29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼

ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼

ਅਜੀਤ ਡੈਸਕ 29-11-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਡਾਇਓਜਨੀਜ਼ ਦੇ ਵਿਚਾਰ ਜਿੰਨੇ ਅਜੀਬੋ-ਗ਼ਰੀਬ ਸਨ, ਉੱਥੇ ਉਸ ਦੀ ਮੌਤ ਵੀ ਰਹੱਸਮਈ, ਦਿਲਚਸਪ ਅਤੇ ਫ਼ਲਸਫ਼ੇ ਨਾਲ ਭਰੀ ਹੋਈ ਸੀ | ਕੋਰਿੰਥ ਸ਼ਹਿਰ ਵਿਚ ਡਾਇਓਜਨੀਜ਼ ਦੀ ਮੌਤ ਲਗਭਗ 323 ਈ.ਪੂ. ਨੂੰ  ਹੋਈ ਮੰਨੀ ਜਾਂਦੀ ਹੈ | ਇਤਿਹਾਸਕਾਰਾਂ ਅਨੁਸਾਰ ਉਸ ਦੀ ਮੌਤ ਨਾਲ ਜੁੜੀਆਂ ਕਈ ਕਹਾਣੀਆਂ ਪ੍ਰਚਲਤ ਹਨ | ਪਰ ਮੌਤ ਦਾ ਕੋਈ ਪੱਕਾ ਰਿਕਾਰਡ ਮੌਜੂਦ ਨਹੀਂ ਹੈ | 
ਉਸ ਦੀ ਮੌਤ ਬਾਰੇ ਵਧੇਰੇ ਕਰਕੇ ਮੰਨਿਆ ਜਾਂਦਾ ਹੈ ਕਿ ਡਾਇਓਜਨੀਜ਼ ਨੇ ਆਪਣੇ ਸਾਹ ਆਪ ਰੋਕ ਕੇ ਪ੍ਰਾਣ ਤਿਆਗ ਦਿੱਤੇ | ਕਿਉਂ ਜੋ ਉਸ ਦਾ ਵਿਚਾਰ ਸੀ ਇਕ ਹਰ ਦਾਰਸ਼ਨਿਕ ਨੂੰ  ਆਪਣੀ ਮੌਤ ਦੇ ਸਮੇਂ ਉੱਤੇ ਵੀ ਕਾਬੂ ਪਾ ਲੈਣ ਦੀ ਜਾਂਚ ਹੋਣੀ ਜ਼ਰੂਰੀ ਹੈ | 90 ਸਾਲ ਦੀ ਉਮਰ ਦੇ ਕਰੀਬ ਜਦ ਡਾਇਓਜਨੀਜ਼ ਨੂੰ  ਇਹ ਮਹਿਸੂਸ ਹੋਇਆ ਕਿ ਉਸ ਦਾ ਸਰੀਰ ਹੁਣ ਉਸ ਦੇ ਦਿਮਾਗ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਕਾਬਲ ਨਹੀਂ ਰਿਹਾ ਤਾਂ ਉਸ ਨੇ ਸਾਹ ਲੈਣੇ ਬੰਦ ਕਰ ਦਿੱਤੇ |
ਇਹ ਵੀ ਕਿਹਾ ਜਾਂਦਾ ਹੈ ਕਿ ਡਾਇਓਜਨੀਜ਼ ਨੇ ਕੱਚਾ ਤੰਦੂਆ (Octopus) ਖਾ ਲਿਆ ਸੀ ਜਿਸ ਤੋਂ ਫੈਲੀ ਇਨਫੈਕਸ਼ਨ ਨਾਲ ਉਸ ਦੀ ਮੌਤ ਹੋ ਗਈ | ਕੁਝ ਕੁ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਡਾਇਓਜਨੀਜ਼ ਦੀ ਮੌਤ ਉਸ ਦੇ ਪੈਰ ਨੂੰ  ਇਕ ਕੁੱਤੇ ਵਲੋਂ ਕੱਟਣ ਨਾਲ ਹੋਈ | ਡਾਇਓਜਨੀਜ਼ ਦੀ ਮੌਤ ਬਾਰੇ ਸਭ ਤੋਂ ਤਰਕਸੰਗਤ ਹੈ ਕਿ ਉਹ ਲਗਭੱਗ 90 ਸਾਲ ਤੱਕ ਜੀਵਿਆ ਅਤੇ ਉਮਰ-ਦਰਾਜ਼ ਹੋਣ 'ਤੇ ਕੁਦਰਤੀ ਕਾਰਨਾਂ ਕਾਰਨ ਮਰ ਗਿਆ | 
