11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਵਾਦ ਦਾ ਫੰਦਾ, ਦਵਾਈਆਂ ਦੀ ਬੈਸਾਖੀ ਅਤੇ ਛਲਾਵਾ ਬਣਦੀ ਸਿਹਤ

ਸਵਾਦ ਦਾ ਫੰਦਾ, ਦਵਾਈਆਂ ਦੀ ਬੈਸਾਖੀ ਅਤੇ ਛਲਾਵਾ ਬਣਦੀ ਸਿਹਤ

ਅਜੀਤ ਡੈਸਕ 11-09-2026

 

ਅੱਜਕਲ੍ਹ ਜੇਕਰ ਸ਼ਾਮ ਸਮੇਂ ਕਿਸੇ ਵੀ ਸ਼ਹਿਰ ਜਾਂ ਕਸਬੇ ਦੀ ਚੌਪਾਟੀ, ਚੌਰਾਹੇ ਜਾਂ ਰੇੜ੍ਹੀਆਂ ਦੇ ਆਲੇ-ਦੁਆਲੇ ਨਜ਼ਰ ਦੌੜਾਈ ਜਾਵੇ ਤਾਂ ਉਥੇ ਬੇਕਾਬੂ ਭੀੜ ਕਿਸੇ ਉਤਸਵ ਦਾ ਭਰਮ ਪੈਦਾ ਕਰਦੀ ਹੈ | ਪਰ ਜ਼ਰਾ ਠਹਿਰ ਕੇ ਸੋਚੋ, ਕੀ ਇਹ ਵਾਕਈ ਜ਼ਿੰਦਗੀ ਦਾ ਜਸ਼ਨ ਹੈ? ਜਾਂ ਫਿਰ ਅਸੀਂ ਜਾਣੇ-ਅਣਜਾਣੇ ਵਿਚ ਆਪਣੀ ਹੀ ਸਿਹਤ ਦੀ ਬਲੀ ਚੜ੍ਹਾਉਣ ਲਈ ਲਾਈਨ ਵਿਚ ਖੜ੍ਹੇ ਹਾਂ?
ਜਿਸ ਭੋਜਨ ਨੂੰ  ਲੋਕ 'ਜੀਭ ਦੇ ਸਵਾਦ' ਅਤੇ 'ਲਾਈਫ਼ ਕਾ ਇੰਜਾਏਮੈਂਟ' ਮੰਨ ਕੇ ਗਲੇ ਤੱਕ ਤੁੰਨ ਰਹੇ ਹਨ, ਉਹ ਅਸਲ ਵਿਚ ਬਿਮਾਰੀਆਂ ਦਾ ਹੌਲੀ-ਹੌਲੀ ਚੜ੍ਹਨ ਵਾਲਾ ਜ਼ਹਿਰ ਹੈ | ਅੱਜ ਸਮਾਜ ਦਾ ਇਕ ਵੱਡਾ ਵਰਗ ਸਿਹਤ ਪ੍ਰਤੀ ਸਿਰੇ ਦਾ ਲਾਪ੍ਰਵਾਹ ਹੋ ਚੁੱਕਾ ਹੈ | ਖਾਣੇ ਲਾਇਕ ਕੀ ਹੈ ਅਤੇ ਕੀ ਨਹੀਂ, ਇਸ ਦਾ ਫਰਕ ਖ਼ਤਮ ਹੁੰਦਾ ਜਾ ਰਿਹਾ ਹੈ | ਨਤੀਜਾ ਛੋਟੀ ਉਮਰ ਵਿਚ ਹੀ ਅਣਗਿਣਤ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਲੋਕ |
'ਖਾਓ-ਪੀਓ, ਮੌਜ ਕਰੋ' - ਇਕ ਆਤਮਘਾਤੀ ਸੋਚ : ਅੱਜ ਚਾਰੇ ਪਾਸੇ ਇਕ ਬੇਹੱਦ ਖ਼ਤਰਨਾਕ ਅਤੇ ਖੋਖਲੀ ਮਾਨਸਿਕਤਾ ਪੈਰ ਪਸਾਰ ਚੁੱਕੀ ਹੈ : 'ਦੁਨੀਆ ਵਿਚ ਆਏ ਹੋ ਤਾਂ ਖਾ-ਪੀ ਕੇ ਜਾਵਾਂਗੇ, ਜ਼ਿੰਦਗੀ ਵਿਚ ਹੋਰ ਰੱਖਿਆ ਹੀ ਕੀ ਹੈ?' ਜਾਂ ਫਿਰ 'ਓਹ! ਬਿਮਾਰ ਹੋਵਾਂਗੇ ਤਾਂ ਡਾਕਟਰ ਅਤੇ ਦਵਾਈਆਂ ਕਿਸ ਦਿਨ ਕੰਮ ਆਉਣਗੀਆਂ?'
ਦਵਾਈ ਖਾ ਕੇ ਸਭ ਠੀਕ ਕਰ ਲੈਣ ਦਾ ਇਹ ਭਰਮ ਇਨਸਾਨ ਨੂੰ  ਅੰਦਰ ਹੀ ਅੰਦਰ ਸਿਉਂਕ ਦੀ ਤਰ੍ਹਾਂ ਖਾ ਰਿਹਾ ਹੈ | ਇਹ ਸੋਚ ਨਾ ਸਿਰਫ਼ ਗੰਦੀ ਹੈ, ਸਗੋਂ ਆਤਮਘਾਤੀ ਵੀ ਹੈ | ਲੋਕ ਭੁੱਲ ਰਹੇ ਹਨ ਕਿ ਗੋਲੀਆਂ ਅਤੇ ਕੈਪਸੂਲ ਸਰੀਰ ਨੂੰ  ਸਿਰਫ਼ ਕਿਸੇ ਤਰ੍ਹਾਂ ਚੱਲਣ ਲਾਇਕ ਹੀ ਬਣਾ ਸਕਦੇ ਹਨ, ਉਹ ਕੁਦਰਤੀ ਸਿਹਤ ਦਾ ਬਦਲ ਕਦੀ ਨਹੀਂ ਹੋ ਸਕਦਾ |
ਸਵਾਦ ਨਾਲ ਬਿਮਾਰੀਆਂ ਨੂੰ  ਸੱਦਾ : ਚੌਪਾਟੀਆਂ ਅਤੇ ਰੇੜ੍ਹੀਆਂ 'ਤੇ ਵਾਰ-ਵਾਰ ਉਬਾਲਿਆ ਗਿਆ ਤੇਲ ਜ਼ਿਆਦਾ ਮਿਰਚ-ਮਸਾਲੇ ਅਤੇ ਬੇਹੀ ਸਮੱਗਰੀ ਨਾਲ ਬਣੇ ਪਕਵਾਨ ਸਵਾਦ ਗ੍ਰੰਥੀਆਂ ਨੂੰ  ਤਿ੍ਪਤ ਕਰਦੇ ਹਨ, ਪਰ ਅੰਦਰ ਜਾ ਕੇ ਸਾਡੀਆਂ ਅੰਤੜੀਆਂ, ਲਿਵਰ ਅਤੇ ਦਿਲ 'ਤੇ ਭਿਆਨਕ ਹਮਲਾ ਕਰਦੇ ਹਨ | ਅੱਜ ਛੋਟੀ-ਛੋਟੀ  ਉਮਰ ਵਿਚ ਐਸਿਡੀਟੀ, ਫੈਟੀ ਲਿਵਰ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਇਥੋਂ ਤੱਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਗ੍ਰਾਫ਼ ਜਿਸ ਤੇਜ਼ੀ ਨਾਲ ਉੱਪਰ ਚੜ੍ਹ ਰਿਹਾ ਹੈ, ਉਸ ਦਾ ਇਕ ਵੱਡਾ ਕਾਰਨ ਇਹੀ ਬੇਲਗਾਮ ਖਾਣ-ਪੀਣ ਹੈ |
ਜਦੋਂ ਜੀਭ ਦੇ ਕੁਝ ਸੈਕਿੰਡ ਦੇ ਸਵਾਦ ਨੂੰ  ਜ਼ਿੰਦਗੀ ਦੀ ਕੀਮਤ ਤੋਂ ਵੱਡਾ ਮੰਨ ਲਿਆ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਮਾਜ ਮਾਨਸਿਕ ਰੂਪ ਵਿਚ ਵੀ ਸਿਹਤ ਪ੍ਰਤੀ ਦਿਵਾਲੀਆ ਹੋ ਚੁੱਕਾ ਹੈ |
ਅਨੰਦ ਦਾ ਝੂਠਾ ਮੁਖੌਟਾ : ਕੀ ਵਾਕਈ ਬਾਜ਼ਾਰੂ ਭੋਜਨ ਵਿਚ ਹੀ ਜ਼ਿੰਦਗੀ ਦਾ ਅਨੰਦ ਲੁਕਿਆ ਹੋਇਆ ਹੈ? ਕੀ ਹਸਪਤਾਲ ਦੇ ਚੱਕਰ ਕੱਟਣਾ, ਆਈ.ਸੀ.ਯੂ. ਦੇ ਬਿੱਲ ਭਰਨਾ ਅਤੇ ਸਾਰੀ ਉਮਰ ਗੋਲੀਆਂ 'ਤੇ ਨਿਰਭਰ ਰਹਿਣਾ, 'ਲਾਈਫ਼ ਨੂੰ  ਇਨਜੁਆਏ' ਕਰਨਾ ਹੈ?
