ਸਿਰਸਾ, 1 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਬੀਤੇ ਕੱਲ੍ਹ ਦੇਰ ਸ਼ਾਮ ਤੇਜ਼ ਝੱਖੜ ਤੇ ਮੀਂਹ ਨਾਲ ਪਏ ਗੜਿਆਂ ਨਾਲ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ 'ਚ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ | ਪੀੜਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ | ਵੱਖ-ਵੱਖ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਤੇਜ਼ ਝੱਖੜ, ਮੀਂਹ ਤੇ ਗੜਿਆਂ ਨਾਲ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ | ਭਰੋਖਾਂ ਤੇ ਬਰੂਵਾਲੀ ਆਦਿ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਝੱਖੜ ਤੇ ਗੜਿਆਂ ਨਾਲ ਕਣਕ ਤੇ ਸਰੋ੍ਹਾ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਦੱਸਿਆ ਹੈ ਕਿ ਝੱਖੜ ਨਾਲ ਕਣਕ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ | ਗੜਿਆਂ ਨਾਲ ਭਾਰੀ ਨੁਕਸਾਨ ਪੁੱਜਿਆ ਹੈ | ਸਰੋ੍ਹਾ ਦੀ ਵਾਢੀ ਦਾ ਕੰਮ ਰੁਕ ਗਿਆ ਹੈ | ਕਣਕ ਦੀ ਵਾਢੀ ਦਾ ਕੰਮ ਵੀ ਪਛੜਣ ਦਾ ਖਦਸ਼ਾ ਹੈ | ਮੀਂਹ ਤੇ ਗੜਿਆਂ ਨਾਲ ਰਾਣੀਆਂ ਖੇਤਰ ਦੇ ਕਈ ਪਿੰਡ ਵੀ ਪ੍ਰਭਾਵਿਤ ਹੋਏ ਹਨ | ਕਿਸਾਨਾਂ ਨੇ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ | ਉਧਰ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਡੀਡੀਏ ਡਾ. ਸੁਖਦੇਵ ਸਿੰਘ ਕੰਬੋਜ ਨੇ ਦੱਸਿਆ ਹੈ ਕਿ ਨੁਕਸਾਨੀਆਂ ਫ਼ਸਲਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਕਰਵਾਇਆ ਹੋਇਆ ਹੈ, ਉਹ ਕਿਸਾਨ 24 ਘੰਟਿਆਂ ਦੇ ਅੰਦਰ ਅੰਦਰ ਆਪਣੀ ਨੁਕਸਾਨੀ ਫ਼ਸਲ ਦਾ ਵੇਰਵਾ ਮੇਰੀ ਫ਼ਸਲ ਮੇਰਾ ਬਿਓਰਾ ਪੋਰਟਲ 'ਤੇ ਸ਼ਿਕਾਇਤ ਦਰਜ ਕਰਨ |