24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫ਼ਿਲਮ 'ਲਵ ਯੂ ਦਾਦੂ ਦਾਦੀ ਜੀ' ਦਿਲ ਨੂੰ ਛੂਹ ਗਈ

ਫ਼ਿਲਮ 'ਲਵ ਯੂ ਦਾਦੂ ਦਾਦੀ ਜੀ' ਦਿਲ ਨੂੰ ਛੂਹ ਗਈ

ਅਜੀਤ ਡੈਸਕ 24-08-2026

'ਲਵ ਯੂ ਦਾਦੂ ਦਾਦੀ ਜੀ' ਇਕ ਸੰਗੀਤਕ ਪਰਿਵਾਰਕ ਡਰਾਮਾ ਫ਼ਿਲਮ ਹੈ | ਫ਼ਿਲਮ ਦੀ ਕਹਾਣੀ ਬਜ਼ੁਰਗਾਂ ਦੇ ਸਨਮਾਨ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਪੀੜ੍ਹੀਆਂ ਦਰਮਿਆਨ ਦੇ ਪਾੜੇ ਨੂੰ  ਭਾਵਨਾਤਮਕ ਢੰਗ ਨਾਲ ਪ੍ਰਗਟਾਉਂਦੀ ਹੈ | ਫ਼ਿਲਮ ਦੀ ਮੂਲ ਕਥਾ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ ਦਾਦੀ ਵਿਚਾਲੇ ਗਹਿਰੇ ਅਤੇ ਅਨਮੋਲ ਰਿਸ਼ਤੇ ਦੁਆਲੇ ਘੁੰਮਦੀ ਹੈ | ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਕਿਵੇਂ ਬੱਚੇ ਅਤੇ ਬਜ਼ੁਰਗ ਇਕ-ਦੂਸਰੇ ਦੇ ਨਜ਼ਦੀਕ ਆਉਂਦੇ ਹਨ ਅਤੇ ਜੀਵਨ ਦੇ ਸਬਕ ਸਿੱਖਦੇ ਹਨ |
ਸਮੁੱਚੀ ਫ਼ਿਲਮ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਪ੍ਰਤੀ ਪਿਆਰ, ਦੇਖਭਾਲ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਹੱਤਵ ਨੂੰ  ਬੇਹੱਦ ਸੰਵੇਦਨਸ਼ੀਲ ਤਰੀਕੇ ਨਾਲ ਉਜਾਗਰ ਕਰਦਿਆਂ ਭਾਵਨਾਤਮਕ ਸੰਦੇਸ਼ ਦੇ ਜਾਂਦੀ ਹੈ |
ਸਕੂਲ ਜਾਣ ਵਾਲੇ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ ਦਰਮਿਆਨ ਗਹਿਰੇ ਅਤੇ ਅਟੁੱਟ ਭਾਵਨਾਤਮਕ ਰਿਸ਼ਤੇ ਨੂੰ  ਪੇਸ਼ ਕਰਨ ਵਾਲੀ ਫ਼ਿਲਮ 'ਲਵ ਯੂ ਦਾਦੂ ਦਾਦੀ ਜੀ' ਹਰੇਕ ਵਰਗ ਅਤੇ ਉਮਰ ਦੇ ਦਰਸ਼ਕਾਂ ਨੂੰ  ਭਾਵੁਕ ਕਰ ਜਾਂਦੀ ਹੈ |


