27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਐਲਬਰਟ ਆਈਨਸਟਾਈਨ ਦੀ ਸੂਝਬੂਝ ਨੂੰ ਪ੍ਰਗਟਾਉਂਦਾ ਇਕ ਰੌਚਕ ਪ੍ਰਸੰਗ

ਐਲਬਰਟ ਆਈਨਸਟਾਈਨ ਦੀ ਸੂਝਬੂਝ ਨੂੰ ਪ੍ਰਗਟਾਉਂਦਾ ਇਕ ਰੌਚਕ ਪ੍ਰਸੰਗ

ਅਜੀਤ ਡੈਸਕ 28-11-2026

ਐਲਬਰਟ ਆਈਨਸਟਾਈਨ ਕੇਵਲ ਇਕ ਵਿਗਿਆਨਕ ਹੀ ਨਹੀਂ ਸਗੋਂ ਤੀਖਣ ਬੁੱਧੀ ਵਾਲੇ,  ਸੂਝਬੂਝ ਰੱਖਣ ਵਾਲੇ ਤੇ ਜ਼ਿੰਦਗੀ 'ਚ ਗ਼ਲਤੀਆਂ ਅਤੇ ਅਸਫਲਤਾਵਾਂ ਤੋਂ ਵੀ ਸਬਕ ਸਿੱਖਣ ਵਾਲੇ ਇਨਸਾਨ ਸਨ | ਉਨ੍ਹਾਂ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਜੁੜੇ ਪ੍ਰੇਰਕ ਪ੍ਰਸੰਗਾਂ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ  ਮਿਲਦਾ ਹੈ |

ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇਕ ਘਟਨਾ ਇਹ ਸਿਖਾਉਂਦੀ ਹੈ ਕਿ ਗ਼ਲਤੀਆਂ ਵੀ ਉਹੀ ਲੋਕ ਕਰਦੇ ਹਨ ਜਿਹੜੇ ਤਰੱਕੀ ਦੇ ਰਾਹ ਉੱਤੇ ਅੱਗੇ ਵਧਦੇ ਰਹਿਣ ਦੇ ਚਾਹਵਾਨ ਹੁੰਦੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੰਸਾਰ ਵਿਚ ਕੋਈ ਅਜਿਹਾ ਇਨਸਾਨ ਨਹੀਂ ਜਿਸ ਤੋਂ ਕੁਝ ਨਾ ਕੁਝ ਕਰਦਿਆਂ ਕੋਈ ਗ਼ਲਤੀ ਨਾ ਹੋਈ ਹੋਵੇ | ਗ਼ਲਤੀਆਂ ਕੇਵਲ ਉਨ੍ਹਾਂ ਵਿਹਲੜ ਲੋਕਾਂ ਤੋਂ ਹੀ ਨਹੀਂ ਹੁੰਦੀਆਂ ਜਿਹੜੇ ਕੁਝ ਨਹੀਂ ਕਰਦੇ | ਗ਼ਲਤੀਆਂ ਉਨ੍ਹਾਂ ਲੋਕਾਂ ਨੂੰ  ਹੀ ਡਰਾਉਂਦੀਆਂ ਹਨ ਜੋ ਉਨ੍ਹਾਂ ਤੋਂ ਹਾਰ ਮੰਨ ਜਾਂਦੇ ਹਨ | ਦਿ੍ੜ ਸੰਕਲਪ ਵਾਲੇ, ਹੌਂਸਲੇ ਵਾਲੇ ਅਤੇ ਮਜ਼ਬੂਤ ਅਕੀਦੇ ਵਾਲੇ ਲੋਕ ਤਾਂ ਗ਼ਲਤੀਆਂ ਨੂੰ  ਇਕ ਪੈੜ ਬਣਾ ਕੇ ਅੱਗੇ ਵਧਣ ਦਾ ਰਾਹ ਤਿਆਰ ਕਰ ਲੈਂਦੇ ਹਨ | ਇਕ ਵਾਰ ਐਲਬਰਟ ਆਈਨਸਟਾਈਨ ਬੱਚਿਆਂ ਦੀ ਇਕ ਜਮਾਤ ਵਿਚ ਗਣਿਤ ਦਾ ਵਿਸ਼ਾ ਪੜ੍ਹਾ ਰਹੇ ਸਨ | ਉਹ ਪੜ੍ਹਾਉਂਦੇ-ਪੜ੍ਹਾਉਂਦੇ ਬੱਚਿਆਂ ਦੇ ਪੂਰਵ ਗਿਆਨ ਦੀ ਪਰਖ ਕਰਨ ਲਈ ਉਨ੍ਹਾਂ ਨੂੰ  ਗਣਿਤ ਨਾਲ ਸੰਬੰਧਿਤ ਸਵਾਲ ਪੁੱਛ ਰਹੇ ਸਨ | ਉਨ੍ਹਾਂ ਨੂੰ  ਇਹ ਮਹਿਸੂਸ ਹੋ ਰਿਹਾ ਸੀ ਕਿ ਜਿਹੜੇ ਬੱਚੇ ਉਨ੍ਹਾਂ ਦੇ ਸਵਾਲਾਂ ਦਾ ਠੀਕ ਜਵਾਬ ਨਹੀਂ ਦੇ ਪਾ ਰਹੇ ਸਨ, ਉਹ ਮਾਯੂਸ ਹੋ ਕੇ ਗਣਿਤ ਪੜ੍ਹਨ ਵਿਚ ਘੱਟ ਰੁਚੀ ਵਿਖਾ ਰਹੇ ਸਨ | 
ਆਪਣੇ ਗ਼ਲਤ ਜਵਾਬ ਤੋਂ ਮਾਯੂਸ ਹੋ ਕੇ ਗਣਿਤ ਦੀ ਪੜ੍ਹਾਈ ਵਿਚ ਘੱਟ ਰੁਚੀ ਵਿਖਾਉਣ ਵਾਲੇ ਬੱਚਿਆਂ ਨੂੰ  ਵੇਖ ਕੇ ਐਲਬਰਟ ਆਈਨਸਟਾਈਨ ਨੂੰ  ਇਕ ਫੁਰਨਾ ਫੁਰਿਆ | ਉਨ੍ਹਾਂ ਨੇ ਬੋਰਡ ਉੱਤੇ 9 ਦਾ ਪਹਾੜਾ ਲਿਖਣਾ ਸ਼ੁਰੂ ਕਰ ਦਿੱਤਾ | ਉਹ 9&1=9, 9&2=18, 9&3 =27, 9&4=36, 9&5=45, 9&6=54, 9&7=63, 9&8=72, 9&9=81ਤੱਕ ਠੀਕ ਲਿਖਦੇ ਰਹੇ ਪਰ ਉਨ੍ਹਾਂ ਨੇ 9&10=90 ਦੀ ਬਜਾਏ 91 ਲਿਖ ਦਿੱਤਾ | 90 ਦੀ ਥਾਂ ਉੱਤੇ 91 ਲਿਖਿਆ ਵੇਖ ਜਮਾਤ ਦੇ ਸਾਰੇ ਬੱਚੇ ਆਪਸ ਵਿਚ ਘੁਸਰ ਮੁਸਰ ਕਰਦੇ ਹੋਏ ਹੱਸ ਪਏ | ਬੱਚਿਆਂ ਨੂੰ  ਹੱਸਦੇ ਹੋਏ ਵੇਖ ਕੇ ਐਲਬਰਟ ਆਈਨਸਟਾਈਨ ਨੇ ਬੱਚਿਆਂ ਨੂੰ  ਸਵਾਲ ਕੀਤਾ, ਬੱਚਿਓ, ਤੁਸੀਂ ਕਿਉਂ ਹੱਸ ਰਹੇ ਹੋ? ਬੱਚਿਆਂ ਨੇ ਬੋਰਡ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਸਰ, 9&10 =91 ਨਹੀਂ ਸਗੋਂ 90 ਹੁੰਦੇ ਹਨ, ਤੁਸੀਂ ਬੋਰਡ ਉੱਤੇ ਗ਼ਲਤ ਲਿਖਿਆ ਹੈ | ਐਲਬਰਟ ਆਈਨਸਟਾਈਨ ਨੇ ਅੱਗੋਂ ਕਿਹਾ, ਬੱਚਿਓ, ਤੁਸੀਂ ਬਿਲਕੁੱਲ ਠੀਕ ਹੋ, 9&10=91 ਨਹੀਂ 90 ਹੀ ਹੁੰਦੇ ਹਨ ਪਰ ਤੁਹਾਨੂੰ ਮੇਰਾ ਸਵਾਲ ਹੈ ਕਿ ਮੈਂ ਆਪਣੀ ਇਸ ਗ਼ਲਤੀ ਤੋਂ ਡਰਕੇ ਗਣਿਤ ਪੜ੍ਹਾਉਣਾ ਛੱਡ ਦਿਆਂ? ਬੱਚਿਆਂ ਦਾ ਜਵਾਬ ਸੀ, ਨਹੀਂ ਸਰ, ਤੁਹਾਨੂੰ ਆਪਣੀ ਗ਼ਲਤੀ ਸੁਧਾਰ ਲੈਣੀ ਚਾਹੀਦੀ ਹੈ | ਐਲਬਰਟ ਆਈਨਸਟਾਈਨ ਨੇ ਅੱਗੋਂ ਕਿਹਾ, ਸ਼ਾਬਾਸ਼ ਬੱਚਿਓ, ਗ਼ਲਤੀਆਂ ਉਨ੍ਹਾਂ ਤੋਂ ਹੀ ਹੁੰਦੀਆਂ ਹਨ, ਜੋ ਕੁਝ ਕਰਦੇ ਹਨ, ਜਿਹੜੇ ਕੁਝ ਕਰਦੇ ਹੀ ਨਹੀਂ, ਉਨ੍ਹਾਂ ਤੋਂ ਗ਼ਲਤੀਆਂ ਵੀ ਕੀ ਹੋਣਗੀਆਂ | ਗ਼ਲਤੀਆਂ ਤੋਂ ਹੀ ਮਨੁੱਖ ਦੀ ਸ਼ਖ਼ਸੀਅਤ 'ਚ ਸੁਧਾਰ 'ਤੇ ਨਿਖਾਰ ਆਉਂਦਾ ਹੈ | ਤੁਹਾਡੇ ਵਿਚੋਂ ਕੁਝ ਬੱਚਿਆਂ ਨੇ ਗ਼ਲਤ ਜਵਾਬ ਦੇਣ ਕਾਰਨ ਗਣਿਤ ਵਿਚ ਰੁਚੀ ਲੈਣੀ ਘਟਾ ਦਿੱਤੀ ਸੀ ਜੋ ਠੀਕ ਨਹੀਂ ਹੈ | ਬੱਚੇ ਐਲਬਰਟ ਆਈਨਸਟਾਈਨ ਦੀਆਂ ਪ੍ਰੇਰਨਾ ਭਰਪੂਰ ਗੱਲਾਂ ਸੁਣਕੇ ਬਹੁਤ ਪ੍ਰਭਾਵਿਤ ਹੋਏ | 

-ਮੋਬਾਈਲ : 98726 27136

ਪਿਛਲੀ ਖ਼ਬਰ ਦੇਸ਼ ਵਿਚ ਸਿਹਤ ਸੇਵਾਵਾਂ ਦੀ ਸਥਿਤੀ ਅਗਲੀ ਖ਼ਬਰ ਵਿਸ਼ਵ ਪ੍ਰਸਿੱਧ ਖਿਡਾਰੀਆਂ ਦੇ ਪ੍ਰੇਰਨਾਦਾਇਕ ਕਿੱਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।