ਇਕ ਪਾਸੇ ਗਊਆਂ ਦੀ ਸੁਰੱਖਿਆ ਦੀਆਂ ਗੱਲਾਂ, ਦੂਜੇ ਪਾਸੇ ਕੂੜੇ ਦੇ ਢੇਰਾਂ ’ਚੋਂ ਆਪਣਾ ਢਿੱਡ ਭਰਨ ਲਈ ਮਜਬੂਰ ਬੇਜ਼ੁਬਾਨ ਪਸ਼ੂ
ਜਲੰਧਰ, 16 ਨਵੰਬਰ (ਮੋਹਿਤ ਸਿੰਘ)-ਇਕ ਪਾਸੇ ਗਊਆਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਸੇਵਾ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਬੇਜ਼ੁਬਾਨ ਪਸ਼ੂਆਂ ਦੀ ਮਾੜੀ ਹਾਲਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਇਕ ਉਦਾਹਰਨ ਕਾਜ਼ੀ ਮੰਡੀ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੂਰਿਆ ਐਨਕਲੇਵ ਵੱਲ ਜਾਂਦੇ ਰਸਤੇ ’ਤੇ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਸੜਕ ਕਿਨਾਰੇ ਪਏ ਕੂੜੇ ਦੇ ਵੱਡੇ-ਵੱਡੇ ਢੇਰਾਂ ਵਿਚ ਗਊਆਂ ਆਪਣਾ ਢਿੱਡ ਭਰਨ ਲਈ ਕੂੜੇ ਵਿਚੋਂ ਖਾਣ ਵਾਲੀਆਂ ਚੀਜ਼ਾਂ ਲੱਭਦੀਆਂ ਨਜ਼ਰ ਆ ਰਹੀਆਂ ਹਨ।
ਜਲੰਧਰ, 16 ਨਵੰਬਰ (ਮੋਹਿਤ ਸਿੰਘ)-ਇਕ ਪਾਸੇ ਗਊਆਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਸੇਵਾ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਬੇਜ਼ੁਬਾਨ ਪਸ਼ੂਆਂ ਦੀ ਮਾੜੀ ਹਾਲਤ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਇਕ ਉਦਾਹਰਨ ਕਾਜ਼ੀ ਮੰਡੀ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੂਰਿਆ ਐਨਕਲੇਵ ਵੱਲ ਜਾਂਦੇ ਰਸਤੇ ’ਤੇ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਸੜਕ ਕਿਨਾਰੇ ਪਏ ਕੂੜੇ ਦੇ ਵੱਡੇ-ਵੱਡੇ ਢੇਰਾਂ ਵਿਚ ਗਊਆਂ ਆਪਣਾ ਢਿੱਡ ਭਰਨ ਲਈ ਕੂੜੇ ਵਿਚੋਂ ਖਾਣ ਵਾਲੀਆਂ ਚੀਜ਼ਾਂ ਲੱਭਦੀਆਂ ਨਜ਼ਰ ਆ ਰਹੀਆਂ ਹਨ। ਇਸ ਸਥਾਨ ਦੀਆਂ ਸਾਹਮਣੇ ਆਈਆਂ ਤਸਵੀਰਾਂ ਸਫ਼ਾਈ ਪ੍ਰਬੰਧਾਂ ਦੇ ਨਾਲ-ਨਾਲ ਬੇਜ਼ੁਬਾਨ ਪਸ਼ੂਆਂ ਦੀ ਸੁਰੱਖਿਆ ਦੇ ਦਾਅਵਿਆਂ ’ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ। ਕੂੜੇ ਦੇ ਢੇਰਾਂ ਵਿਚ ਪਲਾਸਟਿਕ ਦੇ ਲਿਫ਼ਾਫ਼ੇ, ਪੌਲੀਥੀਨ ਅਤੇ ਹੋਰ ਕਈ ਤਰ੍ਹਾਂ ਦਾ ਗੰਦ ਪਿਆ ਦਿਖਾਈ ਦੇ ਰਿਹਾ ਹੈ। ਇਸੇ ਕੂੜੇ ਵਿਚ ਗਊਆਂ ਆਪਣਾ ਮੂੰਹ ਮਾਰ ਕੇ ਖਾਣ ਵਾਲੀਆਂ ਚੀਜ਼ਾਂ ਲੱਭਣ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿਚ ਪਲਾਸਟਿਕ ਤੇ ਹੋਰ ਹਾਨੀਕਾਰਕ ਚੀਜ਼ਾਂ ਪਸ਼ੂਆਂ ਦੇ ਪੇਟ ਵਿਚ ਜਾਣ ਨਾਲ ਉਨ੍ਹਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਕੂੜੇ ਦੇ ਢੇਰਾਂ ਵਿਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਕੂੜੇ ਦੇ ਢੇਰਾਂ ਕਾਰਨ ਸੜਕ ਦੇ ਆਲੇ-ਦੁਆਲੇ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ, ਜੋ ਸ਼ਹਿਰ ਦੀ ਸਾਫ਼-ਸੁਥਰੀ ਦਿੱਖ ’ਤੇ ਵ ੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ ਸੂਰਿਆ ਐਨਕਲੇਵ ਵਰਗੇ ਰਿਹਾਇਸ਼ੀ ਇਲਾਕਿਆਂ ਵੱਲ ਜਾਣ ਲਈ ਇਸ ਰਸਤੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਰੋਜ਼ਾਨਾ ਇਥੋਂ ਲੰਘਣ ਵਾਲੇ ਲੋਕਾਂ ਨੂੰ ਅਜਿਹੇ ਨਜ਼ਾਰੇ ਦੇਖਣੇ ਪੈਂਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਗਊਆਂ ਦੀ ਸੁਰੱਖਿਆ ਲਈ ਵੱਖ-ਵੱਖ ਪੱਧਰਾਂ ’ਤੇ ਯਤਨ ਕੀਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਨੂੰ ਕੂੜੇ ਦੇ ਢੇਰਾਂ ਵਿੱਚੋਂ ਆਪਣਾ ਭੋਜਨ ਲੱਭਣ ਲਈ ਕਿਉਂ ਛੱਡਿਆ ਹੋਇਆ ਹੈ ? ਇਲਾਕੇ ਦੀ ਸਫ਼ਾਈ ਅਤੇ ਪਸ਼ੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੇ ਸੰਬੰਧਤ ਅਧਿਕਾਰੀਆਂ ਨੂੰ ਇਸ ਸਥਾਨ ਦਾ ਜਾਇਜ਼ਾ ਲੈ ਕੇ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੂੜਾ ਸੁੱਟਣ ਅਤੇ ਉਸ ਨੂੰ ਅੱਗ ਲਗਾਉਣ ਦੀ ਸਮੱਸਿਆ ’ਤੇ ਵੀ ਰੋਕ ਲਗਾਉਣੀ ਜ਼ਰੂਰੀ ਹੈ। ਬੇਜ਼ੁਬਾਨ ਪਸ਼ੂਆਂ ਲਈ ਸੁਰੱਖਿਅਤ ਚਾਰੇ ਤੇ ਢੁੱਕਵੇਂ ਪ੍ਰਬੰਧ ਕਰਨ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।