ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 4 ਅਤੇ 5 ਨਵੰਬਰ ਨੂੰ ਕਰਵਾਏ ਗਏ ਜ਼ੋਨਲ ਯੁਵਕ ਮੇਲੇ ’ਚ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲੀ ਟਰਾਫ਼ੀ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਯੁਵਕ ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ, ਸਾਹਿਤਕ ਤੇ ਸੱਭਿਆਚਾਰਕ ਮੁਕਾਬਲਿਆਂ ’ਚ ਪੂਰੇ ਉਤਸ਼ਾਹ ਤੇ ਲਗਨ ਨਾਲ ਭਾਗ ਲਿਆ। ਕਾਲਜ ਨੇ ਗਰੁੱਪ ਸ਼ਬਦ/ਭਜਨ, ਗਰੁੱਪ ਗੀਤ, ਫੁਲਕਾਰੀ, ਪੇਂਟਿੰਗ ਆਨ ਦੀ ਸਪਾਟ, ਕੋਲਾਜ, ਕਾਰਟੂਨਿੰਗ, ਪੋਇਟਿਕਲ ਸਿੰਪੋਜ਼ੀਅਮ ਤੇ ਸਕੈਚਿੰਗ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ, ਕਲੇ ਮਾਡਲਿੰਗ, ਸਲੋਗਨ ਰਾਈਟਿੰਗ ਅਤੇ ਡਿਬੇਟ ’ਚ ਦੂਜਾ ਸਥਾਨ ਤੇ ਲੋਕ ਗੀਤ ਦੇ ਮੁਕਾਬਲੇ ’ਚ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਸਮੀਤ ਸੇਠੀ ਨੇ ਜਾਣਕਾਰੀ ਦਿੱਤੀ ਕਿ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਮੂਹ ਵਿਦਿਆਰਥੀਆਂ, ਯੁਵਕ ਮੇਲੇ ਦੀ ਇੰਚਾਰਜ ਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ’ਚ ਯੁਵਕ ਮੇਲੇ ਦੀ ਇੰਚਾਰਜ ਸ੍ਰੀਮਤੀ ਪ੍ਰਭਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਤਿਆਰੀ ਤੋਂ ਲੈ ਕੇ ਹਰ ਗਤੀਵਿਧੀ ਦੀ ਦੇਖ-ਰੇਖ ਤੱਕ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ ਤੇ ਵਿਦਿਆਰਥੀਆਂ ਨੂੰ ਨਿਰੰਤਰ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਸਮੂਹ ਸਟਾਫ਼ ਮੈਂਬਰਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ।