28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਫੇਫੜਿਆਂ ਲਈ ਬਿਹਤਰ ਹੈ ਇਲਾਇਚੀ

ਫੇਫੜਿਆਂ ਲਈ ਬਿਹਤਰ ਹੈ ਇਲਾਇਚੀ

ਅਜੀਤ ਡੈਸਕ 28-08-2026

 

ਇਲਾਇਚੀ ਨੂੰ  ਇਕ ਲਾਭਕਾਰੀ ਮਸਾਲਾ ਮੰਨਿਆ ਜਾਂਦਾ ਹੈ | ਹਰ ਘਰ ਵਿਚ ਛੋਟੀ ਇਲਾਇਚੀ ਨੂੰ  ਕਿਸੇ ਨਾ ਕਿਸੇ ਰੂਪ ਵਿਚ ਵਰਤਿਆ ਜਾਂਦਾ ਹੈ | ਇਸ ਦੀ ਸੁਗੰਧ ਤੇਜ਼ ਹੁੰਦੀ ਹੈ | ਇਸ ਨੂੰ  ਮੂੰਹ ਸ਼ੁੱਧੀ ਲਈ ਵਰਤਿਆ ਜਾਂਦਾ ਹੈ |
ਇਸ ਦੀ ਵਰਤੋਂ ਕਰਨ ਨਾਲ ਚਾਹ ਤੇ ਪਕਵਾਨਾਂ ਵਿਚੋਂ ਬਹੁਤ ਚੰਗੀ ਸੁਗੰਧ ਆਉਂਦੀ ਹੈ ਅਤੇ ਕਈ ਮਿੱਠੇ ਤੇ ਨਮਕੀਨ ਪਕਵਾਨਾਂ ਵਿਚ ਵੀ ਵਰਤਿਆ ਜਾ ਸਕਦਾ ਹੈ, ਇਸ ਲਈ ਇਸ ਨੂੰ  ਇਕ ਮਸਾਲੇ ਦੇ ਰੂਪ ਵਿਚ ਹਰਮਨਪਿਆਰਾ ਸਮਝਿਆ ਜਾਂਦਾ ਹੈ ਪਰ ਇਸ ਦੇ ਸਿਹਤ ਲਈ ਲਾਭਾਂ ਦੇ ਵਿਸ਼ੇ ਵਿਚ ਲੋਕਾਂ ਨੂੰ  ਜ਼ਿਆਦਾ ਜਾਣਕਾਰੀ ਨਹੀਂ ਹੈ |
ਇਲਾਇਚੀ ਦੀ ਵਰਤੋਂ ਨਾਲ ਫੇਫੜਿਆਂ ਦੀ ਸਿਹਤ ਬਿਹਤਰ ਹੁੰਦੀ ਹੈ | ਪ੍ਰਦੂਸ਼ਣ ਵਾਲੇ ਖੇਤਰਾਂ ਵਿਚ ਇਸ ਦੀ ਲਗਾਤਾਰ ਵਰਤੋਂ ਫੇਫੜਿਆਂ ਨੂੰ  ਸਿਹਤਮੰਦ ਬਣਾਈ ਰੱਖਦੀ ਹੈ | ਜ਼ਿਆਦਾ ਪ੍ਰਦੂਸ਼ਣ ਨਾਲ ਸਾਡੀ ਸਾਹ ਪ੍ਰਣਾਲੀ ਦੀ ਲਾਈਨਿੰਗ ਵਿਚ ਸੋਜ ਆ ਸਕਦੀ ਹੈ | ਇਲਾਇਚੀ ਦੀ ਵਰਤੋਂ ਨਾਲ ਨਾ ਸਿਰਫ਼ ਆਰਾਮ ਮਿਲਦਾ ਹੈ, ਸਗੋਂ ਸੋਜ ਵੀ ਖ਼ਤਮ ਹੁੰਦੀ ਹੈ | ਇਲਾਇਚੀ ਵਿਚ ਕਾਫ਼ੀ ਮਾਤਰਾ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਹ ਦੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ | ਇਸ ਤੋਂ ਇਲਾਵਾ ਇਸ ਵਿਚ ਮੈਗਨੀਜ਼ ਵੀ ਹੁੰਦਾ ਹੈ, ਜੋ ਸਰੀਰ ਨੂੰ  ਡੀਟਾਕਸ ਕਰਨ ਵਿਚ ਸਹਾਇਤਾ ਕਰਦਾ ਹੈ |
ਗਲੇ ਵਿਚ ਰੇਸ਼ਾ ਅਤੇ ਬਲਗਮ ਜ਼ਿਆਦਾ ਹੋਣ 'ਤੇ ਸਾਹ ਲੈਣ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਗਲੇ ਵਿਚ ਬੈਕਟੀਰੀਆ ਅਤੇ ਵਾਇਰਸ ਪੈਦਾ ਹੋਣ ਲਗਦੇ ਹਨ | ਇਲਾਇਚੀ ਵਿਚ ਸਿਨੋਲੇ ਨਾਂਅ ਦਾ ਤੱਤ ਹੁੰਦਾ ਹੈ, ਜਿਸ ਵਿਚ ਐਂਟੀਸੈਪਟਿਕ ਗੁਣ ਹੁੰਦੇ ਹਨ ਅਤੇ ਜੋ ਇਸ ਤਰ੍ਹਾਂ ਦੇ ਬੈਕਟੀਰੀਆ ਨੂੰ  ਖ਼ਤਮ ਕਰਦਾ ਹੈ, ਜੋ ਸਾਡੇ ਫੇਫੜਿਆਂ 'ਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਪ੍ਰਭਾਵ ਪਾਉਂਦੇ ਹਨ | ਇਹ ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ  ਦਮਾ, ਨਿਮੋਨੀਆ ਜਾਂ ਸਾਹ ਰੁਕਣ ਦੀ ਸ਼ਿਕਾਇਤ ਹੁੰਦੀ ਹੈ |
ਇਸ ਦੀ ਵਰਤੋਂ ਕਿਸ ਤਰ੍ਹਾਂ ਕਰੀਏ : 
-ਇਲਾਇਚੀ ਨੂੰ  ਪੀਹ ਕੇ ਅਦਰਕ ਦੇ ਨਾਲ ਪਾਣੀ ਵਿਚ ਉਬਾਲ ਕੇ ਕਾੜ੍ਹੇ ਦੇ ਰੂਪ ਵਿਚ ਪੀਤਾ ਜਾ ਸਕਦਾ ਹੈ, ਜੋ ਸਾਡੇ ਲੀਵਰ, ਫੇਫੜਿਆਂ ਅਤੇ ਗੁਰਦਿਆਂ ਦੀ ਸਫ਼ਾਈ ਕਰ ਦਿੰਦਾ ਹੈ |
-ਚਾਹ ਬਣਾਉਂਦੇ ਸਮੇਂ ਇਕ ਦੋ ਇਲਾਇਚੀਆਂ ਪਾਣੀ ਉਬਾਲਦੇ ਸਮੇਂ ਪਾਈਆਂ ਜਾ ਸਕਦੀਆਂ ਹਨ | ਪੀਸੀ ਹੋਈ ਇਲਾਇਚੀ ਨੂੰ  ਸਮੂਦੀ, ਤੜਕੇ ਅਤੇ ਲੱਡੂ ਆਦਿ ਵਿਚ ਪਾਇਆ ਜਾ ਸਕਦਾ ਹੈ | ਕੌਫ਼ੀ ਬਣਾਉਂਦੇ ਸਮੇਂ ਵੀ ਇਲਾਇਚੀ ਪਾਊਡਰ ਪਾਇਆ ਜਾ ਸਕਦਾ ਹੈ, ਇਸ ਨਾਲ ਕੌਫ਼ੀ ਦਾ ਐਸਿਡਿਕ ਪ੍ਰਭਾਵ ਘੱਟ ਹੋਵੇਗਾ | ਜੇਕਰ ਕੁਝ ਹੋਰ ਸੰਭਵ ਨਾ ਹੋਵੇ ਤਾਂ ਇਕ-ਦੋ ਇਲਾਇਚੀਆਂ ਮੂੰਹ ਵਿਚ ਰੱਖ ਕੇ ਚੂਸੀਆਂ ਜਾ ਸਕਦੀਆਂ ਹਨ |
ਸਾਵਧਾਨੀਆਂ : ਕੁਝ ਲੋਕਾਂ ਨੂੰ  ਇਲਾਇਚੀਆਂ ਤੋਂ ਐਲਰਜੀ ਹੁੰਦੀ ਹੈ | ਸ਼ੁਰੂ ਵਿਚ ਹੀ ਬਹੁਤ ਘੱਟ ਮਾਤਰਾ ਵਿਚ ਵਰਤੋਂ ਕਰੋ ਅਤੇ ਕੋਈ ਤਕਲੀਫ਼ ਹੋਣ 'ਤੇ ਲੈਣਾ ਬੰਦ ਕਰ ਦਿਓ, ਜਿਨ੍ਹਾਂ ਨੂੰ  ਗਾਲ ਬਲੈਡਰ ਦੀ ਪੱਥਰੀ ਹੋਵੇ, ਉਨ੍ਹਾਂ ਨੂੰ  ਵੀ ਡਾਕਟਰ ਤੋਂ ਪੁੱਛ ਕੇ ਇਲਾਇਚੀ ਖਾਣੀ ਚਾਹੀਦੀ ਹੈ | ਕੋਈ ਵੀ ਮਸਾਲਾ ਜ਼ਿਆਦਾ ਮਾਤਰਾ ਵਿਚ ਖਾਣਾ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਇਕ ਸਮੇਂ ਵਿਚ ਇਕ-ਦੋ ਇਲਾਇਚੀਆਂ ਤੋਂ ਜ਼ਿਆਦਾ ਨਾ ਖਾਓ |

ਪਿਛਲੀ ਖ਼ਬਰ ਭਾਰ ਇੰਝ ਘਟਾਓ ਕਿ ਫਿਰ ਵਧੇ ਨਾ ਅਗਲੀ ਖ਼ਬਰ ਹਾਸਾ ਘਟਾਵੇ ਦਿਮਾਗ਼ ਦਾ ਬੋਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।