ਮੌਤ ਸਮੇਂ ਡਾਇਓਜਨੀਜ਼ ਨੇ ਆਪਣੀ ਆਖ਼ਰੀ ਇੱਛਾ ਜਤਾਈ ਕਿ ਮਰਨ ਉਪਰੰਤ ਉਸ ਨੂੰ  ਦਫ਼ਨਾਉਣ ਦੀ ਬਜਾਏ ਕੋਰਿੰਥ ਸ਼ਹਿਰ ਦੇ ਬਾਹਰ-ਬਾਰ ਸੁੱਟ ਦਿੱਤਾ ਜਾਵੇ, ਤਾਂ ਜੋ ਜੰਗਲੀ ਜਾਨਵਰ ਜਾਂ ਹੋਰ ਕੀਟ ਪਤੰਗੇ ਇਸ ਨੂੰ  ਖਾ ਕੇ ਆਪਣੀ ਭੁੱਖ ਮਿਟਾ ਸਕਣ | ਅਜਿਹਾ ਪ੍ਰਗਟਾਉਂਦਿਆਂ ਡਾਇਓਜਨੀਜ਼ ਨੇ ਆਪਣੇ ਲਈ ਫ਼ਕੀਰਾਨਾ ਮੌਤ ਚਿਤਵੀ ਸੀ | ਪਰ ਕੋਰਿੰਥ ਦੇ ਇਲਾਕੇ ਦੇ ਲੋਕ ਉਸ ਦਾ ਐਨਾ ਜ਼ਿਆਦਾ ਸਤਿਕਾਰ ਕਰਨ ਲੱਗ ਪਏ ਸਨ ਕਿ ਉਨ੍ਹਾਂ ਡਾਇਓਜਨੀਜ਼ ਦੀਆਂ ਰਸਮਾਂ ਐਡੇ ਸ਼ਾਨਦਾਰ ਢੰਗ ਨਾਲ ਨਿਭਾਈਆਂ ਕਿ ਇਹ ਸਭ ਇਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਗਿਆ | ਕੋਰਿੰਥ ਸ਼ਹਿਰ 'ਚ ਡਾਇਓਜਨੀਜ਼ ਦੀ ਯਾਦ 'ਚ ਸੰਗਮਰਮਰ ਦਾ ਇਕ ਸ਼ਾਨਦਾਰ ਥੰਮ੍ਹ ਬਣਾਇਆ ਗਿਆ, ਜਿਸ ਉੱਪਰ ਕੁੱਤੇ ਦੀ ਮੂਰਤੀ ਲਗਾਈ ਗਈ | ਥੰਮ੍ਹ ਉੱਪਰ ਉਕਰਿਆ ਗਿਆ, “ਸਮਾਂ ਪੱਥਰਾਂ ਤੱਕ ਨੂੰ  ਖਾ ਜਾਂਦਾ ਹੈ, ਪਰ ਡਾਇਓਜਨੀਜ਼ | ਤੇਰੀ ਸ਼ਾਨ ਕਦੇ ਨਹੀਂ ਮਿਟੇਗੀ |“ 
ਅੱਜ ਦੇ ਇਤਿਹਾਸਕਾਰਾਂ ਅਨੁਸਾਰ ਮਹਾਨ ਸਿਕੰਦਰ ਅਤੇ ਡਾਇਓਜਨੀਜ਼ ਵਰਗੇ ਮਹਾਨ ਬਾਗੀ ਫ਼ਕੀਰ ਦੀ ਮੌਤ ਅਲੱਗ-ਅਲੱਗ ਸਮੇਂ ਹੋਈ ਵਿਖਾਈ ਦਿੰਦੀ ਹੈ, ਫਿਰ ਵੀ ਸਮਾਂ ਸਮਾਜ ਨੂੰ  ਸੰਦੇਸ਼ ਦੇਣ ਹਿੱਤ ਦੋਵਾਂ ਦੇ ਵਿਚਾਰਾਂ ਅਨੁਸਾਰ ਇਕ ਕਹਾਣੀ ਲਿਖਦਾ ਹੈ ਕਿ ਮਰਨ ਉਪਰੰਤ ਜਦੋਂ ਮਹਾਨ ਸਿਕੰਦਰ ਦਾ ਜਨਾਜ਼ਾ ਇਕ ਗਲੀ ਵਿਚ ਦੀ ਸਾਧਾਰਨ ਫੱਕਰ ਡਾਇਓਜਨੀਜ਼ ਦੇ ਜਨਾਜ਼ੇ ਨਾਲ ਸਰਕ ਕੇ ਨਿਕਲਦਾ ਹੈ ਤਾਂ ਪੰਗੇ ਲੈਣ ਤੋਂ ਬਾਜ਼ ਨਾ ਆਉਣ ਵਾਲਾ ਡਾਇਓਜਨੀਜ਼ ਬੋਲਦਾ ਹੈ, 'ਵੇਖ ਸਿਕੰਦਰ | ਹੁਣ ਆਪਾਂ ਦੋਵੇਂ ਹੀ ਬਰਾਬਰ ਹਾਂ, ਹੁਣ ਨਾ ਤਾਂ ਤੇਰੇ ਕੋਲ ਤੇਰੇ ਮਹਿਲ- ਮੁਨਾਰੇ ਹਨ ਅਤੇ ਨਾ ਹੀ ਮੇਰੇ ਕੋਲ ਮਿੱਟੀ ਦਾ ਉਹ ਮਟਕਾ ਹੈ, ਪਰ ਆਪਣੇ ਵਿਚ ਫ਼ਰਕ ਇਹ ਹੈ ਕਿ ਮੈਂ ਤਾਂ ਇਸ ਸੱਖਣੀ ਝੋਲੀ ਲਈ ਪਹਿਲਾਂ ਤੋਂ ਹੀ ਤਿਆਰ ਸੀ ਪਰ ਤੂੰ ਨਹੀਂ ਸੀ ਹੋ ਸਕਿਆ' | (ਸਮਾਪਤ)

-ਮਾਨਸਿਕ ਸਿਹਤ ਕੌਂਸਲਰ, ਮਾਈਾਡ ਕਲੈਰਿਟੀ ਸੈਂਟਰ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98154-61875

ਪਿਛਲੀ ਖ਼ਬਰ ਮੁਬਾਰਕਾਂ ਜਾਂ ਰਿਸ਼ਤਿਆਂ ਦੀ ਬੱਤੀ ਗੁੱਲ! ਅਗਲੀ ਖ਼ਬਰ ਨਾਦਰ ਸ਼ਾਹ ਦੀ ਦਾਸਤਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।