![]()
ਐਸ.ਆਈ.ਆਰ. ਦਾ ਕੰਮ ਚੱਲ ਰਿਹਾ ਸੀ | ਘਰ-ਘਰ ਨੋਟਿਸ ਵੰਡੇ ਜਾ ਰਹੇ ਸਨ | ਉਸ ਦਿਨ ਮੈਂ ਅਮਰੋ ਬੇਬੇ ਦੇ ਘਰ ਪਹੁੰਚਿਆ | ਬੇਬੇ ਮੰਜੇ ਉੱਤੇ ਬੈਠੀ ਸੀ | ਉਮਰ ਨੇ ਉਸ ਦੇ ਚਿਹਰੇ ਉੱਤੇ ਸਿਰਫ਼ ਝੁਰੜੀਆਂ ਨਹੀਂ ਪਾਈਆਂ ਸਨ, ਸਗੋਂ ਜ਼ਿੰਦਗੀ ਦੇ ਸੱਤਰ-ਅੱਸੀ ਸਾਲਾਂ ਦੀ ਕਹਾਣੀ ਉਕੇਰ ਦਿੱਤੀ ਸੀ | ਮੈਂ ਨੋਟਿਸ ਉਸ ਦੇ ਹੱਥ ਵਿਚ ਫੜਾਇਆ | ਬੇਬੇ ਕਾਗਜ਼ ਨੂੰ ਇਉਂ ਤੱਕਣ ਲੱਗੀ ਜਿਵੇਂ ਉਸ ਉੱਤੇ ਲਿਖੇ ਅੱਖਰ ਉਸ ਦੀ ਸਮਝ ਤੋਂ ਪਰੇ ਕੋਈ ਬੰਦ ਦਰਵਾਜ਼ਾ ਹੋਣ |
ਮੈਂ ਹੌਲੀ-ਹੌਲੀ ਉਸ ਨੂੰ ਕਿਹਾ, 'ਬੇਬੇ, ਇਸ ਨੋਟਿਸ ਵਿਚ 12 ਤਰ੍ਹਾਂ ਦੇ ਸਬੂਤ ਦਿੱਤੇ ਹੋਏ ਨੇ | ਇਨ੍ਹਾਂ ਵਿਚੋਂ ਕੋਈ ਇਕ ਸਬੂਤ ਲੈ ਆਈਾ | ਉਸ ਸਬੂਤ ਦੇ ਆਧਾਰ 'ਤੇ ਤੂੰ ਆਪਣੀ ਵੋਟ ਬਚਾ ਸਕਦੀ ਐਂ |'
ਬੇਬੇ ਕੁਝ ਪਲ ਚੁੱਪ ਰਹੀ |
ਫਿਰ ਉਸ ਨੇ ਕਾਗਜ਼ ਮੇਰੇ ਵੱਲ ਵਧਾ ਦਿੱਤਾ | ਪੁੱਤਰ, ਮੇਰੇ ਕੋਲ ਇਨ੍ਹਾਂ ਵਿਚੋਂ ਕੋਈ ਵੀ ਸਬੂਤ ਨਹੀਂ ਹੈ |'
ਉਸ ਦੀ ਆਵਾਜ਼ ਵਿਚ ਬੇਵਸੀ ਨਹੀਂ, ਜਿਵੇਂ ਸਾਰੀ ਉਮਰ ਦੀ ਥਕਾਵਟ ਬੋਲ ਰਹੀ ਸੀ | 'ਮੇਰੇ ਕੋਲ ਨਾ ਪੜ੍ਹਾਈ ਦਾ ਕਾਗਜ਼, ਨਾ ਜ਼ਮੀਨ ਦਾ, ਨਾ ਕੋਈ ਪੁਰਾਣਾ ਸਬੂਤ | ਮੈਂ ਤਾਂ ਪੁੱਤ ਇਸੇ ਪਿੰਡ ਦੀ ਮਿੱਟੀ ਵਿਚ ਪੈਦਾ ਹੋਈ ਆਂ | ਇਸੇ ਮਿੱਟੀ ਵਿਚ ਮੇਰਾ ਬਚਪਨ ਖੇਡਿਆ, ਇਸੇ ਮਿੱਟੀ ਵਿਚ ਮੇਰੀ ਜਵਾਨੀ ਲੰਘੀ ਤੇ ਘਰ ਵਾਲੇ ਦੇ ਮੁੱਕਣ ਤੋਂ ਬਾਅਦ ਹੁਣ ਇਸੇ ਮਿੱਟੀ ਉੱਤੇ ਮੇਰੀ ਬੁਢਾਪੇ ਦੀ ਛਾਂ ਬੈਠੀ ਆ |'
ਉਸ ਨੇ ਆਪਣੀਆਂ ਅੱਖਾਂ ਪੂੰਝੀਆਂ |
'ਪੁੱਤ, ਮੇਰੀ ਵੋਟ ਨਾ ਕੱਟੀ | ਮੈਨੂੰ ਪੈਨਸ਼ਨ ਲੱਗੀ ਹੋਈ ਆ | ਉਹਦੇ ਨਾਲ ਹੀ ਮੇਰੀ ਦਵਾਈ ਆਉਂਦੀ, ਉਹਦੇ ਨਾਲ ਹੀ ਮੇਰੀ ਰੋਟੀ ਪੱਕਦੀ ਆ | ਜੇ ਇਹ ਵੀ ਰੁਕ ਗਈ ਤਾਂ ਮੈਂ ਕਿਸ ਦਰ 'ਤੇ ਜਾਵਾਂਗੀ?'
