25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਤਹਿਸੀਲ ਗੜ੍ਹਸ਼ੰਕਰ ਦਾ ਵਾਰਾ ਪਹਿਰਾ

ਤਹਿਸੀਲ ਗੜ੍ਹਸ਼ੰਕਰ ਦਾ ਵਾਰਾ ਪਹਿਰਾ

ਅਜੀਤ ਡੈਸਕ 25-10-2026

ਮੇਰਾ ਜੱਦੀ-ਪੁਸ਼ਤੀ ਪਿੰਡ ਸੋਨੀ ਹੈ, ਜੋ ਮਾਹਿਲਪੁਰ ਥਾਣੇ ਅਧੀਨ ਤੇ ਗੜ੍ਹਸ਼ੰਕਰ ਤਹਿਸੀਲ 'ਚ ਹੈ | ਮੈਂ ਜ਼ਿਲ੍ਹਾ ਲੁਧਿਆਣੇ ਦੀ ਤਹਿਸੀਲ ਸਮਰਾਲਾ ਦੇ ਪਿੰਡ ਕੋਟਲਾ ਬਡਲਾ ਦਾ ਜੰਮਪਲ ਹਾਂ, ਆਪਣੇ ਨਾਨਕਾ ਪਿੰਡ ਦਾ | ਪਰ ਮੈਂ ਗੜ੍ਹਸ਼ੰਕਰ ਨੂੰ  ਕਦੀ ਨਹੀਂ ਭੁਲਾ ਸਕਦਾ, ਦੇਸ਼ ਵੰਡ ਤੋਂ ਪਹਿਲਾਂ ਦੀਆਂ ਕੁਸ਼ਤੀਆਂ ਸਮੇਤ | ਦੇਸ਼ ਵੰਡ ਤੋਂ ਪਹਿਲਾਂ ਗੜ੍ਹਸ਼ੰਕਰ ਇਲਾਕੇ ਦੇ ਰਹਿਮਾ, ਫ਼ਜ਼ਲਾ ਤੇ ਦੌਲਾ ਨਾਮੀ ਪਹਿਲਵਾਨ ਰਹੇ ਹਨ | ਵੰਡ ਪਿੱਛੋਂ ਪਿਆਰਾ ਸਿੰਘ ਕੁੱਲਪੁਰ, ਜੋਗਿੰਦਰ ਸਿੰਘ ਪੈਂਸਰਾ, ਗਾਗੋ ਪਿੰਡ ਕੁਨੈਲ ਦੀ 1975 ਤੋਂ 1998 ਤੱਕ ਗੜ੍ਹਸ਼ੰਕਰ ਤੇ ਆਸ-ਪਾਸ ਦੇ ਖੇਤਰਾਂ 'ਚ ਪੂਰੀ ਚੜ੍ਹਾਈ ਸੀ | ਪਿਆਰਾ ਸਿੰਘ ਦਾ ਪਿੰਡ ਕੁੱਲਪੁਰ ਪਹਿਲਾਂ ਤਹਿਸੀਲ ਗੜ੍ਹਸ਼ੰਕਰ 'ਚ ਸੀ ਤੇ ਹੁਣ ਬਲਾਚੌਰ 'ਚ | ਪਿਆਰਾ ਸਿੰਘ ਕੁੱਲਪੁਰ ਆਪਣੇ ਜ਼ਮਾਨੇ ਦਾ ਬਹੁਤ ਮਸ਼ਹੂਰ ਪਹਿਲਵਾਨ ਸੀ | ਅੱਜ-ਕੱਲ੍ਹ ਪਿੰਡਾਂ ਵਾਲੇ ਆਪਣੇ ਪੱਧਰ 'ਤੇ ਛਿੰਝਾਂ ਕਰਾਉਂਦੇ ਹਨ, ਜਿੱਥੇ ਨੌਜਵਾਨ ਹਿੱਸਾ ਲੈ ਕੇ ਅੱਗੇ ਵਧਦੇ ਹਨ |