ਵਿਆਹ ਦੇ ਕਈ ਸਾਲ ਬਾਅਦ ਦੁਆਵਾਂ ਮੰਗ ਕੇ ਪੁੱਤਰ ਪੈਦਾ ਹੁੰਦਾ ਹੈ | ਪਰੰਤੂ ਜਦ ਉਹ ਬੱਚਾ ਵੱਡਾ ਹੁੰਦਾ ਹੈ, ਵਿਆਹ-ਸ਼ਾਦੀ ਕਰਵਾਉਂਦਾ ਹੈ ਤਾਂ ਆਪਣੇ ਹੀ ਮਾਤਾ-ਪਿਤਾ ਨੂੰ  ਪਰਾਇਆ ਸਮਝਣ ਲਗਦਾ ਹੈ | ਇਕ ਦਿਨ ਉਨ੍ਹਾਂ ਨੂੰ  ਰੋਦਿਆਂ ਕੁਰਲਾਉਂਦਿਆਂ ਛੱਡ ਕੇ ਅਲੱਗ ਹੋ ਜਾਂਦਾ ਹੈ | ਮਾਤਾ-ਪਿਤਾ ਦੇ ਦੂਰ ਹੋ ਜਾਣ ਦੇ ਬਾਵਜੂਦ ਪੋਤੇ ਆਪਣੇ ਦਾਦਾ-ਦਾਦੀ ਨੂੰ  ਬੇਹੱਦ ਪਿਆਰ ਕਰਦੇ ਹਨ | ਉਹ ਬੱਚੇ ਦਾਦਾ ਜੀ ਨੂੰ  ਆਪਣਾ ਸਭ ਤੋਂ ਨਜ਼ਦੀਕੀ ਮਿੱਤਰ ਮੰਨਦੇ ਹਨ |
ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ | ਉਹ ਅੰਦਰੋਂ ਟੁੱਟ ਜਾਂਦੇ ਹਨ | ਫ਼ਿਲਮ ਸਮਾਜ ਦੀ ਇਸ ਊਣਤਾਈ 'ਤੇ ਤਿੱਖੀ ਚੋਟ ਕਰਦੀ ਹੈ | ਜਦ ਫ਼ਿਲਮ ਇਸ ਪੜਾਅ 'ਤੇ ਪਹੁੰਚ ਜਾਂਦੀ ਹੈ ਤਾਂ ਬੱਚੇ ਇਕੱਠੇ ਹੋ ਕੇ ਆਪਣੇ ਮਾਤਾ-ਪਿਤਾ ਨੂੰ  ਬਜ਼ੁਰਗਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਕੀਮਤ ਸਮਝਾਉਂਦੇ ਹਨ |
ਇੰਝ ਫ਼ਿਲਮ ਵੱਡਿਆਂ ਦੇ ਆਦਰ-ਸਤਿਕਾਰ ਅਤੇ ਸਾਂਝੇ ਪਰਿਵਾਰ ਦੇ ਮਹੱਤਵ ਨੂੰ  ਬੜੇ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਢੰਗ ਨਾਲ ਦਰਸਾਉਂਦੀ ਹੈ |  ਇਸ ਫ਼ਿਲਮ ਨੂੰ  ਸਿਨੇਮਾ ਘਰਾਂ ਦੀ ਬਜਾਏ ਸਿੱਧਾ ਓ.ਟੀ.ਟੀ. 'ਤੇ ਰਿਲੀਜ਼ ਕੀਤਾ ਗਿਆ ਸੀ | ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ  ਵਧੀਆ ਹੁੰਗਾਰਾ ਮਿਲਿਆ ਸੀ | ਭਾਵੁਕ ਪਰਿਵਾਰਕ ਕਹਾਣੀ ਅਤੇ ਰਿਸ਼ਤਿਆਂ ਦੇ ਨਿੱਘ ਅਤੇ ਟੁੱਟ-ਭੱਜ ਕਾਰਨ ਦਰਸ਼ਕਾਂ ਵਲੋਂ ਇਸ ਨੂੰ  ਬੇਹੱਦ ਪਸੰਦ ਕੀਤਾ ਗਿਆ | ਇਹ ਫ਼ਿਲਮ ਡਾ. ਕੁਲਬੀਰ ਸਿੰਘ ਸੂਰੀ ਦੇ ਪ੍ਰਸਿੱਧ ਨਾਵਲ 'ਅੱਧੀ ਛੁੱਟੀ ਸਾਰੀ' 'ਤੇ ਆਧਾਰਿਤ ਹੈ | ਫ਼ਿਲਮ ਇਸ ਸਾਹਿਤਕ ਕਿਰਤ ਨੂੰ  ਬੜੀ ਖ਼ੂਬਸੂਰਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੈਮਰੇ ਰਾਹੀਂ ਪਰਦੇ 'ਤੇ ਉਤਾਰਦੀ ਹੈ |
ਫ਼ਿਲਮ ਵਿਚ ਸੰਗੀਤ ਨੂੰ  ਬਹੁਤ ਮਹੱਤਵ ਦਿੱਤਾ ਗਿਆ ਹੈ ਅਤੇ ਇਸ ਦੀ ਚਰਚਾ ਵੀ ਬਹੁਤ ਹੋਈ ਹੈ | ਜਸਕਰਨ ਸੋਹਲ ਵਲੋਂ ਤਿਆਰ ਕੀਤੇ ਗਏ ਗੀਤ 'ਪ੍ਰੇਅਰ' ਅਤੇ 'ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ' ਬੱਚਿਆਂ ਅਤੇ ਪਰਿਵਾਰਾਂ ਵਿਚ ਵਾਹਵਾ ਪਸੰਦ ਕੀਤੇ ਗਏ ਹਨ | ਰਮਨ ਖੁੱਲਰ ਦੀ ਕੋਰੀਓਗ੍ਰਾਫ਼ੀ ਨੇ ਫ਼ਿਲਮ ਦੇ ਗੀਤਾਂ ਨੂੰ  ਹੋਰ ਆਕਰਸ਼ਕ ਬਣਾਇਆ ਹੈ | 'ਲਵ ਯੂ ਦਾਦੂ ਦਾਦੀ ਜੀ' ਫ਼ਿਲਮ ਇਕ ਸਾਫ਼-ਸੁਥਰੀ ਭਾਵੁਕ ਪਰਿਵਾਰਕ ਫ਼ਿਲਮ ਵਜੋਂ ਸਾਰਥਕ ਸਮਾਜਿਕ ਸੰਦੇਸ਼ ਦੇਣ ਵਿਚ ਸਫ਼ਲ ਰਹੀ ਹੈ | ਇਕ ਗੰਭੀਰ ਪਰਿਵਾਰਕ ਵਿਸ਼ੇ ਨੂੰ  ਸੰਵੇਦਨਸ਼ੀਲਤਾ ਨਾਲ ਉਭਾਰਿਆ ਗਿਆ ਹੈ | ਫ਼ਿਲਮ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਦੀ ਅਦਾਕਾਰੀ ਨੂੰ  ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਗਿਆ ਹੈ | ਅਦਾਕਾਰਾ ਜਤਿੰਦਰ ਕੌਰ, ਕੁਲਬੀਰ ਸਿੰਘ ਸੂਰੀ ਅਤੇ ਚਾਰ ਸਕੂਲੀ ਬੱਚਿਆਂ ਨੇ ਆਪਸੀ ਨਿੱਘੇ ਤੇ ਭਾਵੁਕ ਰਿਸ਼ਤੇ ਨੂੰ  ਬਾਖ਼ੂਬੀ ਨਿਭਾਇਆ ਹੈ | ਕੁਲਬੀਰ ਸਿੰਘ ਸੂਰੀ ਹੁਰਾਂ ਦੂਹਰੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਹ ਮੁੱਖ ਅਦਾਕਾਰ ਹੋਣ ਦੇ ਨਾਲ ਇਸ ਫ਼ਿਲਮ ਦੀ ਕਹਾਣੀ ਦੇ ਮੂਲ ਲੇਖਕ ਵੀ ਹਨ |
ਇਹ ਫ਼ਿਲਮ ਵਪਾਰਕ ਮਸਾਲਾ ਫ਼ਿਲਮਾਂ ਵਰਗੀ ਨਹੀਂ ਹੈ, ਸਗੋਂ ਸਿੱਧੀ ਦਿਲ ਨੂੰ  ਛੂਹਣ ਵਾਲੀ ਕਹਾਣੀ ਹੈ | ਇਹ ਪ੍ਰਸਿੱਧ ਨਿਰਦੇਸ਼ਕ ਅਤੇ ਗਾਇਕ ਕਲਾਕਾਰ ਹਰਿੰਦਰ ਸੋਹਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ | ਸਕ੍ਰੀਨਪਲੇਅ ਅਤੇ ਸੰਵਾਦਾਂ ਨੂੰ  ਪਰਦੇ 'ਤੇ ਉਤਾਰਨ ਦਾ ਕੰਮ ਵੀ ਉਨ੍ਹਾਂ ਨੇ ਕੀਤਾ ਹੈ | ਇਕ ਪ੍ਰਸਿੱਧ ਪੰਜਾਬੀ ਸੰਗੀਤਕਾਰ ਹੋਣ ਦੇ ਨਾਤੇ ਹਰਿੰਦਰ ਸੋਹਲ ਨੇ ਇਸ ਫ਼ਿਲਮ ਦੇ ਕਈ ਖੂਬਸੂਰਤ ਗੀਤਾਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਦੀਆਂ ਧੁਨਾਂ ਤਿਆਰ ਕੀਤੀਆਂ ਹਨ | ਸਰਦਾਰ ਰਘਬੀਰ ਸਿੰਘ ਸੋਹਲ ਹੁਰਾਂ ਇਸ ਫ਼ਿਲਮ ਦੇ ਟਾਈਟਲ ਟਰੈਕ 'ਲਵ ਯੂ ਦਾਦੂ ਦਾਦੀ ਜੀ' ਨੂੰ  ਬਹੁਤ ਹੀ ਭਾਵੁਕ ਅਤੇ ਪਰਿਵਾਰਕ ਬੋਲਾਂ ਵਿਚ ਪਰੋਇਆ ਹੈ | ਇਸੇ ਗੀਤ ਨੂੰ  ਦੋ ਹੋਰ ਰੂਪਾਂ ਵਿਚ ਵੀ ਫ਼ਿਲਮ ਵਿਚ ਵਰਤਿਆ ਗਿਆ ਹੈ | ਇਕ ਉਦਾਸ ਰੂਪ ਵਿਚ ਅਤੇ ਦੂਸਰਾ 'ਮੁੱਖ ਪਿਛੋਕੜ ਥੀਮ ਸੰਗੀਤ' ਵਜੋਂ | ਉਨ੍ਹਾਂ ਨੇ ਫ਼ਿਲਮ ਦੇ ਕੁਝ ਹੋਰ ਗੀਤਾਂ ਦੇ ਖੂਬਸੂਰਤ ਬੋਲ ਵੀ ਲਿਖੇ ਹਨ, ਜਿਹੜੇ ਪਰਿਵਾਰਕ ਰਿਸ਼ਤਿਆਂ, ਵਿਸ਼ੇਸ਼ ਕਰਕੇ ਦਾਦਾ-ਦਾਦੀ ਅਤੇ ਬੱਚਿਆਂ ਦੇ ਆਪਸੀ ਪਿਆਰ ਅਤੇ ਜਜ਼ਬਾਤਾਂ ਨੂੰ  ਬਹੁਤ ਗਹਿਰਾਈ ਨਾਲ ਬਿਆਨ ਕਰਦੇ ਹਨ | ਇਹ ਭਾਵੁਕ ਫ਼ਿਲਮ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਵੀ ਪ੍ਰਵਾਸੀ ਪੰਜਾਬੀਆਂ ਦੁਆਰਾ ਵੇਖੀ ਗਈ ਹੈ | ਫ਼ਿਲਮ ਦੇ ਨਾਲ ਅੰਗਰੇਜ਼ੀ ਉਪ-ਸਿਰਲੇਖ ਦੇਣ ਕਾਰਨ ਵਿਦੇਸ਼ਾਂ ਵਿਚ ਜੰਮੀ-ਪਲੀ ਨਵੀਂ ਪੀੜ੍ਹੀ, ਜਿਹੜੀ ਪੰਜਾਬੀ ਚੰਗੀ ਤਰ੍ਹਾਂ ਪੜ੍ਹ-ਸਮਝ ਨਹੀਂ ਸਕਦੀ, ਨੇ ਵੀ ਇਸ ਨੂੰ  ਉਤਸ਼ਾਹ ਨਾਲ ਵੇਖਿਆ |
