੜ੍ਹਨ ਅਤੇ ਆਪਣੇ ਨਿੱਜੀ ਕੰਮਾਂ ਲਈ ਸਮਾਂ ਵੰਡਣਾ ਸਿੱਖਦਾ ਹੈ | ਅਜਿਹੀ ਅਨੁਸ਼ਾਸਨਬੱਧਤਾ ਉਸ ਦੇ ਵਿਦਿਆਰਥੀ ਜੀਵਨ ਵਿਚ ਹੀ ਨਹੀਂ, ਸਗੋਂ ਭਵਿੱਖ ਵਿਚ ਉਸ ਦੇ ਪੇਸ਼ੇਵਰ ਜੀਵਨ ਵਿਚ ਵੀ ਬਹੁਤ ਕੰਮ ਆਉਂਦੀ ਹੈ | ਕਈ ਵਾਰ ਮਾਪੇ ਇਹ ਸੋਚਦੇ ਹਨ ਕਿ ਜੇਕਰ ਉਹ ਬੱਚਿਆਂ ਤੋਂ ਕੰਮ ਕਰਵਾਉਣਗੇ ਤਾਂ ਲੋਕ ਜਾਂ ਰਿਸ਼ਤੇਦਾਰ ਕੀ ਕਹਿਣਗੇ, ਜਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ | ਪਰ ਇਹ ਸੋਚ ਬਿਲਕੁੱਲ ਗਲਤ ਹੈ | ਦੁਨੀਆ ਦੇ ਵਿਕਸਿਤ ਦੇਸ਼ਾਂ ਜਿਵੇਂ ਜਾਪਾਨ, ਫਿਨਲੈਂਡ ਆਦਿ ਵਿਚ ਸਕੂਲਾਂ ਵਿਚ ਹੀ ਬੱਚਿਆਂ ਤੋਂ ਆਪਣੀ ਜਮਾਤ ਦੀ ਸਫ਼ਾਈ ਕਰਵਾਈ ਜਾਂਦੀ ਹੈ, ਬਰਤਨ ਧੁਆਏ ਜਾਂਦੇ ਹਨ ਅਤੇ ਖਾਣਾ ਪਰੋਸਣਾ ਸਿਖਾਇਆ ਜਾਂਦਾ ਹੈ | ਉੱਥੇ ਇਸ ਨੂੰ ਸਿੱਖਿਆ ਦਾ ਇਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਬੱਚੇ ਨੂੰ ਸਦਾਚਾਰਕ ਅਤੇ ਸਮਾਜਿਕ ਬਣਾਉਂਦਾ ਹੈ | ਜਦੋਂ ਬੱਚਾ ਆਪਣੇ ਹੱਥਾਂ ਨਾਲ ਕੰਮ ਕਰਦਾ ਹੈ, ਤਾਂ ਉਸ ਦੇ ਦਿਮਾਗ ਦਾ ਵਿਕਾਸ ਵੀ ਤੇਜ਼ ਹੁੰਦਾ ਹੈ, ਕਿਉਂਕਿ ਹੱਥਾਂ ਅਤੇ ਦਿਮਾਗ ਦਾ ਆਪਸੀ ਤਾਲਮੇਲ ਬੌਧਿਕ ਸਮਰੱਥਾ ਨੂੰ ਵਧਾਉਂਦਾ ਹੈ |
ਬੱਚਿਆਂ ਨੂੰ ਕਿਰਤ ਨਾਲ ਜੋੜਨ ਲਈ ਮਾਪਿਆਂ ਨੂੰ ਆਪ ਵੀ ਇਕ ਉਦਾਹਰਨ ਬਣਨਾ ਪਵੇਗਾ | ਜੇਕਰ ਮਾਪੇ ਆਪ ਹਰ ਕੰਮ ਲਈ ਦੂਜਿਆਂ 'ਤੇ ਨਿਰਭਰ ਰਹਿਣਗੇ ਜਾਂ ਕੰਮ ਕਰਨ ਵਿਚ ਆਲਸ ਦਿਖਾਉਣਗੇ, ਤਾਂ ਬੱਚੇ ਵੀ ਉਹੀ ਸਿੱਖਣਗੇ | ਬੱਚੇ ਸੁਣਨ ਨਾਲੋਂ ਦੇਖ ਕੇ ਜ਼ਿਆਦਾ ਸਿੱਖਦੇ ਹਨ | ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਦੇ ਕੰਮਾਂ ਨੂੰ ਮਿਲ-ਜੁਲ ਕੇ ਕਰਨ ਦਾ ਮਾਹੌਲ ਬਣਾਉਣ | ਐਤਵਾਰ ਜਾਂ ਛੁੱਟੀ ਵਾਲੇ ਦਿਨ ਪੂਰੇ ਪਰਿਵਾਰ ਨੂੰ ਮਿਲ ਕੇ ਘਰ ਦੀ ਸਫ਼ਾਈ ਜਾਂ ਹੋਰ ਕੰਮ ਕਰਨੇ ਚਾਹੀਦੇ ਹਨ | ਇਸ ਨਾਲ ਬੱਚਿਆਂ ਵਿਚ ਮਿਲ-ਜੁਲ ਕੇ ਟੀਮ ਵਰਕ ਵਜੋਂ ਕੰਮ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਅਤੇ ਪਰਿਵਾਰਕ ਸਾਂਝ ਵੀ ਪੱਕੀ ਹੁੰਦੀ ਹੈ |
ਬੱਚਿਆਂ ਤੋਂ ਕੰਮ ਕਰਵਾਉਂਦੇ ਸਮੇਂ ਮਾਪਿਆਂ ਨੂੰ ਧੀਰਜ ਅਤੇ ਉਤਸ਼ਾਹ ਵਰਤਣ ਦੀ ਲੋੜ ਹੁੰਦੀ ਹੈ | ਸ਼ੁਰੂ-ਸ਼ੁਰੂ ਵਿਚ ਬੱਚਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕੇਗਾ ਹੋ ਸਕਦਾ ਹੈ ਕਿ ਉਹ ਚੀਜ਼ਾਂ ਖਿਲਾਰ ਦੇਵੇ ਜਾਂ ਨੁਕਸਾਨ ਕਰ ਦੇਵੇ | ਅਜਿਹੇ ਸਮੇਂ ਉਸ 'ਤੇ ਗੁੱਸਾ ਕਰਨ ਦੀ ਬਜਾਏ, ਉਸ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ | ਉਸ ਦੀ ਛੋਟੀ ਜਿਹੀ ਮਿਹਨਤ ਦੀ ਵੀ ਤਾਰੀਫ਼ ਕਰੋ | 'ਸ਼ਾਬਾਸ਼, ਤੂੰ ਬਹੁਤ ਵਧੀਆ ਕੰਮ ਕੀਤਾ' ਵਰਗੇ ਬੋਲ ਬੱਚੇ ਅੰਦਰ ਹੋਰ ਵਧੀਆ ਕਰਨ ਦਾ ਉਤਸ਼ਾਹ ਭਰ ਦਿੰਦੇ ਹਨ | ਜੇਕਰ ਅਸੀਂ ਬੱਚੇ ਦੀ ਗਲਤੀ 'ਤੇ ਉਸ ਨੂੰ ਡਾਂਟ ਦੇਵਾਂਗੇ, ਤਾਂ ਉਹ ਦੁਬਾਰਾ ਕੰਮ ਕਰਨ ਤੋਂ ਝਿਜਕੇਗਾ |
ਅੱਜ ਦੇ ਆਰਥਿਕ ਤੌਰ 'ਤੇ ਅਸਥਿਰ ਯੁੱਗ ਵਿਚ ਅਸੀਂ ਇਹ ਭਵਿੱਖਬਾਣੀ ਨਹੀਂ ਕਰ ਸਕਦੇ ਕਿ ਭਵਿੱਖ ਵਿਚ ਸਾਡੇ ਬੱਚਿਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ | ਪਰ ਜੇਕਰ ਅਸੀਂ ਉਨ੍ਹਾਂ ਨੂੰ ਕਿਰਤ ਨਾਲ ਜੋੜਿਆ ਹੋਵੇਗਾ, ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪਾਈ ਹੋਵੇਗੀ, ਤਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ, ਕਿਸੇ ਵੀ ਪ੍ਰਸਥਿਤੀ ਵਿਚ ਅਸਫ਼ਲ ਨਹੀਂ ਹੋਣਗੇ | ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਨਗੇ ਅਤੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਹੀਣ ਨਾ ਸਮਝਦੇ ਹੋਏ ਆਪਣੀ ਰੋਜ਼ੀ-ਰੋਟੀ ਕਮਾ ਸਕਣਗੇ | ਅੱਜ ਜਦੋਂ ਪੰਜਾਬੀ ਨੌਜਵਾਨ ਵੱਡੀ ਪੱਧਰ 'ਤੇ ਪ੍ਰਵਾਸ ਕਰਕੇ ਵਿਦੇਸ਼ਾਂ ਵਿਚ ਜਾਂ ਦੇਸ਼ ਵਿਚ ਹੀ ਘਰ ਤੋਂ ਦੂਰ ਜਾ ਕੇ ਪੜ੍ਹਾਈ ਕਰ ਰਹੇ ਹਨ ਜਾਂ ਨੌਕਰੀ ਕਰ ਰਹੇ ਹਨ ਤਾਂ ਕਿਰਤ ਦੀ ਆਦਤ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ | ਘਰ ਤੋਂ ਦੂਰ ਰਹਿੰਦਿਆਂ ਬੱਚੇ ਨੂੰ ਸਭ ਕੰਮ ਖੁਦ ਕਰਨੇ ਪੈਂਦੇ ਹਨ | ਬਚਪਨ ਤੋਂ ਹੀ ਕਿਰਤ ਨਾਲ ਜੁੜੇ ਬੱਚੇ ਅਜਿਹੇ ਮਾਹੌਲ ਵਿਚ ਆਸਾਨੀ ਨਾਲ ਐਡਜਸਟ ਹੋ ਜਾਂਦੇ ਹਨ ਜਦਕਿ ਕਿਰਤ ਦੀ ਆਦਤ ਨਾ ਰੱਖਣ ਵਾਲੇ ਬੱਚੇ ਬਹੁਤ ਔਖ ਮਹਿਸੂਸ ਕਰਦੇ ਹਨ |
ਬੱਚਿਆਂ ਨੂੰ ਬਚਪਨ ਤੋਂ ਹੀ ਕਿਰਤ ਨਾਲ ਜੋੜਨਾ ਉਨ੍ਹਾਂ ਨੂੰ ਮਾਪਿਆਂ ਵਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਤੋਹਫ਼ਾ ਹੈ | ਇਹ ਤੋਹਫ਼ਾ ਉਨ੍ਹਾਂ ਨੂੰ ਕੇਵਲ ਇਕ ਚੰਗਾ ਵਿਦਿਆਰਥੀ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰ, ਸਵੈ-ਮਾਣ ਵਾਲਾ, ਅਤੇ ਸੰਵੇਦਨਸ਼ੀਲ ਇਨਸਾਨ ਬਣਾਉਂਦਾ ਹੈ | ਆਓ, ਅਸੀਂ ਸਾਰੇ ਮਾਪੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਅਤੇ ਸੁੱਖ-ਸੁਵਿਧਾਵਾਂ ਹੀ ਨਹੀਂ ਦਿਆਂਗੇ, ਸਗੋਂ ਉਨ੍ਹਾਂ ਦੇ ਕੋਮਲ ਹੱਥਾਂ ਨੂੰ ਕਿਰਤ ਦੀ ਸੁੱਚਜੀ ਸਾਂਝ ਵੀ ਬਖ਼ਸ਼ਾਂਗੇ, ਤਾਂ ਜੋ ਉਹ ਭਵਿੱਖ ਵਿਚ ਆਤਮ-ਨਿਰਭਰ ਹੋ ਕੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਅਤੇ ਦੇਸ਼ ਅਤੇ ਸਮਾਜ ਦੀ ਸਹੀ ਅਰਥਾਂ ਵਿਚ ਸੇਵਾ ਕਰ ਸਕਣ |
-ਮੋਬਾਈਲ: 98786-05965