ਗੜ੍ਹਸ਼ੰਕਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਕ ਇਤਿਹਾਸਕ ਤਹਿਸੀਲ (ਸਬ-ਡਵੀਜ਼ਨ) ਅਤੇ ਪ੍ਰਮੁੱਖ ਵਿਧਾਨ ਸਭਾ ਹਲਕਾ ਹੈ | ਇਹ ਦੋਆਬਾ ਖੇਤਰ ਦਾ ਹਿੱਸਾ ਹੈ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਸਥਿਤ ਹੈ | ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਦੀ ਸਥਾਪਨਾ ਲਗਭਗ 1000 ਈ. 'ਚ ਡੋਡ ਰਾਜਪੂਤ ਰਾਜਾ ਸ਼ੰਕਰ ਸਹਾਏ ਵਲੋਂ ਕੀਤੀ ਗਈ ਸੀ | ਉਨ੍ਹਾਂ ਦੇ ਕਿਲ੍ਹੇ (ਗੜ੍ਹ) ਅਤੇ ਨਾਂਅ ਤੋਂ ਹੀ ਇਸ ਦਾ ਨਾਂਅ 'ਗੜ੍ਹਸ਼ੰਕਰ' ਪਿਆ | 1844 'ਚ ਇਸ ਨੂੰ  ਤਹਿਸੀਲ ਬਣਾਇਆ ਗਿਆ |
ਇਸ ਇਲਾਕੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਵੱਡਾ ਯੋਗਦਾਨ ਪਾਇਆ | 1920ਵਿਆਂ ਦੀ 'ਬੱਬਰ ਅਕਾਲੀ ਲਹਿਰ' ਦੌਰਾਨ ਇਸ ਧਰਤੀ ਦੇ ਯੋਧਿਆਂ ਨੇ ਮੋਹਰੀ ਭੂਮਿਕਾ ਨਿਭਾਈ | ਇੱਥੋਂ ਦਾ ਮੁੱਖ ਕਾਲਜ ਵੀ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ 'ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ' ਵਜੋਂ ਸਥਾਪਤ ਹੈ | ਗੜ੍ਹਸ਼ੰਕਰ ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੇ ਰੂਪਨਗਰ (ਰੋਪੜ) ਨੂੰ  ਆਪਸ 'ਚ ਜੋੜਨ ਵਾਲਾ ਇਕ ਅਹਿਮ ਜੰਕਸ਼ਨ ਹੈ | ਇੱਥੋਂ ਹਿਮਾਚਲ ਪ੍ਰਦੇਸ਼ (ਊਨਾ ਤੇ ਸ੍ਰੀ ਅਨੰਦਪੁਰ ਸਾਹਿਬ ਰੋਡ) ਦਾ ਰਸਤਾ ਵੀ ਬਹੁਤ ਨੇੜੇ ਹੈ | ਹਲਕੇ ਦਾ ਕੁਝ ਹਿੱਸਾ ਉਪਜਾਊ ਮੈਦਾਨੀ ਹੈ, ਜਦਕਿ ਪਹਾੜੀਆਂ ਨਾਲ ਲੱਗਦਾ ਇਲਾਕਾ 'ਕੰਢੀ ਖੇਤਰ' ਅਖਵਾਉਂਦਾ ਹੈ, ਜੋ ਮੱਕੀ, ਕਣਕ ਤੇ ਬਾਗਬਾਨੀ ਲਈ ਜਾਣਿਆ ਜਾਂਦਾ ਹੈ | ਗੜ੍ਹਸ਼ੰਕਰ ਹਲਕੇ 'ਤੇ ਕਦੇ ਵੀ ਕਿਸੇ ਇਕ ਪਾਰਟੀ ਦਾ ਕਬਜ਼ਾ ਨਹੀਂ ਰਿਹਾ | ਦਹਾਕਿਆਂ ਤੱਕ ਇੱਥੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਖੱਬੇ-ਪੱਖੀ ਪਾਰਟੀਆਂ (ਖ਼ਾਸ ਕਰਕੇ ਸੀ.