28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

28-10-2026

28-10-2026

ਅਜੀਤ ਡੈਸਕ 28-10-2026

ਵਧ ਰਿਹਾ ਸਾਈਬਰ ਅਪਰਾਧ


ਰੋਜ਼ਾਨਾ ਕੋਈ ਨਾ ਕੋਈ ਸਾਈਬਰ ਕ੍ਰਾਈਮ ਨਾਲ ਜੁੜੀ ਘਟਨਾ ਸਾਡੇ ਸਾਹਮਣੇ ਆਉਂਦੀ ਹੀ ਰਹਿੰਦੀ ਹੈ | ਲੋਕਾਂ ਕੋਲੋਂ ਆਧਾਰ ਕਾਰਡ ਜਾਂ ਹੋਰ ਵੀ ਕਈ ਦਸਤਾਵੇਜ਼,  ਏ.ਟੀ.ਐਮ. ਬਣਵਾਉਣ ਜਾਂ ਆਨਲਾਈਨ ਖਾਣਾ ਆਰਡਰ ਕਰਨ ਵੇਲੇ ਜਾਅਲੀ ਐਪਸ ਰਾਹੀਂ ਓ ਟੀ ਪੀ ਦੇ ਜ਼ਰੀਏ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਕਢਵਾਏ ਜਾ ਰਹੇ ਹਨ | ਕਈ ਤਾਂ ਪੜ੍ਹੇ ਲਿਖੇ ਲੋਕ ਵੀ ਅਣਜਾਣੇ ਵਿਚ ਅਪਰਾਧੀਆਂ ਦੀ ਚਪੇਟ ਵਿਚ ਆ ਜਾਂਦੇ ਹਨ | ਅਜੇ ਵੀ ਕਈ ਅਜਿਹੇ ਭੋਲ਼ੇ ਲੋਕ ਜਿਵੇਂ ਕੋਈ ਬਜ਼ੁਰਗ, ਜਾਂ ਕੋਈ ਨਾ ਸਮਝ  ਜਿਨ੍ਹਾਂ ਨੂੰ  ਡਿਜੀਟਲ ਕ੍ਰਾਈਮ ਭਾਵ ਸਾਈਬਰ ਕਰਾਈਮ ਦੀ ਜਾਣਕਾਰੀ ਨਹੀਂ ਹੈ ਉਹ ੳਨ੍ਹਾਂ ਦੀਆਂ ਗੱਲਾਂ ਵਿਚ ਫ਼ਸ ਕੇ ਆਪਣੀ ਕੀਮਤੀ ਪੂੰਜੀ ਕੁਝ ਸਕਿੰਟਾਂ ਵਿਚ ਹੀ ਗੁਆ ਬੈਠਦੇ ਹਨ | ਅਪਰਾਧੀ ਆਪਣਾ ਕੰਮ ਕਰਨ ਤੋਂ ਬਾਅਦ ਉਸੇ ਵੇਲੇ ਆਪਣਾ ਨੰਬਰ ਵੀ ਸਵਿੱਚ ਆਫ਼ ਕਰ ਲੈਂਦੇ ਹਨ, ਮੁੜ ਕੇ ਉਨ੍ਹਾਂ ਦਾ ਕੋਈ ਅਤਾ-ਪਤਾ ਤੱਕ ਨਹੀਂ ਲੱਗਦਾ, ਜਦੋਂ ਅਸੀਂ ਪੁਲਿਸ ਨੂੰ  ਸ਼ਿਕਾਇਤ ਕਰਨ ਜਾਂਦੇ ਹਾਂ ਤਾ ਉਹ ਸਭ ਤੋਂ ਪਹਿਲਾਂ ਸਾਡੀ ਹੀ ਗਲਤੀ ਕੱਢਦੇ ਹਨ ਕਿ ਤੁਸੀਂ ਆਪਣੀ ਜ਼ਰੂਰੀ ਜਾਣਕਾਰੀ ਬਿਨਾਂ ਕਿਸੇ ਤਹਿਕੀਕਾਤ ਦੇ ਕਿਸੇ ਅਣਜਾਣ ਨੂੰ  ਕਿਉਂ ਦਿੱਤੀ | ਜਦੋਂ ਅੱਗਿਓਾ ਪੁਲਿਸ ਵਾਲੇ ਦਿੱਤੇ ਗਏ ਨੰਬਰ ਦੀ ਪੁੱਛ ਪੜਤਾਲ ਕਰਦੇ ਹਨ, ਜਿਸ ਨਾਂਅ ਤੋਂ ਕਾਲ ਕਰਕੇ ਧੋਖਾਧੜੀ ਕੀਤੀ ਗਈ ਸੀ, ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਪੰਜਾਬ ਤੋਂ ਬਾਹਰ ਅਹਿਮਦਾਬਾਦ,  ਗੁਜਰਾਤ, ਉੱਤਰਾਖੰਡ, ਯੂ. ਪੀ. ਜਾਂ ਹੋਰ ਵੀ ਕਿਸੇ ਥਾਵਾਂ ਤੋਂ ਹੋ ਸਕਦੇ ਹਨ | ਜਿਨ੍ਹਾਂ ਨੂੰ  ਕਿੰਨੀ ਵੀ ਕੋਸ਼ਿਸ਼ ਕਰ ਲਓ ਪਤਾ ਲਗਾ ਪਾਉਣਾ ਜਾਂ ਫੜਨਾ ਨਾਮੁਮਕਿਨ ਦੇ ਬਰਾਬਰ ਹੁੰਦਾ ਹੈ | ਇਸ ਲਈ ਅੱਜ ਸਾਨੂੰ  ਲੋੜ  ਹੈ ਕਿ ਆਪਾਂ ਖੁਦ ਹੀ ਸੁਚੇਤ ਰਹੀਏ, ਕਿਸੇ ਨੂੰ  ਵੀ ਕਾਲ 'ਤੇ ਗੱਲ ਕਰਨ ਵੇਲੇ ਆਪਣੇ ਕੋਈ ਵੀ ਜਰੂਰੀ ਦਸਤਾਵੇਜ਼ ਜਾਂ ਫਿਰ ਬੈਂਕ ਨਾਲ ਸਬੰਧਿਤ ਕੋਈ ਵੀ ਜਾਣਕਾਰੀ, ਪਾਸਵਰਡ ਜਾਂ ਓ.ਟੀ.ਪੀ. ਨਾ ਦੇਈਏ |

-ਨੇਹਾ ਭੱਟੀ, 
ਲਾਇਲਪੁਰ ਖ਼ਾਲਸਾ ਕਾਲਜ, ਪੱਤਰਕਾਰਤਾ ਵਿਭਾਗ, ਜਲੰਧਰ

ਚਲੰਤ ਮਾਮਲੇ 'ਤੇ ਢੁਕਵੀਂ ਸੰਪਾਦਕੀ


ਦਿਨ ਮੰਗਲਵਾਰ 13 ਅਕਤੂਬਰ ਨੂੰ  ਸੰਪਾਦਕੀ ਪੰਨੇ 'ਤੇ ਸੰਪਾਦਕੀ ਸਥਾਨ 'ਤੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦਾ ਸੰਪਾਦਕੀ ਲੇਖ 'ਸਿਆਸੀ ਮਾਹੌਲ ਵਿਚ ਗਰਮਾਹਟ' ਪੜਿ੍ਹਆ | ਇਸ ਸਮੇਂ ਗੰਭੀਰ ਵੋਟ ਪ੍ਰਕਿਰਿਆ ਨੂੰ  ਲੈ ਕੇ ਦਿੱਲੀ ਵਿਚ ਇਕ ਘਮਸਾਨ ਮਚਿਆ ਨਜ਼ਰ ਆਉਂਦਾ ਹੈ | ਮੈਟਰੋ ਸਟੇਸ਼ਨਾਂ ਦਾ ਬੰਦ ਹੋਣਾ, ਆਵਾਜਾਈ ਸਾਧਨਾਂ ਵਿਚ ਵੱਡੀ ਰੁਕਾਵਟ ਅਤੇ ਵੱਡੀ ਗਿਣਤੀ ਵਿਚ ਪੁਲਿਸ ਦੀ ਤਾਇਨਾਤੀ ਨੇ ਵਿਰੋਧੀ ਦਲਾਂ ਦੇ ਹਮਾਇਤੀਆਂ ਨੂੰ  ਇਕੱਠਾ ਨਹੀਂ ਹੋਣ ਦਿੱਤਾ | ਅਜਿਹੇ ਮਸਲੇ ਠੋਸ ਸਬੂਤਾਂ ਅਤੇ ਪੁਖ਼ਤਾ ਤੱਥਾਂ ਦੇ ਅਧਾਰ 'ਤੇ ਵਿਚਾਰੇ ਜਾਣੇ ਜ਼ਰੂਰੀ ਹਨ | ਟਕਰਾਅ ਦੀ ਸਿਆਸਤ ਜਿੱਥੇ ਦੇਸ਼ ਦੇ ਵਿਕਾਸ ਨੂੰ  ਬਰੇਕਾਂ ਲਗਾਏਗੀ, ਉਥੇ ਸਥਿਤੀ ਨੂੰ  ਹੋਰ ਵੀ ਗੰਭੀਰ ਅਤੇ ਬੇਹੱਦ ਉਲਝਣ ਭਰੀ ਬਣਾਉਣ ਵਿਚ ਸਹਾਈ ਹੋਵੇਗੀ | ਇਹ ਸਮੁੱਚਾ ਲੇਖ ਚਲੰਤ ਮਾਮਲੇ 'ਤੇ ਜਾਣਕਾਰੀ ਭਰਪੂਰ ਸੀ |  

