ਸਰਹੱਦੀ ਕਸਬਾ ਅਜਨਾਲਾ ਦੀ ਜੰਮਪਲ ਸ. ਮਸਕੀਨ ਸਿੰਘ ਦੀ ਲਾਡਲੀ ਧੀ ਤੇਜਿੰਦਰ ਕੌਰ ਹੀਰ ਨੇ ਰੰਗਮੰਚ ਤੋਂ ਸ਼ੁਰੂ ਕਰਕੇ ਫ਼ਿਲਮਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ, ਜੋ ਲਗਾਤਾਰ ਜਾਰੀ ਹੈ | ਅਜਨਾਲਾ ਦੇ ਸਰਕਾਰੀ ਹਾਈ ਸਕੂਲ ਤੋਂ ਮੈਟਿ੍ਕ, ਸਰਕਾਰੀ ਕਾਲਜ ਅਜਨਾਲਾ ਤੋਂ ਗ੍ਰੈਜੂਏਸ਼ਨ ਅਤੇ ਅੰਮਿ੍ਤਸਰ ਡੀ.ਏ.ਵੀ. ਕਾਲਜ ਤੋਂ ਬੀ.ਐੱਡ ਕਰਨ ਵਾਲੀ ਤੇਜਿੰਦਰ ਕੌਰ ਹੀਰ ਨੇ ਰੰਗਮੰਚ ਦੀ ਚੇਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਚੌਥੀ ਜਮਾਤ ਵਿਚ ਪੜ੍ਹਦੀ ਸੀ, ਜਦੋਂ ਉਨ੍ਹਾਂ ਦੇ ਪਿੰਡ ਅਜਨਾਲਾ ਦੇ ਗੁਰਦੁਆਰਾ ਸਾਹਿਬ ਵਿਚ 'ਇਹ ਲਹੂ ਕਿਸ ਦਾ ਹੈ' ਨਾਟਕ ਖੇਡਿਆ ਗਿਆ, ਉਹ ਇਸ ਨਾਟਕ ਵਿਚ ਇੰਨਾ ਖੁਭ ਗਈ ਕਿ ਉਸਨੇ ਇਸ ਨਾਟਕ ਦੇ ਬਹੁਤ ਸਾਰੇ ਡਾਇਲਾਗ ਘਰ ਜਾ ਕੇ ਸੁਣਾ ਦਿੱਤੇ, ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਹੈਰਾਨ ਹੋ ਗਏ |

ਸਕੂਲ-ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ 25 ਸਾਲ ਬਤੌਰ ਪੰਜਾਬੀ ਅਧਿਆਪਕਾ ਸੇਵਾਵਾਂ ਨਿਭਾਈਆਂ | ਪਰ ਉਹ ਸਮਾਜ ਵਿਚ ਕੁਝ ਵੱਖਰਾ ਕਰਨਾ ਚਾਹੁੰਦੇ ਸਨ | ਇਹੋ ਕਾਰਨ ਸੀ ਕਿ ਅਧਿਆਪਨ ਦਾ ਕਿੱਤਾ ਛੱਡ ਕੇ 2012 ਵਿਚ ਉਨ੍ਹਾਂ ਪੰਜਾਬ ਨਾਟਸ਼ਾਲਾ ਅੰਮਿ੍ਤਸਰ ਵਿਖੇ ਹਰਦੀਪ ਗਿੱਲ-ਅਨੀਤਾ ਦੇਵਗਨ ਦੀ ਨਿਰਦੇਸ਼ਨਾ ਹੇਠ ਰੰਗ ਮੰਚ ਦੀ ਸ਼ੁਰੂਆਤ ਕੀਤੀ | ਪੰਜਾਬੀ ਦੇ ਬਹੁਤ ਹੀ ਚਰਚਿਤ ਨਾਟਕ 'ਚੰਦਨ ਦੇ ਓਹਲੇ' ਨਿਰਦੇਸ਼ਕ ਹਰਦੀਪ ਗਿੱਲ, 'ਚੰਦਰੀ ਨੇ ਪੱਟ ਸੁੱਟਿਆ' ਨਿਰਦੇਸ਼ਕ ਮੁਕੇਸ਼ ਕੁੰਦਰਾ ਅਤੇ ਬਲਵੰਤ ਗਾਰਗੀ ਦੇ ਲਿਖੇ 'ਲੋਹਾ ਕੁੱਟ' ਵਿਚ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਉਨ੍ਹਾਂ ਨੇ ਇਨ੍ਹਾਂ ਨਾਟਕਾਂ ਦੇ ਅਨੇਕਾਂ ਸ਼ੋਅ ਕੀਤੇ ਅਤੇ ਅਦਾਕਾਰੀ ਦੇ ਖੇਤਰ ਵਿਚ ਆਪਣੀ ਧਾਕ ਜਮਾਈ |
