ਮਾਲ ਚੋਰੀ ਕਰਨ ਦੇ ਮਾਮਲੇ ਵਿਚ ਦੋ ਪੰਜਾਬੀ ਦੋਸ਼ੀ ਕਰਾਰ
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕੀ ਅਟਾਰਨੀ ਦਫ਼ਤਰ (ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫੋਰਨੀਆ) ਦੇ ਅਨੁਸਾਰ ਇਕ ਅਮਰੀਕੀ ਜਿਊਰੀ ਨੇ ਦੋ ਭਾਰਤੀ ਨਾਗਰਿਕਾਂ ਨੂੰ ਮਾਲ (ਕਾਰਗੋ) ਚੋਰੀ ਕਰਨ ਦੀ ਸਾਜ਼ਿਸ਼ ਵਿਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ। ਇਸ ਸਾਜ਼ਿਸ਼ ਵਿਚ ਧੋਖਾਧੜੀ ਨਾਲ ਸ਼ਿਪਿੰਗ ਦੇ ਠੇਕੇ ਹਾਸਲ ਕਰਨਾ ਤੇ ਲੱਖਾਂ ਡਾਲਰਾਂ ਦੀ ਕੀਮਤ ਦਾ ਮਾਲ ਚੋਰੀ ਕਰਨਾ ਸ਼ਾਮਿਲ ਹੈ।
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕੀ ਅਟਾਰਨੀ ਦਫ਼ਤਰ (ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫੋਰਨੀਆ) ਦੇ ਅਨੁਸਾਰ ਇਕ ਅਮਰੀਕੀ ਜਿਊਰੀ ਨੇ ਦੋ ਭਾਰਤੀ ਨਾਗਰਿਕਾਂ ਨੂੰ ਮਾਲ (ਕਾਰਗੋ) ਚੋਰੀ ਕਰਨ ਦੀ ਸਾਜ਼ਿਸ਼ ਵਿਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ। ਇਸ ਸਾਜ਼ਿਸ਼ ਵਿਚ ਧੋਖਾਧੜੀ ਨਾਲ ਸ਼ਿਪਿੰਗ ਦੇ ਠੇਕੇ ਹਾਸਲ ਕਰਨਾ ਤੇ ਲੱਖਾਂ ਡਾਲਰਾਂ ਦੀ ਕੀਮਤ ਦਾ ਮਾਲ ਚੋਰੀ ਕਰਨਾ ਸ਼ਾਮਿਲ ਹੈ। ਸੈਕਰਾਮੈਂਟੋ ਦੇ 28 ਸਾਲਾ ਅਰਸ਼ਪ੍ਰੀਤ ਸਿੰਘ ਅਤੇ ਫੋਂਟਾਨਾ ਦੇ 31 ਸਾਲਾ ਵਿਕਰਮਜੀਤ ਸਿੰਘ ਨੂੰ ਸੱਤ ਦਿਨਾਂ ਦੀ ਸੁਣਵਾਈ ਤੋਂ ਬਾਅਦ ਅੰਤਰਰਾਜੀ ਜਾਂ ਵਿਦੇਸ਼ੀ ਸ਼ਿਪਮੈਂਟਾਂ ਵਿਚੋਂ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਜਿਊਰੀ ਨੇ ਅਰਸ਼ਪ੍ਰੀਤ ਸਿੰਘ ਨੂੰ ‘ਵਾਇਰ ਫਰਾਡ’ (ਇਲੈਕਟਰਾਨਿਕ ਸਾਧਨਾਂ ਰਾਹੀਂ ਧੋਖਾਧੜੀ) ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਵੀ ਮੰਨਿਆ, ਜਦੋਂਕਿ ਵਿਕਰਮਜੀਤ ਸਿੰਘ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਗਿਆ। ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਅਨੁਸਾਰ ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮਾਰਚ 2024 ਅਤੇ ਜੂਨ 2025 ਦੇ ਵਿਚਕਾਰ ਇਸ ਯੋਜਨਾ ਨੂੰ ਅੰਜਾਮ ਦਿੱਤਾ। ਉਹ ਮਾਲ ਢੋਆ-ਢੁਆਈ ਦੇ ਠੇਕਿਆਂ ਲਈ ਬੋਲੀ ਲਗਾਉਣ ਵਾਸਤੇ ਜਾਇਜ਼ ਟਰੱਕਿੰਗ ਕੰਪਨੀਆਂ ਖਰੀਦਦੇ ਸਨ ਜਾਂ ਧੋਖਾਧੜੀ ਨਾਲ ਉਨ੍ਹਾਂ ਦੀ ਵਰਤੋਂ ਕਰਦੇ ਸਨ। ਠੇਕੇ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਲ ਨੂੰ ਨਿਰਧਾਰਤ ਥਾਵਾਂ ’ਤੇ ਨਹੀਂ ਪਹੁੰਚਾਇਆ ਤੇ ਇਸ ਦੀ ਬਜਾਏ ਉਨ੍ਹਾਂ ਨੇ ਮਾਲ ਚੋਰੀ ਕਰ ਲਿਆ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਚੋਰੀ ਕੀਤੇ ਗਏ ਮਾਲ ਵਿਚ ਟੈਲੀਵਿਜ਼ਨ, ਲੈਪਟਾਪ, ਘਰੇਲੂ ਉਪਕਰਣ ਅਤੇ ਹੋਰ ਇਲੈਕਟਰਾਨਿਕਸ ਸਮਾਨ ਸ਼ਾਮਿਲ ਹੈ। ਅਧਿਕਾਰੀਆਂ ਨੇ ਇਨ੍ਹਾਂ ਚੋਰੀਆਂ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਘੱਟੋ-ਘੱਟ 20 ਲੱਖ ਡਾਲਰ ਲਗਾਇਆ ਹੈ। ਅਮਰੀਕੀ ਜ਼ਿਲ੍ਹਾ ਜੱਜ ਐਨ ਹਵਾਂਗ ਨੇ ਸਜ਼ਾ ਸੁਣਾਉਣ ਲਈ ਸੁਣਵਾਈ ਦੀ ਤਾਰੀਖ 20 ਜਨਵਰੀ, 2027 ਨਿਰਧਾਰਤ ਕੀਤੀ ਹੈ।