ਜਲੰਧਰ, 1 ਸਤੰਬਰ (ਐੱਮ.ਐੱਸ. ਲੋਹੀਆ)-ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਵਲੋਂ ਅੱਜ ਜਲੰਧਰ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਹ ਮੁਸਲਿਮ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਅਬਦੁੱਲ ਬਾਰੀ ਸਲਮਾਨੀ ਦੇ ਗ੍ਰਹਿ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ਾਹੀ ਇਮਾਮ ਨੇ ਰੋਜ਼ਾਨਾ ਵੱਧ ਰਹੇ ਬਿਰਧ ਆਸ਼ਰਮਾਂ ਅਤੇ ਜ਼ਿੰਦਗੀ ਦੇ ਆਖਰੀ ਦੌਰ ’ਚ ਪਹੁੰਚ ਚੁੱਕੇ ਬਹੁਤ ਸਾਰੇ ਬਜ਼ੁਰਗਾਂ ਦੇ ਉਨ੍ਹਾਂ ਵਲੋਂ ਕੀਤੇ ਜਾਂਦੇ ਤਿਰਸਕਾਰ ’ਤੇ ਚਿੰਤਾ ਪ੍ਰਗਟ ਕੀਤੀ। ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਧਾਰਮਿਕ ਸਿੱਖਿਆ ਵੀ ਦਿੱਤੀ ਜਾਵੇ, ਤਾਂ ਉਹ ਵੱਡੇ ਹੋ ਕੇ ਸੰਸਕਾਰੀ ਬਣਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਬੁੜਾਪੇ ਵੇਲੇ ਆਪਣੇ ਮਾਂ-ਬਾਪ ਨੂੰ ਕਦੇ ਵੀ ਬਿਰਧ ਆਸ਼ਰਮਾਂ ’ਚ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਧਾਰਮਿਕ ਵਿੱਦਿਆ ਦਿੱਤੀ ਜਾਵੇਗੀ, ਤਾਂ ਸਮਾਜ ਨੂੰ ਬਿਰਧ ਆਸ਼ਰਮ ਬਣਾਉਣ ਦੀ ਲੋੜ ਨਹੀਂ ਪਵੇਗੀ। ਸ਼ਾਹੀ ਇਮਾਮ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਵਕਫ਼ ਬੋਰਡ ਜਾਂ ਮੁਸਲਿਮ ਡਵੈਲਪਮੈਂਟ ਬੋਰਡ ਨੂੰ ਫੰਡ ਦੇਵੇ, ਤਾਂ ਜੋ ਇਹ ਸੰਸਥਾਵਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਵਿਦਿਅਕ ਸੰਸਥਾਵਾਂ ਸਥਾਪਿਤ ਕਰ ਸਕਣ, ਜਿੱਥੇ ਲੜਕੀਆਂ ਨੂੰ ਵੀ ਯੋਗ ਵਿਦਿਆ ਦਿੱਤੀ ਜਾਵੇ ਅਤੇ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਵੀ ਮਿਲ ਸਕੇ। ਸ਼ਾਹੀ ਇਮਾਮ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਹੱਜ ਯਾਤਰੀਆਂ ਨੂੰ ਯਾਤਰਾ ਦੌਰਾਨ ਅਤੇ ਹੱਜ ਸਮੇਂ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਦਾ ਧਿਆਨ ਰੱਖੇ ਅਤੇ ਇਨ੍ਹਾਂ ਦਾ ਸੁਚੱਜਾ ਪ੍ਰਬੰਧ ਯਕੀਨੀ ਬਣਾਏ। ਇਸ ਮੌਕੇ ਕਯੂਮ ਸਲਮਾਨੀ, ਜਾਵੇਦ ਸਲਮਾਨੀ, ਮਸੂਦ ਅਖ਼ਤਰ, ਜਾਵੇਦ ਅਖ਼ਤਰ, ਐਡਵੋਕੇਟ ਆਸਿਮ ਅਖ਼ਤਰ, ਟਿਪੂ ਸਲਮਾਨੀ, ਗਯੂਰ ਸਲਮਾਨੀ, ਨਦੀਮ ਸਲਮਾਨੀ, ਸੋਨੂੰ ਸਲਮਾਨੀ, ਪ੍ਰਵੇਜ਼ ਸਲਮਾਨੀ, ਇਮਰਾਨ ਸਲਮਾਨੀ ਅਤੇ ਹੋਰ ਹਾਜ਼ਰ ਸਨ।