ਮੈਂ ਕਿਹਾ, 'ਬੇਬੇ, ਮੈਂ ਤੇਰੀ ਵੋਟ ਨਹੀਂ ਕੱਟ ਰਿਹਾ | ਮੈਂ ਤਾਂ ਤੇਰੀ ਮਦਦ ਹੀ ਕਰਨੀ ਆ | ਪਰ ਵਿਭਾਗ ਨੂੰ ਕੋਈ ਨਾ ਕੋਈ ਸਬੂਤ ਤਾਂ ਦੇਣਾ ਪਏਗਾ |'
ਬੇਬੇ ਨੇ ਮੇਰੇ ਵੱਲ ਵੇਖਿਆ | ਉਸ ਦੀਆਂ ਅੱਖਾਂ ਵਿਚ ਹੰਝੂ ਨਹੀਂ ਸਨ ਹੰਝੂਆਂ ਤੋਂ ਵੀ ਡੂੰਘੀ ਇਕ ਖ਼ਾਮੋਸ਼ੀ ਸੀ |
ਉਹ ਬੋਲੀ, 'ਪੁੱਤ, ਮੇਰੇ ਕੋਲ ਆਪਣੀ ਜ਼ਿੰਦਗੀ ਦਾ ਕਾਗਜ਼ ਨਹੀਂ… ਪਰ ਮੇਰੀ ਜ਼ਿੰਦਗੀ ਆਪ ਇਕ ਕਾਗਜ਼ ਆ | ਇਹ ਮੰਜਾ ਗਵਾਹ ਆ | ਇਹ ਘਰ ਗਵਾਹ ਆ, ਇਹ ਪਿੰਡ ਗਵਾਹ ਆ | ਮੇਰੇ ਚਿਹਰੇ ਦੀ ਹਰ ਝੁਰੜੀ ਗਵਾਹ ਆ ਕਿ ਮੈਂ ਇੱਥੇ ਕਿੰਨੇ ਸਾਲ ਜੀਈ ਆਂ | ਪਰ ਜੇ ਇਹ ਗਵਾਹੀਆਂ ਕਾਗਜ਼ ਉੱਤੇ ਨਹੀਂ ਲਿਖੀਆਂ, ਤਾਂ ਮੈਂ ਆਪਣੀ ਹੀ ਜ਼ਿੰਦਗੀ ਦਾ ਸਬੂਤ ਕਿੱਥੋਂ ਲਿਆਵਾਂ?'
ਮੈਂ ਨਿਰਉੱਤਰ ਸੀ | ਉਸ ਦਿਨ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਾਗਜ਼ਾਂ ਦੀ ਦੁਨੀਆ ਕਿੰਨੀ ਅਜੀਬ ਹੈ, ਇੱਥੇ ਇਕ ਇਨਸਾਨ ਦੀ ਪੂਰੀ ਜ਼ਿੰਦਗੀ ਸਾਹਮਣੇ ਬੈਠੀ ਹੋਵੇ, ਪਰ ਜੇ ਉਸ ਦੇ ਹੱਥ ਵਿਚ ਇਕ ਕਾਗਜ਼ ਨਾ ਹੋਵੇ ਤਾਂ ਉਸ ਦੀ ਹੋਂਦ ਵੀ ਅਧੂਰੀ ਲੱਗਣ ਲੱਗਦੀ ਹੈ |
ਕੁਝ ਦਿਨਾਂ ਬਾਅਦ ਮੈਂ ਬੇਬੇ ਲਈ ਬੀ. ਐਲ. ਓ. ਲੈਟਰ ਲੈ ਕੇ ਉਸ ਦੇ ਘਰ ਗਿਆ, ਤਾਂ ਜੋ ਦਸਤਖ਼ਤ ਕਰਵਾ ਕੇ ਅੱਗੇ ਜਮ੍ਹਾਂ ਕਰ ਸਕਾਂ |
ਪਰ ਮੰਜਾ ਖਾਲੀ ਸੀ | ਬੇਬੇ ਇਸ ਦੁਨੀਆ ਤੋਂ ਚਲੀ ਗਈ ਸੀ | ਮੇਰੇ ਹੱਥ ਵਿਚ ਕਾਗਜ਼ ਸੀ | ਪਰ ਉਸ ਕਾਗਜ਼ ਉੱਤੇ ਦਸਤਖ਼ਤ ਕਰਨ ਵਾਲੀ ਜ਼ਿੰਦਗੀ ਨਹੀਂ ਸੀ |ਉਸ ਖਾਲੀ ਮੰਜੇ ਨੂੰ ਵੇਖ ਕੇ ਮੈਂ ਦੇਰ ਤੱਕ ਚੁੱਪ ਖੜ੍ਹਾ ਰਿਹਾ |
ਮੇਰੇ ਮਨ ਵਿਚ ਸਿਰਫ਼ ਇਕ ਸਵਾਲ ਘੁੰਮਦਾ ਰਿਹਾ 'ਜਿਸ ਇਨਸਾਨ ਨੂੰ ਆਪਣੀ ਪੂਰੀ ਜ਼ਿੰਦਗੀ ਜਿਊਣ ਲਈ ਕਿਸੇ ਸਬੂਤ ਦੀ ਲੋੜ ਨਹੀਂ ਪਈ, ਉਸ ਨੂੰ ਆਪਣੀ ਹੋਂਦ ਸਾਬਤ ਕਰਨ ਲਈ ਏਨੇ ਕਾਗਜ਼ਾਂ ਦੀ ਲੋੜ ਕਿਉਂ ਪੈ ਗਈ?'
-ਬਰਨਾਲਾ |
ਮੋਬਾਈਲ : 9417942100