20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਅਜੀਤ ਡੈਸਕ 20-09-2026


ਤਿਤਲੀਆਂ ਵਰਗੇ ਨਾਜ਼ੁਕ ਅਤੇ ਬੁਲੰਦੀ 'ਤੇ ਝਿਲਮਿਲ ਕਰਦੇ ਸਿਤਾਰਿਆਂ ਵਰਗੇ ਸ਼ਿਅਰ ਲਿਖਣ ਵਾਲਾ ਮੁਕੇਸ਼ ਆਲਮ ਪੰਜਾਬੀ, ਹਿੰਦੀ ਤੇ ਉਰਦੂ ਵਿਚ ਗ਼ਜ਼ਲ ਕਹਿੰਦਾ ਹੈ | ਉਸ ਕੋਲ ਕਿਸੇ ਵੀ ਸਮੱਸਿਆ ਨੂੰ  ਸੂਖਮਤਾ ਨਾਲ ਪੇਸ਼ ਕਰਨ ਦੀ ਕਲਾ ਹੈ | 14 ਅਗਸਤ 1969 ਨੂੰ  ਪੈਦਾ ਹੋਏ ਆਲਮ ਦੀ ਰਿਹਾਇਸ਼ ਲੁਧਿਆਣਾ ਵਿਖੇ ਹੈ ਤੇ ਉਸ ਦਾ ਨਿੱਜੀ ਕਾਰੋਬਾਰ ਹੈ | ਉਹ ਦੂਰ ਦੂਰ ਤੱਕ ਉਰਦੂ ਮੁਸ਼ਾਇਰਿਆਂ ਵਿਚ ਸ਼ਾਮਿਲ ਹੁੰਦਾ ਹੈ ਤੇ ਪੰਜਾਬੀ ਕਵੀ ਦਰਬਾਰਾਂ ਵਿਚ ਵੀ ਆਲਮ ਦੀ ਹਾਜ਼ਰੀ ਦਿਲਕਸ਼ ਮਾਹੌਲ ਸਿਰਜਦੀ ਹੈ | ਪੰਜਾਬੀ ਗ਼ਜ਼ਲ ਦੇ ਨਾਲ ਨਾਲ ਆਲਮ ਗੀਤ ਅਤੇ ਛੰਦ ਬੰਦ ਕਵਿਤਾ ਵੀ ਲਿਖਦਾ ਹੈ | ਉਸ ਦੀਆਂ ਲਿਖਤਾਂ ਨੂੰ  ਕਈ ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ | 'ਚਿਰਾਗ਼ੋਂ ਕੇ ਹਵਾਲੇ ਸੇ', 'ਇਸ਼ਕ ਮੇਰੀ ਸੁਲਤਾਨੀ ਮੇਂ' ਪੁਸਤਕਾਂ ਤੋਂ ਇਲਾਵਾ 'ਛਣਕੰਙਣਾ' ਉਸ ਦਾ ਪੰਜਾਬੀ ਕਾਵਿ ਸੰਗ੍ਰਹਿ ਹੈ ਜਿਸ ਵਿਚ ਬਹੁਗਿਣਤੀ ਗ਼ਜ਼ਲਾਂ ਹਨ | ਪੇਸ਼ ਹਨ ਗ਼ਜ਼ਲਕਾਰ ਮੁਕੇਸ਼ ਆਲਮ ਦੀਆਂ ਦੋ ਗ਼ਜ਼ਲਾਂ-                             
-ਮੋਬਾਈਲ : 99884-44002

ਜ਼ਿੰਦਗੀ ਨੂੰ  ਕੀ ਇਹ ਮੌਕਾ ਮਿਲ ਸਕੇਗਾ ਮਰਦਿਆਂ?
ਸੋਚਦਾ ਹਾਂ, ਜਾਣ ਲੱਗੇ ਬਿਸਤਰਾ ਤਹਿ ਕਰਦਿਆਂ |

ਰਿਸ਼ਤਿਆਂ ਦਾ, ਰੁਤਬਿਆਂ ਦਾ ਕੀ ਕਰਾਂ, ਇਹ ਸੋਚਦਾਂ,
ਮੈਂ ਪਹਾੜੀ ਚੜ੍ਹਨ ਵੇਲੇ ਬੋਝ ਹਲਕਾ ਕਰਦਿਆਂ |

ਮੈਲ ਮਨਫ਼ੀ ਹੋ ਗਈ ਜਿੱਦਾਂ ਨਿਤਰਦੇ ਨੀਰ 'ਚੋਂ,
ਪੀੜ ਖਾਰਿਜ ਹੋ ਗਈ ਤੇਰੇ ਤਸੀਹੇ ਜਰਦਿਆਂ |

ਰਾਗ ਤੇਰਾ ਖਹਿ ਗਿਆ ਅੱਜ ਫਿਰ ਮੇਰੇ ਵੈਰਾਗ ਸੰਗ,
ਜ਼ਖ਼ਮ ਫਿਰ ਉੱਚੜ ਗਏ ਆਠਰਦਿਆਂ ਆਠਰਦਿਆਂ |

ਰੀਝ ਹੈ 'ਆਲਮ' ਹੀ ਸਾਰਾ ਮਿਲ ਪਵੇ ਐਪਰ ਇਹ ਮਨ,
ਛਾਨਣੀ ਹੈ, ਛਾਨਣੀ ਵਿੱਚ ਨੀਰ ਕਿੱਦਾਂ ਭਰ ਦਿਆਂ?



ਕੋਈ ਮੌਸਮ, ਕੋਈ ਆਲਮ ਹਮੇਸ਼ਾ ਥਿਰ ਨਹੀਂ ਰਹਿੰਦਾ |
ਕਿ ਜਾਦੂ ਕੋਈ ਵੀ ਹੋਵੇ ਜ਼ਿਆਦਾ ਚਿਰ ਨਹੀਂ ਰਹਿੰਦਾ |

ਕੋਈ ਪੱਥਰ ਭਲਾ ਕਦ ਰੋਕ ਸਕਦੈ ਵਗਦੀਆਂ ਨਦੀਆਂ,
ਨਹੀਂ ਰਹਿਣਾ ਹੈ ਜਿਸਨੇ ਦਿਲ 'ਚ ਉਹ ਆਿਖ਼ਰ ਨਹੀਂ ਰਹਿੰਦਾ |

ਮੈਂ ਆਪਣੀ ਹੋਂਦ ਦੇ ਸ਼ੀਸ਼ੇ ਹਜ਼ਾਰਾਂ ਵਾਰ ਧੋ ਬੈਠਾਂ,
ਮੇਰਾ ਇੱਕ ਅਸਲ ਦਾ ਚਿਹਰਾ ਹੈ ਜੋ ਹਾਜ਼ਿਰ ਨਹੀਂ ਰਹਿੰਦਾ |

ਉਹ ਤੇਰੇ ਦਰ 'ਤੇ ਬੈਠੇ ਪਾਪ ਧੋਵਣ ਦੇ ਕਰਨ ਹੀਲੇ,
ਮੈਂ ਤੈਨੂੰ ਸੋਚ ਹੀ ਲੈਂਦਾ ਹਾਂ ਤਾਂ ਕਾਫ਼ਿਰ ਨਹੀਂ ਰਹਿੰਦਾ |

ਇਹ ਪਗੜੀ ਭਾਲਦੀ ਫਿਰਦੀ ਹੈ ਮੈਨੂੰ ਅਹੁਦਿਆਂ ਤਾਈਾ,
ਤੇ ਮੇਰੇ ਪੈਰ ਨੇ ਉਸ ਰਾਹ 'ਤੇ ਜਿੱਥੇ ਸਿਰ ਨਹੀਂ ਰਹਿੰਦਾ |

ਮੇਰੇ 'ਆਲਮ' ਨੂੰ  ਰੱਖੋ ਨਾਲ ਐ ਪਰਵਾਸੀਓ ਚਿੜੀਓ,
ਤੁਹਾਡੇ ਵਾਂਗ ਇਹ ਵੀ ਘਰ 'ਚ ਬਹੁਤਾ ਚਿਰ ਨਹੀਂ ਰਹਿੰਦਾ | 

ਪਿਛਲੀ ਖ਼ਬਰ ਕੰਵਰ ਮੁਹਿੰਦਰ ਸਿੰਘ ਬੇਦੀ 'ਸਹਰ' (09 ਮਾਰਚ 1909 ਤੋਂ 18 ਜੁਲਾਈ 1992 ਤੱਕ) ਅਗਲੀ ਖ਼ਬਰ ਕਾਗਜ਼ਾਂ ਤੋਂ ਹਾਰਦੀ ਜ਼ਿੰਦਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।