01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਉਜ਼ਬੇਕਿਸਤਾਨ ਨਾਲ ਨੇੜਤਾ

ਉਜ਼ਬੇਕਿਸਤਾਨ ਨਾਲ ਨੇੜਤਾ

ਅਜੀਤ ਡੈਸਕ 01-09-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫੇਰ ਵਿਦੇਸ਼ੀ ਦੌਰੇ 'ਤੇ ਹਨ | ਚਾਹੇ ਉਨ੍ਹਾਂ ਬਾਰੇ ਇਹ ਪ੍ਰਭਾਵ ਵੀ ਬਣਿਆ ਹੋਇਆ ਹੈ ਕਿ ਉਹ ਵਿਦੇਸ਼ਾਂ ਦੇ ਵਧੇਰੇ ਦੌਰੇ ਕਰਦੇ ਹਨ, ਪਰ ਅਕਸਰ ਅਜਿਹੇ ਦੌਰੇ ਭਾਵਪੂਰਤ ਅਤੇ ਭਾਰਤ ਲਈ ਅਨੇਕਾਂ ਪੱਖਾਂ ਤੋਂ ਲਾਭਦਾਇਕ ਹੁੰਦੇ ਹਨ | ਆਪਣੇ ਇਸ ਸੰਖੇਪ ਦੌਰੇ ਵਿਚ ਉਹ ਕੇਂਦਰੀ ਏਸ਼ੀਆ ਦੇ ਦੇਸ਼ ਉਜ਼ਬੇਕਿਸਤਾਨ ਦੇ ਨਾਲ-ਨਾਲ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਕਿਰਗਿਸਤਾਨ ਵੀ ਪਹੁੰਚ ਚੁੱਕੇ ਹਨ | ਭਾਰਤ ਦੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਸਦੀਆਂ ਪੁਰਾਣੇ ਸੰਬੰਧ ਰਹੇ ਹਨ, ਜਿਨ੍ਹਾਂ ਦਾ ਆਧਾਰ ਵਪਾਰ ਅਤੇ ਸੱਭਿਆਚਾਰਕ ਨੇੜਤਾ ਰਿਹਾ ਹੈ | ਉਜ਼ਬੇਕਿਸਤਾਨ ਲਗਭਗ 4 ਕਰੋੜ ਦੀ ਆਬਾਦੀ ਵਾਲਾ ਅਤੇ ਸਾਢੇ ਚਾਰ ਲੱਖ ਕਿੱਲੋਮੀਟਰ ਦੇ ਕਰੀਬ ਰਕਬੇ ਵਾਲਾ ਦੇਸ਼ ਹੈ | ਕੇਂਦਰੀ ਏਸ਼ੀਆ ਦੇ ਦੇਸ਼ਾਂ ਤੋਂ ਹੁੰਦੇ ਹੋਏ ਈਰਾਨ ਅਤੇ ਅਫ਼ਗਾਨਿਸਤਾਨ ਦੇ ਰਸਤੇ ਭਾਰਤ ਵਿਚ ਲਗਾਤਾਰ ਹਮਲਾਵਰ ਵੀ ਆਉਂਦੇ ਰਹੇ ਅਤੇ ਇਸ ਨੂੰ  ਲੁੱਟ-ਪੁੱਟ ਕੇ ਆਪਣੀਆਂ ਝੋਲੀਆਂ ਵੀ ਭਰਦੇ ਰਹੇ |
ਮੁਗ਼ਲ ਬਾਦਸ਼ਾਹ ਬਾਬਰ ਦਾ ਸੰਬੰਧ ਵੀ ਕੇਂਦਰੀ ਏਸ਼ੀਆ ਨਾਲ ਹੀ ਸੀ | ਮੁਗ਼ਲਾਂ ਨੇ ਕਰੀਬ 400 ਸਾਲ ਦੇ ਲਗਭਗ ਇਥੇ ਹੀ ਵਸ ਕੇ ਭਾਰਤ 'ਤੇ ਰਾਜ ਕੀਤਾ | ਉਜ਼ਬੇਕਿਸਤਾਨ, ਕਿਰਗਿਸਤਾਨ ਅਤੇ ਹੋਰ ਦਰਜਨਾਂ ਹੀ ਗੁਆਂਢੀ ਦੇਸ਼ ਲੰਮੇ ਸਮੇਂ ਤੱਕ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ | ਉਸ ਸਮੇਂ ਹੋਈ ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿਚ ਸੋਵੀਅਤ ਯੂਨੀਅਨ ਦੇ ਆਗੂਆਂ ਨੇ ਹੀ ਤਾਸ਼ਕੰਦ ਵਿਚ ਦੋਵਾਂ ਦੇਸ਼ਾਂ ਦਾ ਸਮਝੌਤਾ ਕਰਵਾਇਆ ਸੀ | ਤਾਸ਼ਕੰਦ ਉਜ਼ਬੇਕਿਸਤਾਨ ਦੀ ਰਾਜਧਾਨੀ ਹੈ | ਚਾਹੇ ਪਾਕਿਸਤਾਨ ਬਣਨ ਨਾਲ ਭਾਰਤ ਦਾ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਸਿੱਧਾ ਸੜਕੀ ਸੰਬੰਧ ਨਹੀਂ ਰਿਹਾ, ਜਿਸ ਕਰਕੇ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਹਾਲੇ ਤੱਕ ਵੀ ਪੂਰਾ ਸੰਪਰਕ ਨਹੀਂ ਬਣ ਸਕਿਆ | ਇਸੇ ਲਈ ਕੌਮਾਂਤਰੀ ਉੱਤਰ-ਦੱਖਣ ਗਲਿਆਰੇ ਵਰਗੀਆਂ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜੋ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਸੰਪਰਕ ਨੂੰ  ਹੋਰ ਵੀ ਗੂੜ੍ਹਾ ਕਰਨ ਵਿਚ ਸਹਾਈ ਹੋ ਸਕਦਾ ਹੈ |
ਸ੍ਰੀ ਮੋਦੀ ਦਾ ਉਜ਼ਬੇਕਿਸਤਾਨ ਨਾਲ ਖ਼ਾਸ ਲਗਾਅ ਰਿਹਾ ਹੈ | ਆਪਣੇ ਕਾਰਜਕਾਲ ਵਿਚ ਇਹ ਉਨ੍ਹਾਂ ਦੀ ਇਸ ਦੇਸ਼ ਦੀ ਚੌਥੀ ਫੇਰੀ ਹੈ | ਉਜ਼ਬੇਕਿਸਤਾਨ ਭਾਰਤ ਦੇ ਮਹੱਤਵ ਨੂੰ  ਇਸ ਲਈ ਵੀ ਜਾਣਦਾ ਅਤੇ ਪਹਿਚਾਣਦਾ ਹੈ, ਕਿਉਂਕਿ ਉਹ ਰੂਸ ਅਤੇ ਚੀਨ ਦੇ ਪ੍ਰਭਾਵ ਤੋਂ ਬਗ਼ੈਰ ਦੋਸਤੀ ਅਤੇ ਸਹਿਯੋਗ ਦੇ ਹੋਰ ਰਸਤੇ ਵੀ ਤਲਾਸ਼ਦਾ ਰਿਹਾ ਹੈ, ਜਿਸ ਲਈ ਉਹ ਅਕਸਰ ਭਾਰਤ ਨਾਲ ਵੱਧ ਤੋਂ ਵੱਧ ਸਹਿਯੋਗ ਦੀ ਭਾਵਨਾ ਨੂੰ  ਤਰਜੀਹ ਦਿੰਦਾ ਰਿਹਾ ਹੈ | ਇਸ ਸਮੇਂ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ ਇਕ ਬਿਲੀਅਨ ਡਾਲਰ (9515 ਕਰੋੜ ਰੁਪਏ) ਦੇ ਕਰੀਬ ਹੈ, ਜਿਸ ਨੂੰ  ਹੁਣ ਦੋਵੇਂ ਹੀ ਦੇਸ਼ ਸਾਲ 2030 ਤੱਕ 5 ਬਿਲੀਅਨ ਡਾਲਰ ਤੱਕ ਲਿਜਾਣ ਦੇ ਚਾਹਵਾਨ ਹਨ | ਵਪਾਰ, ਨਿਵੇਸ਼ ਤੇ ਸੁਰੱਖਿਆ ਲਈ ਸਮਝੌਤਿਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਦੁਰਲਭ ਖਣਿਜ ਪਦਾਰਥਾਂ ਅਤੇ ਦਵਾਈਆਂ ਦੇ ਖੇਤਰ ਵਿਚ ਵੀ ਦੋਵਾਂ ਦੇਸ਼ਾਂ ਵਲੋਂ ਵਪਾਰ ਨੂੰ  ਤਰਜੀਹ ਦਿੱਤੀ ਜਾਵੇਗੀ | ਦੋਵੇਂ ਹੀ ਦੇਸ਼ ਖੇਤੀਬਾੜੀ ਦੇ ਖੇਤਰ ਵਿਚ ਵੀ ਇਕ-ਦੂਸਰੇ ਨਾਲ ਵੱਧ ਤੋਂ ਵੱਧ ਮਿਲਵਰਤਨ ਕਰਨ ਦੇ ਚਾਹਵਾਨ ਹਨ |
ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਏਵ ਨੇ ਆਪਣੇ ਦੇਸ਼ ਵਿਚ ਆਉਣ ਵਾਲੇ ਭਾਰਤੀ ਯਾਤਰੂਆਂ ਨੂੰ  30 ਦਿਨਾਂ ਲਈ ਵੀਜ਼ਾ ਛੋਟ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ, ਜਿਸ ਨਾਲ ਭਾਰਤੀ ਯਾਤਰੂਆਂ ਨੂੰ  ਉੱਥੇ ਜਾਣ ਦੇ ਨਿਰਵਿਘਨ ਮੌਕੇ ਮਿਲ ਸਕਣਗੇ |  ਭਾਰਤ ਜਿਸ ਦੇ ਕਈ ਕਾਰਨਾਂ ਕਰਕੇ ਆਪਣੇ ਕਈ ਗੁਆਂਢੀ ਦੇਸ਼ਾਂ ਨਾਲ ਸੰਬੰਧ ਸੁਖਾਵੇਂ ਨਹੀਂ ਰਹੇ, ਪਰ ਉਹ ਆਪਣੇ ਕੇਂਦਰੀ ਏਸ਼ੀਆ ਦੇ ਬਹੁਤੇ ਦੇਸ਼ਾਂ ਨਾਲ ਨਿੱਘੇ ਸੰਬੰਧ ਬਣਾਉਣ ਲਈ ਜ਼ਰੂਰ ਯਤਨਸ਼ੀਲ ਹੈ, ਜਿਸ ਦੇ ਚੰਗੇ ਸਿੱਟੇ ਨਿਕਲ ਰਹੇ ਹਨ | ਜਪਾਨ ਅਤੇ ਬਹੁਤੇ ਯੂਰਪੀਅਨ ਦੇਸ਼ਾਂ ਨਾਲ ਵੀ ਭਾਰਤ ਦੇ ਗੂੜ੍ਹੇ ਵਪਾਰਕ ਸੰਬੰਧਾਂ ਤੋਂ ਇਲਾਵਾ ਆਪਸੀ ਸਦਭਾਵਨਾ ਵਾਲੇ ਸੰਬੰਧ ਬਣੇ ਰਹੇ ਹਨ | ਕੇਂਦਰੀ ਏਸ਼ੀਆ ਦੇ ਦੇਸ਼ਾਂ ਨੂੰ  ਇਸ ਕੜੀ ਨਾਲ ਜੋੜਨਾ ਵੀ ਭਾਰਤ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਵੇਗਾ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਘਟਦੀ ਬਰਦਾਸ਼ਤ ਸ਼ਕਤੀ ਅਗਲੀ ਖ਼ਬਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਿਸ ਸੰਬੰਧੀ ਚਰਚਾ ਫ਼ਜ਼ੂਲ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।