17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦੇਸ਼ ’ਚ ਪੱਤਰਕਾਰਤਾ ਹਮੇਸ਼ਾ ਚੁਣੌਤੀਪੂਰਨ ਤੇ ਕਠਿਨ ਰਹੀ- ਸਤਨਾਮ ਸਿੰਘ ਮਾਣਕ ਪੰਜਾਬ ਪ੍ਰੈੱਸ ਕਲੱਬ ’ ਚ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ

ਜਲੰਧਰ, 16 ਨਵੰਬਰ (ਐੱਮ. ਐੱਸ.

(ਬਾਕੀ ਸਫਾ 8 ’ਤੇ) 17-11-2026
ਜਲੰਧਰ, 16 ਨਵੰਬਰ (ਐੱਮ. ਐੱਸ. ਲੋਹੀਆ)- ਪੰਜਾਬ ਪ੍ਰੈੱਸ ਕਲੱਬ ’ਚ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਪੱਤਰਕਾਰਤਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੇ ਚੁਣੌਤੀਆਂ ਦੇ ਕੀਤੇ ਜਾ ਰਹੇ ਸਾਹਮਣੇ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਦੌਰਾਨ ਪੱਤਰਕਾਰੀ ਨੂੰ ਸਮਰਪਿਤ ਨਾਮਵਰ ਪੱਤਰਕਾਰਾਂ ਐਚ. ਐਸ. ਬਾਵਾ (ਯੈੱਸ ਪੰਜਾਬ), ਕੁਲਦੀਪ ਸਿੰਘ ਬੇਦੀ (ਜਗਬਾਣੀ), ਗੁਰਮੀਤ ਸਿੰਘ (ਨਵਾਂ ਜ਼ਮਾਨਾ), ਸੁਖਵਿੰਦਰ ਸੁੱਖੀ (ਅਕਾਸ਼ਵਾਣੀ), ਤੀਰਥ ਸਿੰਘ ਢਿੱਲੋਂ (ਦੂਰਦਰਸ਼ਨ), ਕੁਲਬਿੰਦਰ ਕੌਰ (ਅਜੀਤ) ਤੇ ਦਵਿੰਦਰ ਸਿੰਘ ਭੰਗੂ (ਪੰਜਾਬੀ ਟ੍ਰਿਬਿਊਨ) ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਜਿੱਥੇ ਇਸ ’ਚ ਸੀਨੀਅਰ ਪੱਤਰਕਾਰਾਂ ਨੇ ਭਾਗ ਲਿਆ, ਉੱਥੇ ਡੀ.ਏ.ਵੀ. ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਮਾਹਿਰਾਂ ਦੇ ਨਾਲ ਸਵਾਲ-ਜਵਾਬ ਕਰਕੇ ਆਪਣੇ ਗਿਆਨ ’ਚ ਵਾਧਾ ਕੀਤਾ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੇ ਮੁੱਖ ਬੁਲਾਰੇ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ’ਚ ਜਿੱਥੇ ਪੱਤਰਕਾਰਤਾ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ, ਉੱਥੇ ਉਨ੍ਹਾਂ ਸਮੇਂ-ਸਮੇਂ ’ਤੇ ਪੱਤਰਕਾਰੀ ਨੂੰ ਜਿਨ੍ਹਾਂ ਚੁਣੌਤੀਆਂ ਨਾਲ ਜੁਝਣਾ ਪਿਆ, ਉਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ੍ਰੀ ਮਾਣਕ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਐਮਰਜੈਂਸੀ ਤੱਕ ਹੀ ਪ੍ਰੈੱਸ ਆਜ਼ਾਦਾਨਾ ਤੇ ਦਬਾਅ ਰਹਿਤ ਭੂਮਿਕਾ ਨਿਭਾਅ ਸਕੀ ਹੈ। ਐਮਰਜੈਂਸੀ ਦੌਰਾਨ ਮੀਡੀਆ ਨੂੰ ਆਪਣੇ ਅਨੁਸਾਰ ਚਲਾਉਣ, ਪੱਤਰਕਾਰਾਂ ਨੂੰ ਜੇਲ੍ਹਾਂ ’ਚ ਸੁੱਟਣ ਤੇ ਸੂਚਨਾਵਾਂ ਨੂੰ ਸੈਂਸਰ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ ਅੱਜ ਤੱਕ ਵੱਖ-ਵੱਖ ਢੰਗਾਂ ਨਾਲ ਲਾਗੂ ਹੋ ਰਹੀ ਹੈ। ਸ੍ਰੀ ਮਾਣਕ ਨੇ ਕਿਹਾ ਕਿ ਪੱਤਰਕਾਰਤਾ ਹਮੇਸ਼ਾਂ ਚੁਣੌਤੀ ਪੂਰਨ ਕਿੱਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਨੂੰ ਉਜਾਗਰ ਕਰਦੇ ਰਹਿਣਾ ਅਤੇ ਸਮਾਜ ਨੂੰ ਸੇਧ ਦੇਣਾ ਪੱਤਰਕਾਰ ਦੀ ਜ਼ਿੰਮੇਵਾਰੀ ਹੈ। ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਦੌਰ ਆ ਗਿਆ ਹੈ, ਇਸਦੇ ਬਾਵਜੂਦ ਪ੍ਰਿੰਟ ਮੀਡੀਆ ਅੱਜ ਵੀ ਇਕ ਦਸਤਾਵੇਜ਼ ਹੈ, ਜਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਸਹੀ ਅਤੇ ਪ੍ਰਮਾਣਿਤ ਸਮਝਿਆ ਜਾਂਦਾ ਹੈ। ਜਸਪ੍ਰੀਤ ਸਿੰਘ ਸੈਣੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੱਤਰਕਾਰਤਾ ਲਈ ਸਮਾਂ, ਸਮਾਜ ਤੇ ਸਿੱਖਿਆ ਬਹੁਤ ਮਹੱਤਤਾ ਰੱਖਦੇ ਹਨ। ਇਸ ਲਈ ਪੱਤਰਕਾਰ ਵਲੋਂ ਸਮੇਂ ’ਤੇ ਜਾਣਕਾਰੀ ਇਕੱਠੀ ਕਰਨੀ ਤੇ ਸਮੇਂ ਅੰਦਰ ਹੀ ਪ੍ਰਕਾਸ਼ਿਤ ਕਰਨ ਲਈ ਭੇਜਣੀ ਜਿੱਥੇ ਬਹੁਤ ਜ਼ਰੂਰੀ ਹੈ, ਉੱਥੇ ਭੇਜੀ ਗਈ ਜਾਣਕਾਰੀ ’ਚ ਸਮਾਜ ਨੂੰ ਜਾਗਰੂਕ ਕਰਨ ਲਈ ਸੁਨੇਹਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ। ਸ. ਸੈਣੀ ਨੇ ਕਿਹਾ ਕਿ ਇਸ ਸਭ ਲਈ ਪੱਤਰਕਾਰ ਨੂੰ ਸਿੱਖਿਅਤ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਲੋਕਾਂ ਤੱਕ ਪਹੁੰਚਾਈ ਗਈ ਜਾਣਕਾਰੀ ਸਟੀਕ ਹੋਵੇ। ਉਸਦੇ ਸ਼ਬਦਾਂ ਦੀ ਚੋਣ ਸਹੀ ਹੋਵੇ, ਜੋ ਸਮਾਜ ਨੂੰ ਚੰਗਾ ਸੁਨੇਹਾ ਦੇਵੇ। ਆਪਣੀ ਵੈੱਬ ਸਾਈਟ ਚਲਾ ਰਹੇ ਤਜਰਬੇਕਾਰ ਪੱਤਰਕਾਰ ਐੱਚ.ਐੱਸ. ਬਾਵਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਹੀ ਪੱਤਰਕਾਰ ਨੂੰ ਹਮੇਸ਼ਾਂ ਚਿੰਤਾ ਹੁੰਦੀ ਹੈ, ਕਿ ਉਸ ਦੀ ਚਾਦਰ ਹਮੇਸ਼ਾਂ ਬੇਦਾਗ਼ ਰਹੇ। ਸ. ਬਾਵਾ ਨੇ ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਆਰ.ਐੱਨ. ਸਿੰਘ ਨੂੰ ਵੀ ਆਪਣੇ ਸ਼ਬਦਾਂ ’ਚ ਸ਼ਰਧਾਂਜਲੀ ਦਿੱਤੀ। ਸਾਬਕਾ ਸੀਨੀਅਰ ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਨੀ ਮਰਜ਼ੀ ਸਮਝ ਜਾਂ ਸੂਝ ਰੱਖਣ ਦੇ ਬਾਵਜੂਦ ਪੱਤਰਕਾਰ ਨੂੰ ਆਪਣੇ ਅਦਾਰੇ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ। ਗੁਰਮੀਤ ਸਿੰਘ (ਦੇਸ਼ ਭਗਤ ਯਾਦਗਰ ਹਾਲ ਤੇ ਨਵਾਂ ਜ਼ਮਾਨਾ) ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਸਮਾਜ ਨੂੰ ਉਸ ਦਾ ਅਸਲੀ ਚਿਹਰਾ ਦਿਖਾਉਂਦੇ ਹਨ। ਇਸ ਮੌਕੇ ਸੁਖਵਿੰਦਰ ਸੁੱਖੀ, ਤੀਰਥ ਸਿੰਘ ਢਿੱਲੋਂ, ਕੁਲਵਿੰਦਰ ਕੌਰ ਤੇ ਪ੍ਰੋਫੈਸਰ ਨਿਧੀ ਸ਼ਰਮਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੀ ਸ਼ੁਰੂਆਤ ਕਵਰੇਜ ਦੌਰਾਨ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਰੰਗਪੁਰੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਤਜਿੰਦਰ ਕੌਰ ਥਿੰਦ, ਸੰਯੁਕਤ ਸਕੱਤਰ ਸੁ ਕਰਾਂਤ ਸਫ਼ਰੀ, ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਇੰਟਰਲਾਕ ਟਾਈਲਾਂ ਵਾਲੀ ਸੜਕ ਦਾ ਮੇਅਰ ਵਨੀਤ ਧੀਰ ਤੇ ਕੌਂਸਲਰ ਸੀਮਾ ਰਾਣੀ ਬੱਧਨ ਵਲੋਂ ਉਦਘਾਟਨ ਅਗਲੀ ਖ਼ਬਰ ਸ਼ਿਵਪੁਰੀ ਹਰਨਾਮਦਾਸਪੁਰਾ ਦੀ ਮੀਟਿੰਗ ’ਚ ਹੰਗਾਮਾ, ਕਮੇਟੀ ਅਤੇ ਪ੍ਰਧਾਨ ਨੂੰ ਬਦਲਣ ਦੀ ਉੱਠੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।