-ਪਿ੍ੰਸੀਪਲ ਜਸਪਾਲ ਸਿੰਘ ਲੋਹਾਮ

ਆਵਾਜਾਈ ਨਿਯਮਾਂ ਦੀ ਪਾਲਣਾ ਜ਼ਰੂਰੀ


ਰੋਜ਼ਾਨਾ ਦੇਖਣ/ਸੁਣਨ ਵਿਚ ਆਉਂਦਾ ਹੈ ਕਿ ਸੜਕ ਹਾਦਸਿਆਂ ਕਾਰਨ ਨਿੱਤ ਦਿਨ ਅਨੇਕਾਂ ਹੀ ਲੋਕਾਂ ਦੀ ਅਜਾੲੀਂ ਹੀ ਜਾਨ ਚਲੀ ਜਾਂਦੀ ਹੈ ਅਤੇ ਕਈ ਜ਼ਿੰਦਗੀ ਭਰ ਲਈ ਨਕਾਰਾ ਹੋ ਜਾਂਦੇ ਹਨ | ਇਨ੍ਹਾਂ ਨਿੱਤ ਵਾਪਰਦੇ ਹਾਦਸਿਆਂ ਤੋਂ ਸਮਾਜ ਨੂੰ  ਸਬਕ ਸਿੱਖਣਾ ਚਾਹੀਦਾ ਹੈ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਜ਼ਿਆਦਾਤਰ ਸੜਕ ਹਾਦਸੇ ਜਲਦਬਾਜ਼ੀ, ਤੇਜ ਰਫ਼ਤਾਰ, ਲਾਪਰਵਾਹੀ, ਨਸ਼ੇ ਦਾ ਸੇਵਨ, ਗ਼ਲਤ ਪਾਸੇ ਚਲਣਾ ਆਦਿ ਪ੍ਰਮੁੱਖ ਹਨ | ਸੋ, ਸਾਨੂੰ ਆਪਣੀ, ਆਪਣੇ ਪਰਿਵਾਰ ਅਤੇ ਦੂਜਿਆਂ ਦੀਆਂ ਕੀਮਤੀ ਜਾਨਾਂ ਨੂੰ  ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਉਣ ਲਈ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਇਸੇ ਵਿਚ ਹੀ ਸਭ ਦੀ ਭਲਾਈ ਹੈ |

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ),

ਪਰਾਲੀ, ਦੁਸਹਿਰਾ ਤੇ ਦੀਵਾਲੀ


ਜਦੋਂ ਅਸਮਾਨ ਵਿਚ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਦਾ ਧੂੰਆਂ ਉੱਠਦਾ ਹੈ ਤਾਂ ਅਸੀਂ ਬੁਰਾਈ ਦੇ ਖ਼ਾਤਮੇ ਦਾ ਜਸ਼ਨ ਮਨਾਉਂਦੇ ਹਾਂ, ਪਰ ਠੀਕ ਉਸੇ ਸਮੇਂ ਸਾਡੇ ਖੇਤਾਂ ਵਿਚੋਂ ਉੱਠਦਾ ਪਰਾਲੀ ਦਾ ਕਾਲਾ ਧੂੰਆਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਸਾਹਾਂ ਨੂੰ  ਖਾ ਰਿਹਾ ਹੁੰਦਾ ਹੈ | ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਪਰ ਪਰਾਲੀ ਦੇ ਧੂੰਏਾ ਨਾਲ ਬਣੀ ਧੁੰਦ ਨੇ ਤਾਂ ਦਿਨ ਦੀ ਰੌਸ਼ਨੀ ਨੂੰ  ਵੀ ਹਨ੍ਹੇਰੇ ਵਿਚ ਬਦਲ ਦਿੱਤਾ ਹੈ | ਸੋਚੋ, ਅਸੀਂ ਆਪਣੇ ਬੱਚਿਆਂ ਲਈ ਨਵੇਂ ਕੱਪੜੇ, ਮਠਿਆਈਆਂ ਅਤੇ ਪਟਾਕੇ ਲਿਆਉਂਦੇ ਹਾਂ, ਪਰ ਉਨ੍ਹਾਂ ਨੂੰ  ਸਾਫ ਹਵਾ ਦੇਣ ਤੋਂ ਵਾਂਝੇ ਰੱਖ ਦਿੰਦੇ ਹਾਂ | ਇਕ ਏਕੜ ਪਰਾਲੀ ਨੂੰ  ਅੱਗ ਲਾਉਣ ਨਾਲ ਅਸੀਂ 80 ਕਿਲੋ ਨਾਈਟ੍ਰੋਜਨ ਅਤੇ ਜ਼ਮੀਨ ਦੇ ਕਰੋੜਾਂ ਮਿੱਤਰ ਕੀੜੇ ਸਾੜ ਦਿੰਦੇ ਹਾਂ | ਇਹ ਧਰਤੀ ਮਾਂ ਨੂੰ  ਅੱਗ ਲਾਉਣ ਦੇ ਬਰਾਬਰ ਹੈ | ਆਓ ਇਸ ਦੀਵਾਲੀ 'ਤੇ ਦੀਵਾ ਮਿੱਟੀ ਦਾ ਹੀ ਨਹੀਂ, ਸੋਚ ਦਾ ਵੀ ਜਗਾਈਏ | ਖੇਤ ਨੂੰ  ਅੱਗ ਨਹੀਂ, ਸਤਿਕਾਰ ਦਈਏ | ਤਾਂ ਹੀ ਸਾਡੀ ਦੀਵਾਲੀ ਸੱਚਮੁੱਚ ਰੌਸ਼ਨ ਹੋਵੇਗੀ |