ਪੀ.ਆਈ. ਐਮ) ਵਿਚਾਲੇ ਮੁਕਾਬਲਾ ਰਿਹਾ ਹੈ | ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਦਿੱਗਜ ਆਗੂ ਇੱਥੋਂ ਵਿਧਾਇਕ ਰਹੇ, ਜਿਸ ਕਾਰਨ ਇਸ ਇਲਾਕੇ 'ਚ ਕਿਸਾਨੀ ਤੇ ਖੱਬੇ-ਪੱਖੀ ਵਿਚਾਰਧਾਰਾ ਦਾ ਲੰਬਾ ਸਮਾਂ ਪ੍ਰਭਾਵ ਰਿਹਾ | ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਾਰੀ-ਵਾਰੀ ਇੱਥੋਂ ਜਿੱਤਦੇ ਰਹੇ | 2017 ਤੋਂ ਬਾਅਦ ਇੱਥੇ 'ਆਪ' ਨੇ ਮਜ਼ਬੂਤ ਪਕੜ ਬਣਾਈ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਇੱਥੋਂ ਦੋ ਵਾਰ (2017 ਤੇ 2022) ਵਿਧਾਇਕ ਚੁਣੇ ਗਏ | ਆਗਾਮੀ ਚੋਣਾਂ 'ਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ, ਇਹ ਸਮੇਂ ਨੇ ਦੱਸਣਾ ਹੈ, ਪਰ ਇਹ ਗੱਲ ਸਾਰੇ ਹੀ ਮੰਨੀ ਫਿਰਦੇ ਹਨ ਕਿ 'ਆਪ' ਦੇ ਖ਼ਿਲਾਫ਼ ਇਸ ਵਾਰ ਸੱਤਾ ਵਿਰੋਧੀ ਰੁਝਾਨ ਵੀ ਉਤਪੰਨ ਹੋ ਚੁੱਕਾ ਹੈ, ਭਾਵੇਂ ਕਿ ਸੱਤਾਧਾਰੀ ਪਾਰਟੀ ਵੱਖ-ਵੱਖ ਸਕੀਮਾਂ ਨਾਲ ਵੋਟਰਾਂ ਨੂੰ  ਪ੍ਰਭਾਵਿਤ ਕਰਨ ਲਈ ਯਤਨਸ਼ੀਲ ਹੈ |
ਇੱਥੋਂ ਦੇ ਪਿੰ੍ਰ. ਹਰਭਜਨ ਸਿੰਘ ਦਾ ਉੱਚ ਦੁਮਾਲੜਾ ਕੱਦ ਕਿਸੇ ਨੂੰ  ਨਹੀਂ ਭੁੱਲਿਆ | ਸੁਤੰਤਰ ਭਾਰਤ ਦਾ ਕੈਬਨਿਟ ਮੰਤਰੀ ਸਰਦਾਰ ਬਲਦੇਵ ਸਿੰਘ ਉਨ੍ਹਾਂ ਦਾ ਅਜਿਹਾ ਹੋਣਹਾਰ ਵਿਦਿਆਰਥੀ ਸੀ, ਜਿਸ ਦੀ ਗੂੰਜ ਇੱਧਰਲੇ ਪੰਜਾਬ 'ਚ ਹੀ ਨਹੀਂ, ਉੱਧਰਲੇ ਪੰਜਾਬ ਵਿਚ ਵੀ ਸੀ, ਖ਼ਾਸ ਕਰਕੇ ਖੇਡਾਂ ਦੇ ਮੈਦਾਨ 'ਚ, ਜਿਨ੍ਹਾਂ ਦਿਨਾਂ 'ਚ ਮੈਂ ਉੱਥੋਂ ਵਾਲੇ ਹਾਈ ਸਕੂਲ ਦਾ ਵਿਦਿਆਰਥੀ ਸੀ, ਮੈਂ ਉੱਥੋਂ ਦੀ ਰੱਸਾਕਸ਼ੀ ਵਾਲੀ ਟੀਮ ਨੂੰ  ਇਕ ਹੱਥ ਛੱਡ ਕੇ ਇਕੱਲੇ ਹੱਥ ਨਾਲ ਰੱਸਾ ਖਿੱਚਦਿਆਂ ਦੇਖਦਾ ਰਿਹਾ ਹਾਂ | ਮੈਂ ਗ੍ਰੈਜੂਏਸ਼ਨ ਦਾ ਇਮਤਿਹਾਨ ਦੇ ਕੇ 1953 ਦਾ ਨਤੀਜਾ ਉਡੀਕੇ ਬਿਨਾਂ ਰੋਜ਼ੀ-ਰੋਟੀ ਦੀ ਭਾਲ 'ਚ ਦਿੱਲੀ-ਦੱਖਣ ਤੁਰ ਗਿਆ ਸਾਂ | ਉਂਝ ਮੇਰੀ ਉਸ ਕਾਲਜ ਨਾਲ ਹਾਲੇ ਵੀ ਸਾਂਝ ਹੈ, ਖ਼ਾਸ ਕਰਕੇ ਪਿੰ੍ਰਸੀਪਲ ਪਰਵਿੰਦਰ ਸਿੰਘ ਨਾਲ | ਇਕ ਗੱਲ ਕਦੀ ਵੀ ਨਹੀਂ ਭੁੱਲਣੀ ਕਿ 1953 ਵਾਲੀ ਕਾਨਵੋਕੇਸ਼ਨ 'ਚ ਡਿਗਰੀਆਂ ਦੇਣ ਲਈ ਪੰਜਾਬ ਦਾ ਧੜੱਲੇਦਾਰ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੁੱਜਿਆ ਸੀ ਤੇ ਇਹ ਗੱਲ ਮੈਂ ਮਾਣ ਨਾਲ ਦੱਸਦਾ ਹੁੰਦਾ ਹਾਂ ਕਿ ਮੈਂ ਸਰਦਾਰ ਕੈਰੋਂ ਦੇ ਹੱਥੋਂ ਡਿਗਰੀ ਪ੍ਰਾਪਤ ਕੀਤੀ ਸੀ, ਉਸ ਮੁੱਖ ਮੰਤਰੀ ਦੇ ਹੱਥੋਂ ਜਿਹੜਾ ਆਪਣੀ ਕਾਰ ਦੇ ਡਰਾਈਵਰ ਨੂੰ  ਟਰੱਕ ਡਰਾਈਵਰ ਤੋਂ ਸਾਵਧਾਨ ਕਰਦਿਆਂ ਕਹਿੰਦਾ ਹੁੰਦਾ ਸੀ, 'ਇਹਦੇ ਕੋਲੋਂ ਧਿਆਨ ਨਾਲ ਲੰਘਾਈਾ, ਅੱਗਿਓਾ ਪਰਤਾਪਾ ਜੱਟ ਆ ਰਿਹਾ ਹੈ |' ਹੈ ਕਿ ਨਹੀਂ ਮਾਹਿਲਪੁਰ ਤੇ ਗੜ੍ਹਸ਼ੰਕਰ ਨਾਲ ਮਿਲਾਪ |
ਇਕ ਸ਼ੇਰ ਕੱਦ ਲਤੀਫ਼ਾ
ਉਂਝ ਤਾਂ ਹਰ ਕੋਈ ਸ਼ੇਰ ਨੂੰ  ਜੰਗਲ ਦਾ ਰਾਜਾ ਮੰਨਦਾ ਹੈ ਪਰ ਇਕ ਦਿਨ ਸ਼ੇਰ ਦੇ ਮਨ 'ਚ ਆਈ ਕਿ ਖ਼ੁਦ ਹੀ ਆਪਣਾ ਇਮਤਿਹਾਨ ਲਿਆ ਜਾਵੇ | ਉਹ ਆਪਣੇ ਟਿਕਾਣੇ ਤੋਂ ਬਾਹਰ ਨਿਕਲਿਆ ਤਾਂ ਉਸ ਦੇ ਸਾਹਮਣੇ ਗਿੱਦੜ ਆ ਗਿਆ | ਉਸ ਨੂੰ  ਵੇਖਦੇ ਸਾਰ ਸ਼ੇਰ ਨੇ ਪੁੱਛਿਆ, 'ਜੰਗਲ ਦਾ ਰਾਜਾ ਕੌਣ ਹੈ? ਗਿੱਦੜ ਦੇ ਮੰੂਹੋਂ 'ਹਜ਼ੂਰ ਆਪ' ਸੁਣ ਕੇ ਸ਼ੇਰ ਦੇ ਪੈਰ ਧਰਤੀ 'ਤੇ ਨਾ ਲੱਗਣ | ਉਸ ਨੇ ਪੂਰੇ ਜੰਗਲ ਦਾ ਦੌਰਾ ਕੀਤਾ, ਜਿਸ ਦੌਰਾਨ ਉਸ ਨੂੰ  ਖੱਚਰ, ਗਧਾ, ਘੋੜਾ ਸਾਰੇ ਹਜ਼ੂਰ, ਜਨਾਬ, ਨਾਮ-ਏ-ਇਕਬਾਲ ਆਦਿ ਕਹਿ ਕੇ ਮਿਲੇ | ਸ਼ੇਰ ਦਾ ਸਾਹ ਫੁੱਲਿਆ ਨਹੀਂ ਸੀ ਸਮਾ ਰਿਹਾ ਕਿ ਅਚਾਨਕ ਉਸ ਦੇ ਸਾਹਮਣੇ ਹਾਥੀ ਆ ਗਿਆ |
ਸ਼ੇਰ ਨੇ ਹਾਥੀ ਨੂੰ  ਵੀ ਉਹੀਓ ਸਵਾਲ ਕਰ ਦਿੱਤਾ | ਹਾਥੀ ਨੇ ਕੋਈ ਜਵਾਬ ਨਾ ਦਿੱਤਾ | ਦੂਜੀ ਵਾਰ ਵੀ ਹਾਥੀ ਅਹਿੱਲ ਖੜ੍ਹਾ ਰਿਹਾ | ਤੀਜੀ ਵਾਰ ਪੁੱਛਣ 'ਤੇ ਹਾਥੀ ਨੇ ਸ਼ੇਰ ਨੂੰ  ਆਪਣੀ ਸੂੰਡ ਵਿਚ ਲਪੇਟ ਕੇ ਉਸ ਨੂੰ  ਤਿੰਨ-ਚਾਰ ਵਾਰ ਧਰਤ 'ਤੇ ਪਟਕਾ ਕੇ ਛੱਡ ਦਿੱਤਾ | ਸ਼ੇਰ ਨੇ ਹਾਥੀ ਤੋਂ ਥੋੜ੍ਹੀ ਦੂਰੀ 'ਤੇ ਖਲੋ ਕੇ ਹਾਥੀ ਨੂੰ  ਪੁੱਛਿਆ, 'ਓ ਭਲੇ ਲੋਕ, ਜੇ ਸਵਾਲ ਦਾ ਜਵਾਬ ਨਾ ਆਉਂਦਾ ਹੋਵੇ ਤਾਂ ਏਨਾ ਗੁੱਸਾ ਤਾਂ ਨਹੀਂ ਕਰਨਾ ਚਾਹੀਦਾ |'
ਅੰਤਿਕਾ

(ਫ਼ਿਰਾਕ ਗੋਰਖਪੁਰੀ)
ਆਨੇ ਵਾਲੀ ਨਸਲੇਂ ਤੁਮ ਪਰ ਫ਼ਖ਼ਰ ਕਰੇਂਗੀ ਹਮ-ਅਸਰੋ
ਜਬ ਭੀ ਉਨ ਕੋ ਧਿਆਨ ਆਏਗਾ ਤੁਮ ਨੇ 'ਫ਼ਿਰਾਕ' ਕੋ ਦੇਖਾ ਹੈ |
ਈਮੇਲ : sandhugular@yahoo.com

ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਦਾ ਬਹੁਪੱਖੀ ਸੰਕਟ ਅਗਲੀ ਖ਼ਬਰ ਮੈਡੀਸਨ ਨੋਬਲ 2026 : ਦਿਮਾਗ਼ ਦੇ ਹਨੇਰੇ 'ਚ ਰੌਸ਼ਨੀ ਦੀ ਦਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।