ਗੂਹਲਾ ਚੀਕਾ, 31 ਅਕਤੂਬਰ (ਓ.ਪੀ. ਸੈਣੀ) - ਭਾਜਪਾ ਆਗੂ ਰਾਜੇਸ਼ ਸ਼ਰਮਾ ਪਿੰਟੂ ਨੇ ਵਾਰਡ ਨੰਬਰ 13 ਦੇ ਕੰਬੋਜ ਗਾਮਦੀ ਵੱਲੋਂ ਨਗਰ ਨਿਗਮ ਦੇ ਖੇਡ ਮੈਦਾਨ ਵਿਚ ਕਰਵਾਏ ਕ੍ਰਿਕਟ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾ ਸਿਰਫ਼ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ ਸਗੋਂ ਮਾਨਸਿਕ ਤੇ ਬੌਧਿਕ ਯੋਗਤਾਵਾਂ ਨੂੰ ਵੀ ਵਧਾਉਂਦੀਆਂ ਹਨ। ਖੇਡਾਂ ਵਿਅਕਤੀਆਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ, ਧੀਰਜ, ਸੰਘਰਸ਼ ਤੇ ਟੀਮ ਭਾਵਨਾ ਵਰਗੇ ਮਹੱਤਵਪੂਰਨ ਗੁਣ ਸਿਖਾਉਂਦੀਆਂ ਹਨ। ਰਾਜੇਸ਼ ਸ਼ਰਮਾ ਪਿੰਟੂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਨੌਜਵਾਨ ਇੱਕ ਸਿਹਤਮੰਦ ਸਮਾਜ ਤੇ ਇੱਕ ਮਜ਼ਬੂਤ ਰਾਸ਼ਟਰ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ, ਕਬੱਡੀ, ਫੁੱਟਬਾਲ ਤੇ ਹਾਕੀ ਸਮੇਤ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਾ ਨੌਜਵਾਨਾਂ ਵਿਚ ਮੁਕਾਬਲੇ ਦੀ ਭਾਵਨਾ ਦੇ ਨਾਲ-ਨਾਲ ਸਤਿਕਾਰ ਤੇ ਸਹਿਯੋਗ ਪੈਦਾ ਕਰਦਾ ਹੈ। ਇਸ ਮੌਕੇ ਪ੍ਰਬੰਧਕ ਟੀਮ ਨੇ ਮੁੱਖ ਮਹਿਮਾਨ ਰਾਜੇਸ਼ ਸ਼ਰਮਾ ਪਿੰਟੂ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਰਾਜੇਸ਼ ਸ਼ਰਮਾ ਪਿੰਟੂ ਨੇ ਸਾਰੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਤਾਪ ਕੰਬੋਜ, ਜੈ ਭਗਵਾਨ ਸ਼ਰਮਾ, ਹਰਜੀਤ ਵਿਰਕ, ਰਾਹੁਲ, ਜਗਨਾ, ਬਲਦੇਵ, ਸੁਨੀਲ, ਸਿਮਰਨ, ਗੁਰਪ੍ਰੀਤ ਸਿੰਘ ਅਤੇ ਜੈਵੀਰ ਸਿੰਘ ਮੌਜੂਦ ਸਨ।