ਅਸਲੀ ਅਨੰਦ ਸਰੀਰ ਦੇ ਸਿਹਤ ਅਤੇ ਊਰਜਾਵਾਨ ਹੋਣ ਵਿਚ ਹੈ, ਨਾ ਕਿ ਜੀਭ ਨੂੰ  ਚਟਕਾਰੇ ਦੇ ਕੇ ਅਗਲੇ ਦਿਨ ਡਾਕਟਰ ਦੇ ਕਲੀਨਿਕ ਦੇ ਬਾਹਰ ਲਾਈਨ ਲਗਾਉਣ ਵਿਚ | ਜੀਵਨ ਦਾ ਅਨੰਦ ਆਪਣਿਆਂ ਨਾਲ ਇਕ ਨਿਰੋਗੀ ਅਤੇ ਖ਼ੁਸ਼ਹਾਲ ਲੰਮਾ ਜੀਵਨ ਜਿਊਣ ਵਿਚ ਹੈ, ਨਾ ਕਿ ਗ਼ਲਤ ਆਦਤਾਂ ਦੀ ਵਜ੍ਹਾ ਕਰਕੇ ਸਮੇਂ ਤੋਂ ਪਹਿਲਾਂ ਆਪਣਿਆਂ ਨੂੰ  ਰੋਂਦੇ ਕਲਪਦੇ ਛੱਡ ਜਾਣ ਵਿਚ |
ਸਮਾਂ ਰਹਿੰਦਿਆਂ ਜਾਗਣਾ ਹੀ ਇਕਮਾਤਰ ਬਦਲ : ਜੇਕਰ ਅੱਜ ਵੀ ਅਸੀਂ ਇਸ ਆਤਮਘਾਤੀ ਸੋਚ ਤੋਂ ਬਾਹਰ ਨਾ ਨਿਕਲੇ, ਤਾਂ ਆਉਣ ਵਾਲੀ ਪੀੜ੍ਹੀ ਦੇ ਕੋਲ ਨਾ ਤਾਂ ਮਜ਼ਬੂਤ ਸਰੀਰ ਹੋਵੇਗਾ ਅਤੇ ਨਾ ਹੀ ਸਿਹਤਮੰਦ ਜੀਵਨ | ਸਰਕਾਰਾਂ ਅਤੇ ਹਸਪਤਾਲ ਸਿਰਫ਼ ਇਲਾਜ ਦੀ ਵਿਵਸਥਾ ਕਰ ਸਕਦੇ ਹਨ, ਪਰ ਪਰਹੇਜ਼ ਅਤੇ ਵਿਵੇਕ ਤਾਂ ਸਾਨੂੰ ਖ਼ੁਦ ਹੀ ਅਪਣਾਉਣਾ ਹੋਵੇਗਾ |
ਜੀਭ 'ਤੇ ਕੰਟਰੋਲ : ਸਵਾਦ ਲਈ ਨਹੀਂ, ਸਰੀਰ ਦੇ ਪੋਸ਼ਣ ਲਈ ਖਾਣਾ ਸਿੱਖੋ |
ਗ਼ਲਤ ਧਾਰਨਾਵਾਂ ਦਾ ਤਿਆਗ: 'ਦਵਾਈ ਨਾਲ ਸਭ ਠੀਕ ਹੋ ਜਾਵੇਗਾ' ਵਾਲੀ ਇਸ ਆਤਮਘਾਤੀ ਭਰਮ 'ਚੋਂ ਬਾਹਰ ਨਿਕਲੋ |
ਜਾਗਰੂਕਤਾ ਅਤੇ ਅਨੁਸ਼ਾਸਨ : ਘਰ ਦੇ ਸਾਦੇ ਅਤੇ ਪੌਸ਼ਟਿਕ ਭੋਜਨ ਨੂੰ  ਪਹਿਲ ਦਿਓ |
ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਅਤੇ ਨਾ ਹੀ ਇਹ ਕਿਸੇ ਲੈਬ ਵਿਚ ਬਣਦੀ ਹੈ | ਜੇਕਰ ਇਸ ਦੁਨੀਆ ਤੋਂ ਜਾਣਾ ਹੀ ਹੈ ਤਾਂ ਇਕ ਸਿਹਤਮੰਦ, ਸਮਰੱਥ ਅਤੇ ਊਰਜਾਵਾਨ ਜੀਵਨ ਜਿਊਾ ਕੇ ਜਾਓ, ਨਾ ਕਿ ਸਵਾਦ ਦੇ ਚੱਕਰ ਵਿਚ ਬਿਮਾਰੀਆਂ ਨਾਲ ਲੜ-ਲੜ ਕੇ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦਿਨ - ਦਿਹਾੜੇ ਵੀਲ੍ਹਚੇਅਰ ’ ਤੇ ਜਾ ਰਹੇ ਅਪਾਹਜ ਵਿਅਕਤੀ ਤੋਂ ਪਰਸ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਸਰੀਰ ਅਤੇ ਆਤਮਾ ਨੂੰ ਚੁਸਤ ਰੱਖਦਾ ਯੋਗ ਅਭਿਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।