-ਗੌਰਵ ਮੁੰਜਾਲ
ਪੀ.ਸੀ.ਐਸ


ਜ਼ਿੰਦਗੀ 'ਚ ਘਟ ਰਿਹਾ ਸਬਰ


ਸਬਰ, ਜੋ ਕਦੇ ਮਨੁੱਖ ਦੀ ਇਕ ਮਹੱਤਵਪੂਰਨ ਖੂਬੀ ਮੰਨੀ ਜਾਂਦੀ ਸੀ, ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚੋਂ ਘਟਦਾ ਜਾ ਰਿਹਾ ਹੈ | ਅਸੀਂ ਹਰ ਕੰਮ ਜਲਦਬਾਜ਼ੀ ਵਿਚ ਪੂਰਾ ਕਰਨਾ ਅਤੇ ਹਰ ਚੀਜ਼ ਦਾ ਤੁਰੰਤ ਨਤੀਜਾ ਚਾਹੁੰਦੇ ਹਾਂ | 
ਮੋਬਾਈਲ ਅਤੇ ਸੋਸ਼ਲ ਮੀਡੀਆ ਨੇ ਵੀ ਸਾਡੀ ਇਸ ਆਦਤ ਨੂੰ  ਹੋਰ ਵਧਾ ਦਿੱਤਾ ਹੈ, ਕਿਉਂਕਿ ਅਸੀਂ ਲਗਾਤਾਰ ਨਵੀਂ ਸਮੱਗਰੀ ਦੇਖਣ ਦੇ ਆਦੀ ਹੋ ਗਏ ਹਾਂ | ਇਸ ਬੇਸਬਰੀ ਦਾ ਅਸਰ ਸਾਡੇ ਵਿਹਾਰ ਉੱਤੇ ਵੀ ਪੈਂਦਾ ਹੈ | ਕਿਸੇ ਦੀ ਗੱਲ ਪਸੰਦ ਨਾ ਆਉਣ 'ਤੇ ਅਸੀਂ ਸੋਚਣ ਜਾਂ ਸਮਝਣ ਦੀ ਬਜਾਏ ਤੁਰੰਤ ਪ੍ਰਤੀਕਿਰਿਆ ਦਿੰਦੇ ਹਾਂ | ਕਈ ਵਾਰ ਜਜ਼ਬਾਤਾਂ ਵਿਚ ਲਏ ਫ਼ੈਸਲੇ ਬਾਅਦ ਵਿਚ ਪਛਤਾਵੇ ਦਾ ਕਾਰਨ ਬਣਦੇ ਹਨ | 
ਸ਼ਾਇਦ ਅੱਜ ਦੇ ਤੇਜ਼ ਯੁੱਗ ਵਿਚ ਸਬਰ ਦਾ ਅਰਥ ਸਿਰਫ਼ ਉਡੀਕ ਕਰਨਾ ਨਹੀਂ, ਸਗੋਂ ਰੁਕ ਕੇ ਸੋਚਣਾ, ਸਮਝਣਾ ਅਤੇ ਫਿਰ ਪ੍ਰਤੀਕਿਰਿਆ ਦੇਣਾ ਹੈ |

-ਤਰਨਜੀਤ ਕੌਰ (ਸ਼ਾਹਪੁਰ)

 

ਪਿਛਲੀ ਖ਼ਬਰ ‘ਸ੍ਰਿਸ਼ਟੀ ਦੀ ਚਾਦਰ’ ਸੈਮੀਨਾਰ ਦੌਰਾਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।