01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਤੇ ਸੰਘਰਸ਼ ਸੰਬੰਧੀ ਨਾਟਕ ‘ਮਿੱਟੀ ਦੀ ਪਛਾਣ’ ਨੂੰ ਭਰਵਾਂ ਹੁੰਗਾਰਾ

ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਦੀ ਉਘੀ ਅਦਾਕਾਰਾ ਅਨੀਤਾ ਸ਼ਬਦੀਸ਼ ਵਲੋਂ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਨਾਟਕ ‘ਮਿੱਟੀ ਦੀ ਪਛਾਣ’ ਨੂੰ ਬਰਤਾਨੀਆ ਦੇ ਪੰਜ ਸ਼ਹਿਰਾਂ ਵਿਚ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸਾਊਥਾਲ, ਈਰਥ (ਕੈਂਟ), ਬਰਮਿੰਘਮ, ਲੈਸਟਰ ਅਤੇ ਬੈਡਫੋਰਡ ਵਿਖੇ ਹੋਈਆਂ ਨਾਟਕ ਦੀਆਂ ਪੇਸ਼ਕਾਰੀਆਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ, ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 01-11-2026
ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਦੀ ਉਘੀ ਅਦਾਕਾਰਾ ਅਨੀਤਾ ਸ਼ਬਦੀਸ਼ ਵਲੋਂ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਨਾਟਕ ‘ਮਿੱਟੀ ਦੀ ਪਛਾਣ’ ਨੂੰ ਬਰਤਾਨੀਆ ਦੇ ਪੰਜ ਸ਼ਹਿਰਾਂ ਵਿਚ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸਾਊਥਾਲ, ਈਰਥ (ਕੈਂਟ), ਬਰਮਿੰਘਮ, ਲੈਸਟਰ ਅਤੇ ਬੈਡਫੋਰਡ ਵਿਖੇ ਹੋਈਆਂ ਨਾਟਕ ਦੀਆਂ ਪੇਸ਼ਕਾਰੀਆਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ, ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ।ਆਈ.ਡਬਲਿਊ.ਏ. ਦੀ ਗ੍ਰੀਨਵਿਚ ਤੇ ਬੈਕਸਲੀ ਬ੍ਰਾਂਚ ਦੇ ਪ੍ਰਧਾਨ ਬਲਬੀਰ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਰਥ, ਕੈਂਟ ਵਿਖੇ ਨਾਟਕ ‘ਮਿੱਟੀ ਦੀ ਪਛਾਣ’ ਦੀ ਵਿਸ਼ੇਸ਼ ਪੇਸ਼ਕਾਰੀ ਕਰਵਾਈ ਗਈ। ਇਸ ਮੌਕੇ ਸੁਚੇਤਕ ਰੰਗਮੰਚ, ਮੁਹਾਲੀ ਨਾਲ ਸੰਬੰਧਿਤ ਪ੍ਰਸਿੱਧ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪੰਜਾਬੀ ਫ਼ਿਲਮਾਂ ਅਤੇ ਰੰਗਮੰਚ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਨੀਤਾ ਸ਼ਬਦੀਸ਼ ਨੂੰ ਬ੍ਰਾਂਚ ਵਲੋਂ ਵਿਸ਼ੇਸ਼ ਸੱਦੇ ’ਤੇ ਬਰਤਾਨੀਆ ਬੁਲਾਇਆ ਗਿਆ ਸੀ।ਬਲਬੀਰ ਜੌਹਲ ਨੇ ਕਿਹਾ ਕਿ ਬਹੁਤ ਹੀ ਥੋੜ੍ਹੇ ਸਮੇਂ ਵਿਚ ਅਨੀਤਾ ਸ਼ਬਦੀਸ਼ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਸਖ਼ਤ ਮਿਹਨਤ ਕਰਕੇ ਇਸ ਨਾਟਕ ਦੀਆਂ ਪੇਸ਼ਕਾਰੀਆਂ ਸੰਭਵ ਬਣਾਈਆਂ। ਉਨ੍ਹਾਂ ਕਿਹਾ ਕਿ ਇਹ ਨਾਟਕ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਰਾਹੀਂ ਪੰਜਾਬ ਦੇ ਇਤਿਹਾਸ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਔਰਤਾਂ ਦੇ ਅਧਿਕਾਰਾਂ ਲਈ ਕੀਤੇ ਗਏ ਸੰਘਰਸ਼ ਦਾ ਮਹੱਤਵਪੂਰਨ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਇਆ ਗਿਆ।