ਬਹੁਤ ਸਾਰੀਆਂ ਛੋਟੀਆਂ ਫ਼ਿਲਮਾਂ ਵਿਚ ਉਨ੍ਹਾਂ ਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਵਿਚੋਂ ਐਵਾਰਡ ਜੇਤੂ ਫ਼ਿਲਮ 'ਲਵ ਯੂ ਪਾਪਾ' ਵੀ ਸ਼ਾਮਿਲ ਹੈ | ਫ਼ੀਚਰ ਫ਼ਿਲਮਾਂ 'ਦੁੱਲਾ ਭੱਟੀ' ਵਿਚ ਉਨ੍ਹਾਂ ਬੀਨੂੰ ਢਿੱਲੋਂ ਦੀ ਮਾਸੀ, 'ਤੂੰ ਮੇਰਾ ਕੀ ਲੱਗਦਾ' ਵਿਚ ਫ਼ਿਲਮ ਦੇ ਹੀਰੋ ਹਰਜੀਤ ਹਰਮਨ ਦੀ ਭੂਆ, 'ਸਾਕਾ ਨਨਕਾਣਾ' ਵਿਚ ਵੀ ਉਨ੍ਹਾਂ ਹੀਰੋ ਦੀ ਮਾਂ, ਹਿੰਦੀ ਫ਼ਿਲਮ 'ਐਨੀਮਲ' 'ਚ ਉਨ੍ਹਾਂ ਰਣਬੀਰ ਕਪੂਰ ਦੀ ਤਾਈ ਅਤੇ ਜਲਦ ਆ ਰਹੀ ਧਾਰਮਿਕ ਫ਼ਿਲਮ 'ਫ਼ੜ ਲੈ ਵਾਹਿਗੁਰੂ ਦਾ ਪੱਲਾ' 'ਚ ਉਨ੍ਹਾਂ ਹੀਰੋਇਨ ਰੌਸ਼ਨੀ ਸਹੋਤਾ ਦੀ ਮਾਂ ਦਾ ਭਾਵਪੂਰਤ ਰੋਲ ਅਦਾ ਕੀਤਾ ਹੈ | ਇਸੇ ਤਰ੍ਹਾਂ ਪੰਜਾਬੀ ਫ਼ਿਲਮ 'ਯਾਰਾਂ ਦੇ ਯਾਰ', 'ਚੰਨ ਤਾਰਾ' ਅਤੇ 'ਖਾਨਦਾਨੀ ਸਫਾਖਾਨਾ' ਵਿਚ ਵੀ ਉਨ੍ਹਾਂ ਦੇ ਕਿਰਦਾਰ ਨੂੰ ਸਲਾਹਿਆ ਗਿਆ ਹੈ | ਦੂਰਦਰਸ਼ਨ ਦੇ ਚਰਚਿਤ ਕਾਮੇਡੀ ਸ਼ੋਅ 'ਤੇਰੀ ਮੇਰੀ ਤੂੰ ਤੂੰ ਮੈਂ ਮੈਂ' ਰਾਹੀਂ ਵੀ ਉਨ੍ਹਾਂ ਜਿੱਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ, ਉਥੇ ਕਾਮੇਡੀ ਕਲਾਕਾਰ ਵਜੋਂ ਵੀ ਆਪਣੀ ਪਛਾਣ ਬਣਾਈ ਹੈ | ਦੂਰਦਰਸ਼ਨ ਦੇ ਪ੍ਰੋਗਰਾਮ 'ਬੋਧ ਕਥਾ' ਪ੍ਰੋਗਰਾਮ ਰਾਹੀਂ ਵੀ ਉਹ ਛੋਟੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਰਹੇ ਹਨ |
ਇੱਥੇ ਹੀ ਬੱਸ ਨਹੀਂ ਪੰਜਾਬੀ ਫ਼ਿਲਮ 'ਮੇਰਾ ਵੱਸਦਾ ਰਹੇ ਪੰਜਾਬ' ਦੀ ਕਹਾਣੀ ਵੀ ਉਨ੍ਹਾਂ ਨੇ ਲਿਖੀ ਹੈ | ਇਸ ਤੋਂ ਇਲਾਵਾ ਕਾਮੇਡੀ ਅਤੇ ਬਿਰਧ ਘਰ ਫ਼ਿਲਮਾਂ ਵੀ ਉਨ੍ਹਾਂ ਨੇ ਲਿਖੀਆਂ ਹਨ, ਜਿਨ੍ਹਾਂ 'ਤੇ ਕੰਮ ਹੋਣਾ ਅਜੇ ਬਾਕੀ ਹੈ | ਇਸ ਖੇਤਰ ਵਿਚ ਉਨ੍ਹਾਂ ਨੂੰ ਆਪਣੇ ਪਤੀ ਮਰਹੂਮ ਡਾ. ਜੋਗਿੰਦਰ ਸਿੰਘ ਦਾ ਪੂਰਾ ਸਹਿਯੋਗ ਮਿਲਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਦਾ ਵਿਦੇਸ਼ ਵਿਚ ਰਹਿ ਰਿਹਾ ਪੁੱਤਰ ਸਾਜਨਪ੍ਰੀਤ ਵੀ ਆਪਣੀ ਮਾਂ ਦੀ ਅਦਾਕਾਰੀ ਤੋਂ ਜਿੱਥੇ ਖੁਸ਼ ਹੈ, ਉੱਥੇ ਮਾਣ ਵੀ ਮਹਿਸੂਸ ਕਰਦਾ ਹੈ | ਭਵਿੱਖ ਵਿਚ ਉਹ ਚੰਗੀਆਂ ਫ਼ਿਲਮਾਂ ਕਰਨ ਦੀ ਤਮੰਨਾ ਰੱਖਣ ਦੇ ਨਾਲ-ਨਾਲ ਆਪ ਵੀ ਫ਼ਿਲਮ ਪ੍ਰੋਡਿਊਸਰ ਬਣਨ ਦਾ ਸੁਪਨਾ ਸੰਜੋਈ ਬੈਠੀ ਹੈ | ਉਮੀਦ ਹੈ ਤੇਜਿੰਦਰ ਕੌਰ ਹੀਰ ਆਪਣੇ ਸੁਪਨੇ ਸਾਕਾਰ ਕਰੇਗੀ |
-ਪ੍ਰਤੀਨਿਧ ਰਾਮ ਤੀਰਥ, ਪਿੰਡ ਤੇ ਡਾਕਖਾਨਾ ਕੋਹਾਲੀ, ਰਾਮ ਤੀਰਥ ਰੋਡ ਅੰਮਿ੍ਤਸਰ | ਮੋਬਾਈਲ : 98152-82283