07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਧਨਤੇਰਸ ’ਤੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਖਰੀਦਦਾਰੀ ਲਈ ਉਮੜੀ ਲੋਕਾਂ ਦੀ ਭੀੜ, ਕਈ ਅੰਦਰੂਨੀ ਬਾਜ਼ਾਰਾਂ ’ਚ ਲੱਗੇ ਜਾਮ

ਜਲੰਧਰ, 6 ਨਵੰਬਰ (ਸ਼ਿਵ)-ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸ਼ਹਿਰ ਦੇ ਬਾਜ਼ਾਰਾਂ ’ਚ ਇਨ੍ਹੀਂ ਦਿਨੀਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਧਨਤੇਰਸ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਛੋਟੇ-ਵੱਡੇ ਬਾਜ਼ਾਰਾਂ ’ਚ ਸਵੇਰ ਤੋਂ ਹੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭਾਰੀ ਭੀੜ ਉਮੜੀ।

ਚੌਕ ਸੂਦਾਂ ’ਚ ਭਾਂਡੇ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰਨ ਲਈ ਉਮੜੀ ਲੋਕਾਂ ਦੀ ਭੀੜ। ਤਸਵੀਰ. ਜੀ. ਪੀ. ਸਿੰਘ 07-11-2026
ਜਲੰਧਰ, 6 ਨਵੰਬਰ (ਸ਼ਿਵ)-ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸ਼ਹਿਰ ਦੇ ਬਾਜ਼ਾਰਾਂ ’ਚ ਇਨ੍ਹੀਂ ਦਿਨੀਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਧਨਤੇਰਸ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਛੋਟੇ-ਵੱਡੇ ਬਾਜ਼ਾਰਾਂ ’ਚ ਸਵੇਰ ਤੋਂ ਹੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭਾਰੀ ਭੀੜ ਉਮੜੀ। ਧਨਤੇਰਸ ਵਾਲੇ ਦਿਨ ਨਵੀਆਂ ਵਸਤਾਂ ਤੇ ਧਾਤਾਂ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸੇ ਪਰੰਪਰਾ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਵੱਖ-ਵੱਖ ਚੀਜ਼ਾਂ ਦੀ ਖਰੀਦਦਾਰੀ ਕੀਤੀ। ਸ਼ਹਿਰ ਵਿੱਚ ਖਰੀਦਦਾਰੀ ਦੇ ਇਸ ਉਤਸ਼ਾਹ ਕਾਰਨ ਕਰੋੜਾਂ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਧਨਤੇਰਸ ਦੇ ਮੌਕੇ ’ਤੇ ਵਾਹਨਾਂ ਦੇ ਸ਼ੋਅਰੂਮਾਂ ’ਚ ਵੀ ਕਾਫੀ ਚਹਿਲ-ਪਹਿਲ ਰਹੀ। ਕਈ ਲੋਕਾਂ ਨੇ ਇਸ ਸ਼ੁੱਭ ਦਿਨ ਨੂੰ ਯਾਦਗਾਰ ਬਣਾਉਣ ਲਈ ਨਵੀਆਂ ਕਾਰਾਂ ਤੇ ਸਕੂਟਰਾਂ ਦੀ ਖਰੀਦ ਕੀਤੀ। ਇਸ ਤੋਂ ਇਲਾਵਾ ਸੋਨੇ-ਚਾਂਦੀ ਦੇ ਗਹਿਣਿਆਂ, ਸਿੱਕਿਆਂ ਤੇ ਹੋਰ ਕੀਮਤੀ ਵਸਤਾਂ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਆਮਦ ਲਗਾਤਾਰ ਜਾਰੀ ਰਹੀ। ਗਹਿਣਿਆਂ ਦੀਆਂ ਦੁਕਾਨਾਂ ’ਤੇ ਪਰਿਵਾਰਾਂ ਸਮੇਤ ਪਹੁੰਚੇ ਲੋਕ ਆਪਣੀ ਪਸੰਦ ਅਤੇ ਬਜਟ ਅਨੁਸਾਰ ਖਰੀਦਦਾਰੀ ਕਰਦੇ ਨਜ਼ਰ ਆਏ। ਧਨਤੇਰਸ ਦੇ ਤਿਉਹਾਰ ’ਤੇ ਸਭ ਤੋਂ ਵੱਧ ਰੌਣਕ ਭਾਂਡਿਆਂ ਦੀਆਂ ਦੁਕਾਨਾਂ ’ਤੇ ਚੌਕ ਸੂਦਾਂ ਤੇ ਨਾਲ ਦੁਕਾਨਾਂ ’ਤੇ ਦੇਖਣ ਨੂੰ ਮਿਲੀ। ਪੁਰਾਣੀ ਪਰੰਪਰਾ ਅਨੁਸਾਰ ਇਸ ਦਿਨ ਨਵੇਂ ਭਾਂਡੇ ਖਰੀਦਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਕਾਰਨ ਸ਼ਹਿਰ ਦੀਆਂ ਭਾਂਡਿਆਂ ਵਾਲੀਆਂ ਦੁਕਾਨਾਂ ’ਤੇ ਦੇਰ ਸ਼ਾਮ ਤੱਕ ਗਾਹਕਾਂ ਦੀ ਭੀੜ ਲੱਗੀ ਰਹੀ। ਲੋਕਾਂ ਵਲੋਂ ਸਟੀਲ, ਪਿੱਤਲ ਤੇ ਹੋਰ ਧਾਤਾਂ ਦੇ ਭਾਂਡਿਆਂ ਸਮੇਤ ਘਰੇਲੂ ਵਰਤੋਂ ਦਾ ਹੋਰ ਸਮਾਨ ਖਰੀਦਿਆ ਗਿਆ। ਦੁਕਾਨਦਾਰਾਂ ਵਲੋਂ ਵੀ ਤਿਉਹਾਰ ਨੂੰ ਦੇਖਦਿਆਂ ਆਪਣੀਆਂ ਦੁਕਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਤੇ ਵੱਖ-ਵੱਖ ਤਰ੍ਹਾਂ ਦੇ ਸਮਾਨ ਦੀਆਂ ਵਿਸ਼ੇਸ਼ ਡਿਸਪਲੇਅ ਲਗਾਈਆਂ ਗਈਆਂ ਸਨ। ਦੂਜੇ ਪਾਸੇ ਐਤਵਾਰ ਨੂੰ ਮਨਾਏ ਜਾਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕਿਆਂ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪਟਾਕਿਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਏ। ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਸਜਾਵਟੀ ਸਮਾਨ, ਲਾਈਟਾਂ, ਦੀਵੇ, ਮੋਮਬੱਤੀਆਂ ਤੇ ਹੋਰ ਪੂਜਾ ਸਮੱਗਰੀ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਕਾਫੀ ਆਮਦ ਰਹੀ। ਤਿਉਹਾਰੀ ਖਰੀਦਦਾਰੀ ਲਈ ਵੱਡੀ ਗਿਣਤੀ ’ਚ ਲੋਕਾਂ ਦੇ ਬਾਜ਼ਾਰਾਂ ਵਿਚ ਪਹੁੰਚਣ ਕਾਰਨ ਸ਼ਹਿਰ ਦੇ ਕਈ ਅੰਦਰੂਨੀ ਬਾਜ਼ਾਰਾਂ ’ਚ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਬਣੀ ਰਹੀ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕਾਂ ਨੂੰ ਜਾਮ ’ਚ ਫਸ ਕੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਬਾਜ਼ਾਰਾਂ ’ਚ ਪੈਦਲ ਲੰਘਣਾ ਵੀ ਮੁਸ਼ਕਲ ਹੋ ਗਿਆ ਸੀ। ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨਾਂ ਤੇ ਸੜਕਾਂ ਤੱਕ ਫੈਲੇ ਸਮਾਨ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ। ਸ਼ਹਿਰ ਦੇ ਪ੍ਰਮੁੱਖ ਫਗਵਾੜਾ ਗੇਟ ਮਾਰਕੀਟ ’ਚ ਹਾਲਾਤ ਖਾਸ ਤੌਰ ’ਤੇ ਕਾਫੀ ਭੀੜ-ਭੜੱਕੇ ਵਾਲੇ ਰਹੇ। ਇੱਥੇ ਸੜਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਵਲੋਂ ਕਾਫੀ ਅੱਗੇ ਤੱਕ ਸਮਾਨ ਰੱਖਿਆ ਹੋਇਆ ਸੀ, ਜਿਸ ਕਾਰਨ ਸੜਕ ਦੀ ਚੌੜਾਈ ਘੱਟ ਹੋ ਗਈ ਤੇ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤ ਆਈ। ਵਾਹਨਾਂ ਦੀ ਆਵਾਜਾਈ ਤੇ ਪੈਦਲ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਇੱਕੋ ਸਮੇਂ ਹੋਣ ਕਾਰਨ ਕਈ ਥਾਵਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ। ਕੁੱਲ ਮਿਲਾ ਕੇ ਧਨਤੇਰਸ ਦੇ ਮੌਕੇ ’ਤੇ ਜਲੰਧਰ ਦੇ ਬਾਜ਼ਾਰਾਂ ’ਚ ਤਿਉਹਾਰੀ ਉਤਸ਼ਾਹ ਪੂਰੇ ਜੋਬਨ ’ਤੇ ਨਜ਼ਰ ਆਇਆ। ਇੱਕ ਪਾਸੇ ਦੁਕਾਨਦਾਰਾਂ ਨੂੰ ਚੰਗੇ ਕਾਰੋਬਾਰ ਦੀ ਉਮੀਦ ਰਹੀ, ਉੱਥੇ ਹੀ ਦੂਜੇ ਪਾਸੇ ਭਾਰੀ ਭੀੜ ਕਾਰਨ ਆਮ ਲੋਕਾਂ ਨੂੰ ਆਵਾਜਾਈ ਤੇ ਖਰੀਦਦਾਰੀ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਸ਼ਹਿਰ ਦੇ ਬਾਜ਼ਾਰਾਂ ’ਚ ਦੀਵਾਲੀ ਦੀਆਂ ਤਿਆਰੀਆਂ ਨੂੰ ਲੈ ਕੇ ਰੌਣਕਾਂ ਹੋਰ ਵਧਣ ਦੀ ਉਮੀਦ ਹੈ।
ਪਿਛਲੀ ਖ਼ਬਰ ਜੀ.ਐੱਨ.ਡੀ.ਯੂ. ਦੇ ਜ਼ੋਨਲ ਯੁਵਕ ਮੇਲੇ ’ਚ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ ਓਵਰਆਲ ਪਹਿਲੀ ਟਰਾਫ਼ੀ ਜਿੱਤੀ ਅਗਲੀ ਖ਼ਬਰ ਡੀ. ਸੀ. ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ, ਵੰਡੇ ਤੋਹਫ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।