ਜ਼ਿਕਰਯੋਗ ਹੈ ਕਿ ਰਾਜਕੁਮਾਰੀ ਸੋਫੀਆ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸਨ। ਉਨ੍ਹਾਂ ਬਰਤਾਨੀਆ ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਚੱਲੇ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਨਾਟਕ ਰਾਹੀਂ ਉਨ੍ਹਾਂ ਦੇ ਜੀਵ ਨ, ਸੰਘਰਸ਼, ਸਮਾਜਿਕ ਬਰਾਬਰੀ ਅਤੇ ਮਨੁੱਖੀ ਅਧਿ ਕਾਰਾਂ ਪ੍ਰਤੀ ਵਚਨਬੱਧਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਬਲਬੀਰ ਜੌਹਲ ਅਨੁਸਾਰ ਪੰਜਾਂ ਸ਼ਹਿਰਾਂ ਵਿਚ ਨਾਟਕ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਸਾਬਤ ਕੀਤਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅੱਜ ਵੀ ਆਪਣੀ ਮਾਂ-ਬੋਲੀ, ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਨਾਲ ਡੂੰਘਾ ਲਗਾਅ ਰੱਖਦੇ ਹਨ। ਦਰਸ਼ਕਾਂ ਵਲੋਂ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਅਤੇ ਨਾਟਕ ਦੀ ਵਿਸ਼ਾ-ਵਸਤੂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਾਮਰੇਡ ਰਣਜੀਤ ਬਰਾੜ ਅਤੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਭਾਰਤ ਦੇ ਮੌਜੂਦਾ ਹਲਾਤ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਅਤੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਲੋਕ ਚੇਤਨਾ ਪੈਦਾ ਕਰਨ ਵਿਚ ਸਾਹਿਤ, ਕਲਾ ਅਤੇ ਰੰਗਮੰਚ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।ਬ੍ਰਾਂਚ ਪ੍ਰਧਾਨ ਬਲਬੀਰ ਜੌਹਲ ਨੇ ਸਮਾਗਮਾਂ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸੀਨੀਅਰ ਸਾਥੀ ਹਰਦੇਵ ਢਿੱਲੋਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਘਰੋਂ ਹੀ ਲੋਕ ਸੇਵਾ ਅਤੇ ਜਥੇਬੰਦਕ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਬ੍ਰਾਂਚ ਸਕੱਤਰ ਮਨਦੀਪ ਢਿੱਲੋਂ ਅਤੇ ਬਾਕੀ ਸਮੂਹ ਸਾਥੀਆਂ ਵਲੋਂ ਦਿੱਤੇ ਸਹਿਯੋਗ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਟਰੰਪ ਵਲੋਂ ਰਾਮਾਸਵਾਮੀ ਸਮੇਤ ਹੋਰ ਰਿਪਬਲੀਕਨ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਅਗਲੀ ਖ਼ਬਰ ਜੂਨ 1984 ਘੱਲੂਘਾਰੇ ਤੋਂ ਬਾਅਦ ਅੰਮ੍ਰਿਤਸਰ ਜਾਣ ਵਾਲੇ ਪਹਿਲੇ ਪੱਤਰਕਾਰ ਰਾਓ ਦਾ ਲੰਡਨ ਵਿਚ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।