ਮੁੱਖ ਕਲਾਕਾਰਾਂ ਤੋਂ ਇਲਾਵਾ ਫ਼ਿਲਮ ਵਿਚ ਜਿਹੜੇ ਬਾਲ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਉਨ੍ਹਾਂ ਵਿਚ ਬੌਬੀ ਖੰਨਾ, ਸੁਦੇਸ਼ ਵਿੰਕਲ, ਅਥਰਵ ਭਾਟੀਆ, ਜਸ਼ਨ ਗਿੱਲ ਸ਼ਾਮਿਲ ਹਨ | ਮਨਪ੍ਰੀਤ ਸੋਹਲ ਨੇ ਫ਼ਿਲਮ ਦਾ ਚਰਚਿਤ ਗੀਤ 'ਪ੍ਰੇਅਰ' ਗਾ ਕੇ ਦਰਸ਼ਕ-ਮਨਾਂ 'ਤੇ ਗੂੜ੍ਹੀ ਛਾਪ ਛੱਡੀ | ਬੱਬਰ ਗਿੱਲ, ਦਿਲਰਾਜ ਉਦੈ ਅਤੇ ਗੁਰੀ ਸਿੰਘ ਹਰਜੀਤ ਨੇ ਫ਼ਿਲਮ ਵਿਚ ਯਾਦਗਾਰੀ ਕੰਮ ਕੀਤਾ | ਇਸ ਦੇ ਪ੍ਰੋਡਿਊਸਰ ਬਲਰਾਜ ਕੌਰ ਹਨ |
ਸਮੇਂ ਨਾਲ ਬੜਾ ਕੁਝ ਬਦਲਦਾ ਜਾ ਰਿਹਾ ਹੈ | ਤਬਦੀਲੀ ਕੁਦਰਤ ਦਾ ਨਿਯਮ ਹੈ | ਸਮੇਂ ਨਾਲ ਜ਼ਰੂਰ ਬਦਲਣਾ ਚਾਹੀਦਾ ਹੈ ਪਰ ਕਦਰਾਂ-ਕੀਮਤਾਂ ਦਾ ਆਪਣਾ ਮਹੱਤਵ ਹੈ | ਕੌੜੀ ਸਚਾਈ ਹੈ ਕਿ ਅਜੋਕੀ ਰੁਝੇਵਿਆਂ ਭਰੀ ਜੀਵਨ-ਸ਼ੈਲੀ ਦੇ ਚਲਦਿਆਂ ਬੱਚਿਆਂ ਕੋਲ ਸਮੇਂ ਦੀ ਘਾਟ ਹੈ | ਪਰ ਮਾਂ-ਬਾਪ ਦਾ ਦਿਲ ਹਮੇਸ਼ਾ ਬੱਚਿਆਂ ਵੱਲ ਰਹਿੰਦਾ ਹੈ | ਇਹ ਸੰਦੇਸ਼ ਬੜੇ ਸ਼ਕਤੀਸ਼ਾਲੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਉਣ ਵਿਚ ਫ਼ਿਲਮ ਕਾਮਯਾਬ ਰਹੀ ਹੈ | ਅਜਿਹੀਆਂ ਸਮਾਜਿਕ ਪਰਿਵਾਰਕ ਸਰੋਕਾਰਾਂ ਨਾਲ ਨੇੜੇ ਤੋਂ ਜੁੜੀਆਂ ਵਿਸ਼ਾ-ਕੇਂਦਰਿਤ ਫ਼ਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ |

ਈ-ਮੇਲ : prof_kulbir@yahoo.com

ਪਿਛਲੀ ਖ਼ਬਰ ਇਕ ਵਾਰ ਫਿਰ ਫ਼ੇਲ੍ਹ ਹੋਈ ਨੈਸ਼ਨਲ ਟੈਸਟਿੰਗ ਏਜੰਸੀ ਅਗਲੀ ਖ਼ਬਰ ਕੀ ਠੇਕੇਦਾਰੀ ਵਿਵਸਥਾ ਬਿਜਲੀ ਨਿਗਮ ਲਈ ਲਾਭਕਾਰੀ ਸਾਬਤ ਹੋਈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।