ਸਿੱਧਪੁਰ ਦੇ ਰਵੀਪਾਲ ਬੈਂਸ ਕੈਨੇਡਾ ਦੇ ਟੌਪ 40 ਨੌਜਵਾਨ ਆਗੂਆਂ ’ ਚ ਸ਼ਾਮਿਲ
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਪੁਰ ਦੇ ਜੰਮਪਲ ਰਵੀਪਾਲ ਸਿੰਘ ਬੈਂਸ ਨੂੰ ਪੇਸ਼ੇਵਰ ਪ੍ਰਾਪਤੀਆਂ ਸਦਕਾ ਕੈਨੇਡਾ ਵਿਚ ਸਾਲ 2026 ਦੇ ਵੱਕਾਰੀ ‘ਕੈਨੇਡਾਜ਼ ਟੌਪ 40 ਅੰਡਰ 40’ ਸਨਮਾਨ ਲਈ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 40 ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਪੇਸ਼ੇਵਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਸਮਾਜਿਕ ਕਾਰਜਾਂ ਦੇ ਯੋਗਦਾਨ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੋਵੇ।
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਪੁਰ ਦੇ ਜੰਮਪਲ ਰਵੀਪਾਲ ਸਿੰਘ ਬੈਂਸ ਨੂੰ ਪੇਸ਼ੇਵਰ ਪ੍ਰਾਪਤੀਆਂ ਸਦਕਾ ਕੈਨੇਡਾ ਵਿਚ ਸਾਲ 2026 ਦੇ ਵੱਕਾਰੀ ‘ਕੈਨੇਡਾਜ਼ ਟੌਪ 40 ਅੰਡਰ 40’ ਸਨਮਾਨ ਲਈ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ 40 ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਪੇਸ਼ੇਵਰ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਸਮਾਜਿਕ ਕਾਰਜਾਂ ਦੇ ਯੋਗਦਾਨ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਹੋਵੇ। ਕਿਸਾਨ ਪਰਿਵਾਰ ਵਿਚ ਜਨਮੇ ਰਵੀਪਾਲ ਬੈਂਸ ਨੇ ਆਪਣੀ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੈਨੇਡਾ ਦੀ ਓਟਾਵਾ ਯੂਨੀਵਰਸਿਟੀ ਤੋਂ ਵੀ ਕਾਨੂੰਨੀ ਸਿੱਖਿਆ ਹਾਸਲ ਕੀਤੀ ਅਤੇ ਕਾਰਪੋਰੇਟ ਕਾਨੂੰਨ ਤੇ ਅੰਤਰਰਾਸ਼ਟਰੀ ਵਿੱਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਈ।ਉਹ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਵਿਚ ਡਾਇਰੈਕਟਰ ਅਤੇ ਸੀਨੀਅਰ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੀ ਪ੍ਰਮੁੱਖ ਕਾਨੂੰਨੀ ਫਰਮ ਮੈਕਮਿਲਨ ਐਲਐਲਪੀ ਵਿੱਚ ਪਾਰਟਨਰ ਰਹਿ ਚੁੱਕੇ ਹਨ। ਆਪਣੇ ਪੇਸ਼ੇਵਰ ਜੀਵਨ ਦੌਰਾਨ ਉਨ੍ਹਾਂ ਨੇ ਕਈ ਵੱਡੇ ਵਿੱਤੀ ਅਤੇ ਕਾਰੋਬਾਰੀ ਸੌਦਿਆਂ ਵਿਚ ਕਾਨੂੰਨੀ ਸਲਾਹਕਾਰ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿਚ ਕੈਨੇਡਾ ਸਰਕਾਰ ਵਲੋਂ ਪਹਿਲੀ ਵਾਰ ਜਾਰੀ ਕੀਤੇ ਗਏ ਪੰਜ ਅਰਬ ਡਾਲਰ ਦੇ ਗ੍ਰੀਨ ਬਾਂਡ ਨਾਲ ਸੰਬੰਧਿਤ ਕੰਮ ਵੀ ਸ਼ਾਮਿਲ ਹੈ।ਰਵੀਪਾਲ ਬੈਂਸ ਨੂੰ ਇਸ ਤੋਂ ਪਹਿਲਾਂ ਵੀ ਕਈ ਵੱਕਾਰੀ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿਚ ‘ਲੈਕਸਪਰਟ ਰਾਈਜ਼ਿੰਗ ਸਟਾਰਜ਼’ ਅਤੇ ‘ਦ ਐੱਮ ਐਂਡ ਏ ਐਡਵਾਈਜ਼ਰ ਐਮਰਜਿੰਗ ਲੀਡਰਜ਼ ਐਵਾਰਡ’ ਸ਼ਾਮਲ ਹਨ । ਇਸ ਤੋਂ ਇਲਾਵਾ ਉਹ ਬਿਜ਼ਨਸ ਕੌਂਸਲ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਵੀ ਰਹਿ ਚੁੱਕੇ ਹਨ।ਅੰਤਰਰਾਸ਼ਟਰੀ ਪੱਧਰ ’ਤੇ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਮਿਲੀ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਨੀਦਰਲੈਂਡਜ਼ ਦੇ ਸ਼ਹਿਰ ਦਿ ਹੇਗ ਵਿਖੇ ਯੂਗੋਸਲਾਵੀਆ ਲਈ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਨਾਲ ਵੀ ਕੰਮ ਕੀਤਾ।ਸਾਲ 1995 ਵਿਚ ਸ਼ੁਰੂ ਹੋਇਆ ‘ਕੈਨੇਡਾਜ਼ ਟੌਪ 40 ਅੰਡਰ 40’ ਸਨਮਾਨ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਉੱਭਰ ਰਹੀਆਂ ਪ੍ਰਤਿਭਾਵਾਂ ਅਤੇ ਨੌਜਵਾਨ ਆਗੂਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਸਾਲ 2026 ਦੇ ਸਨਮਾਨਿਤ ਵਿਅਕਤੀਆਂ ਦੀ ਚੋਣ 18 ਮੈਂਬਰੀ ਸੁਤੰਤਰ ਸਲਾਹਕਾਰ ਕਮੇਟੀ ਵਲੋਂ ਕੀਤੀ ਗਈ। ਸਥਾਨਕ ਪੰਜਾਬੀ ਭਾਈਚਾਰੇ ਵਲੋਂ ਉਨਾਂ ਦੀ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।