ਬਰਤਾਨੀ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ 2027 ਦੀ ਦਰਜਾਬੰਦੀ ਜਾਰੀ, ਦਿ ਗਾਰਡੀਅਨ ਅਤੇ ਦਿ ਟਾਈਮਜ਼ ਦੀਆਂ ਸੂਚੀਆਂ ਵਿੱਚ ਵੱਖ-ਵੱਖ ਨਤੀਜੇ
ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ 2 ਪ੍ਰਮੁੱਖ ਅਖ਼ਬਾਰਾਂ ਦਿ ਗਾਰਡੀਅਨ ਅਤੇ ਦਿ ਟਾਈਮਜ਼ ਤੇ ਦਿ ਸੰਡੇ ਟਾਈਮਜ਼ ਵੱਲੋਂ ਸਾਲ 2027 ਲਈ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀਆਂ ਦਰਜਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ। ਦੋਵਾਂ ਅਖ਼ਬਾਰਾਂ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਤਿਆਰ ਕੀਤੀਆਂ ਗਈਆਂ ਇਨ੍ਹਾਂ ਸੂਚੀਆਂ ਵਿੱਚ ਬਰਤਾਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਸਥਾਨਾਂ ਵਿੱਚ ਅੰਤਰ ਸਾਹਮਣੇ ਆਇਆ ਹੈ।
ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ 2 ਪ੍ਰਮੁੱਖ ਅਖ਼ਬਾਰਾਂ ਦਿ ਗਾਰਡੀਅਨ ਅਤੇ ਦਿ ਟਾਈਮਜ਼ ਤੇ ਦਿ ਸੰਡੇ ਟਾਈਮਜ਼ ਵੱਲੋਂ ਸਾਲ 2027 ਲਈ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀਆਂ ਦਰਜਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ। ਦੋਵਾਂ ਅਖ਼ਬਾਰਾਂ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਤਿਆਰ ਕੀਤੀਆਂ ਗਈਆਂ ਇਨ੍ਹਾਂ ਸੂਚੀਆਂ ਵਿੱਚ ਬਰਤਾਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਸਥਾਨਾਂ ਵਿੱਚ ਅੰਤਰ ਸਾਹਮਣੇ ਆਇਆ ਹੈ। ਦਿ ਟਾਈਮਜ਼ ਅਤੇ ਦਿ ਸੰਡੇ ਟਾਈਮਜ਼ ਦੀ ਗੁੱਡ ਯੂਨੀਵਰਸਿਟੀ ਗਾਈਡ 2027 ਅਨੁਸਾਰ ਸਕਾਟਲੈਂਡ ਦੀ ਸੇਂਟ ਐਂਡਰਿਊਜ਼ ਯੂਨੀਵਰਸਿਟੀ ਨੇ ਬਰਤਾਨੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਛੇ ਸਾਲਾਂ ਦੌਰਾਨ ਇਹ ਤੀਜੀ ਵਾਰ ਹੈ ਜਦੋਂ ਇਸ ਯੂਨੀਵਰਸਿਟੀ ਨੇ ਇਸ ਦਰਜਾਬੰਦੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸੂਚੀ ਵਿੱਚ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਦੂਜੇ, ਇੰਪੀਰੀਅਲ ਕਾਲਜ ਲੰਡਨ ਤੀਜੇ, ਕੈਂਬਰਿਜ ਯੂਨੀਵਰਸਿਟੀ ਚੌਥੇ ਅਤੇ ਆਕਸਫੋਰਡ ਯੂਨੀਵਰਸਿਟੀ ਪੰਜਵੇਂ ਸਥਾਨ ’ਤੇ ਰਹੀਆਂ ਹਨ। ਗੁੱਡ ਯੂਨੀਵਰਸਿਟੀ ਗਾਈਡ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਆਕਸਫੋਰਡ ਅਤੇ ਕੈਂਬਰਿਜ ਦੋਵੇਂ ਯੂਨੀਵਰਸਿਟੀਆਂ ਪਹਿਲੇ ਤਿੰਨ ਸਥਾਨਾਂ ਵਿੱਚ ਜਗ੍ਹਾ ਨਹੀਂ ਬਣਾ ਸਕੀਆਂ। ਦਿ ਟਾਈਮਜ਼ ਦੀ ਦਰਜਾਬੰਦੀ ਵਿੱਚ ਡਰਹਮ ਯੂਨੀਵਰਸਿਟੀ ਛੇਵੇਂ, ਵਾਰਵਿਕ ਯੂਨੀਵਰਸਿਟੀ ਸੱਤਵੇਂ, ਬਾਥ ਯੂਨੀਵਰਸਿਟੀ ਅੱਠਵੇਂ, ਸਟ੍ਰੈਥਕਲਾਈਡ ਯੂਨੀਵਰਸਿਟੀ ਨੌਵੇਂ ਅਤੇ ਬ੍ਰਿਸਟਲ ਯੂਨੀਵਰਸਿਟੀ ਦਸਵੇਂ ਸਥਾਨ ’ਤੇ ਰਹੀਆਂ ਹਨ। ਦੂਜੇ ਪਾਸੇ, ਦਿ ਗਾਰਡੀਅਨ ਵੱਲੋਂ ਜਾਰੀ ਸਾਲ 2027 ਦੀ ਦਰਜਾਬੰਦੀ ਵਿੱਚ ਬਰਤਾਨੀਆ ਦੀਆਂ 123 ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਸੂਚੀ ਵਿੱਚ ਆਕਸਫੋਡ ਪਹਿਲੇ ਅਤੇ ਕੈਂਬ੍ਰਿਜ਼ ਯੂਨੀਵਰਸਿਟੀ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ। ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਨੇ ਸਮੁੱਚੇ ਬਰਤਾਨੀਆ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਲਗਾਤਾਰ ਸੱਤਵਾਂ ਸਾਲ ਹੈ ਜਦੋਂ ਇਸ ਸੰਸਥਾ ਨੇ ਲੰਡਨ ਦੀਆਂ ਯੂਨੀਵਰਸਿਟੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਨੂੰਨ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਵਿਸ਼ਿਆਂ ਵਿੱਚ ਵੀ ਇਸ ਸੰਸਥਾ ਨੂੰ ਪਹਿਲਾ ਸਥਾਨ ਮਿਲਿਆ ਹੈ। ਦਿ ਗਾਰਡੀਅਨ ਦੀ ਦਰਜਾਬੰਦੀ ਵਿੱਚ ਲੌਫਬਰੋ ਯੂਨੀਵਰਸਿਟੀ ਨੇ ਨੌਵਾਂ ਸਥਾਨ ਹਾਸਲ ਕਰਦਿਆਂ ਪਹਿਲੀਆਂ ਦਸ ਯੂਨੀਵਰਸਿਟੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਸ ਯੂਨੀਵਰਸਿਟੀ ਨੇ ਇਮਾਰਤਸਾਜ਼ੀ ਅਤੇ ਗ੍ਰਾਫਿਕ ਡਿਜ਼ਾਈਨ ਦੇ ਵਿਸ਼ਿਆਂ ਵਿੱਚ ਪਹਿਲਾ, ਅਪਰਾਧ ਵਿਗਿਆਨ ਵਿੱਚ ਦੂਜਾ ਅਤੇ ਮੀਡੀਆ ਤੇ ਫ਼ਿਲਮ ਅਧਿਐਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਦੋਵਾਂ ਅਖ਼ਬਾਰਾਂ ਵੱਲੋਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਤਿਆਰ ਕਰਨ ਲਈ ਵੱਖ-ਵੱਖ ਮਾਪਦੰਡ ਅਪਣਾਏ ਗਏ ਹਨ। ਇਨ੍ਹਾਂ ਵਿੱਚ ਪੜ੍ਹਾਈ ਦੀ ਗੁਣਵੱਤਾ, ਵਿਦਿਆਰਥੀਆਂ ਦੀ ਸੰਤੁਸ਼ਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਨੁਪਾਤ, ਪ੍ਰਤੀ ਵਿਦਿਆਰਥੀ ਸਿੱਖਿਆ ਉੱਤੇ ਕੀਤਾ ਜਾਣ ਵਾਲਾ ਖ਼ਰਚਾ, ਦਾਖ਼ਲੇ ਦੇ ਮਿਆਰ, ਖੋਜ ਕਾਰਜਾਂ ਦੀ ਗੁਣਵੱਤਾ, ਪੜ੍ਹਾਈ ਜਾਰੀ ਰੱਖਣ ਦੀ ਦਰ ਅਤੇ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਰਗੇ ਪਹਿਲੂ ਸ਼ਾਮਲ ਹਨ। ਦੋਵਾਂ ਦਰਜਾਬੰਦੀਆਂ ਵਿੱਚ ਮਾਪਦੰਡਾਂ ਅਤੇ ਉਨ੍ਹਾਂ ਨੂੰ ਦਿੱਤੀ ਗਈ ਮਹੱਤਤਾ ਵਿੱਚ ਅੰਤਰ ਹੋਣ ਕਾਰਨ ਯੂਨੀਵਰਸਿਟੀਆਂ ਦੇ ਸਥਾਨ ਵੀ ਵੱਖਰੇ ਹਨ। ਨ ਸੇਵਾ ਟਰੱਸਟ ਯੂ ਕੇ ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਕਿਹਾ ਹੈ ਕਿ ਦੋਵੇਂ ਦਰਜਾਬੰਦੀਆਂ ਵਿਦਿਆਰਥੀਆਂ ਲਈ ਲਾਹੇਵੰਦ ਹਨ, ਖਾਸ ਤੌਰ ਤੇ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਲਈ ਇਹਨਾਂ ਸੂਚੀਆਂ ਤੋਂ ਸਹੀ ਯੂਨੀਵਰਸਿਟੀ ਦੀ ਚੋਣ ਕਰ ਸਕਦੇ ਹਨ।