07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

7-11-2026

7-11-2026

ਅਜੀਤ ਡੈਸਕ 07-11-2026

ਅਹਿਸਾਸ
ਲੇਖਕ : ਸਤਨਾਮ ਸਿੰਘ ਮਾਣਕ 
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 140
ਸੰਪਰਕ :” 98726-21741

ਸਤਨਾਮ ਸਿੰਘ ਮਾਣਕ ਪੰਜਾਬ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹੈ | ਇੱਕ ਪੱਤਰਕਾਰ, ਇੱਕ ਲੇਖਕ ਅਤੇ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਮਸ਼ਹੂਰ ਇਸ ਸ਼ਖ਼ਸੀਅਤ ਨੇ ਪਿਛਲੇ ਕੁਝ ਸਾਲਾਂ ਵਿਚ ਆਪਣੇ ਅੰਦਰ ਛਿਪੇ ਭਾਵਪੂਰਤ ਕਵੀ ਨੂੰ  ਵੀ ਉਜਾਗਰ ਕੀਤਾ ਹੈ | ਕੋਰੋਨਾ ਕਾਲ ਅਤੇ ਕਿਸਾਨ ਅੰਦੋਲਨ ਦੀਆਂ ਵੰਗਾਰਾਂ ਨੇ, ਉਸ ਦੇ ਅੰਦਰ ਸੁੱਤੇ ਮਾਨਵੀ ਜਜ਼ਬਿਆਂ ਨੂੰ  ਅਦਭੁਤ ਸ਼ਿੱਦਤ ਨਾਲ ਰੂਪਮਾਨ ਕੀਤਾ ਹੈ | ਇਸ ਸ਼ਿੱਦਤ ਵਿਚ ਦਿਨੋ-ਦਿਨ ਨਿੱਘਰ ਰਹੀ ਪੰਜਾਬ ਦੀ ਹਾਲਤ ਦਾ ਦਰਦ ਵੀ ਹੈ ਅਤੇ ਲਗਾਤਾਰ ਪਸਰ ਰਹੀ ਪੰਜਾਬੀ ਮਾਨਵ ਦੀ ਇਕੱਲਤਾ ਭਰੀ ਜ਼ਿੰਦਗੀ ਵੀ ਹੈ:-
ਆਪਣੀ ਧਰਤੀ ਛੱਡਣ ਨੂੰ  ਦਿਲ ਨਹੀਂ ਕਰਦਾ
ਬੁੱਢੇ ਹੋਏ ਸਰੀਰ ਇਕੱਲਿਆਂ ਵੀ ਨਹੀਂ ਸਰਦਾ (ਪੰਨਾ-74)
'ਅਹਿਸਾਸ' ਸਿਰਲੇਖ ਵਾਲੀ ਉਸ ਦੀ ਪਲੇਠੀ ਪੁਸਤਕ ਦੇ ਸਫ਼ਿਆਂ ਉੱਤੇ ਫੈਲੇ ਹੋਏ ਦਰਦੀਲੇ ਸ਼ਬਦ ਸਤਨਾਮ ਸਿੰਘ ਮਾਣਕ ਦੇ ਅੰਦਰ ਵਸਦੀ ਮਾਨਵੀ ਸੰਵੇਦਨਾ ਦੇ ਲਿਖਾਇਕ ਹਨ:-
ਲਾ-ਇਲਾਜ ਹੋ ਗਿਆ ਦਿਲ ਦਾ ਦਰਦ ਨਹੀਂ ਜਾਂਦਾ 
ਬਹੁਤ ਉਦਾਸ ਹੈ ਮਨ, ਦਿਲ ਦਾ ਦਰਦ ਨਹੀਂ ਜਾਂਦਾ ( ਪੰਨਾ-12 )
ਇਸ ਲਾ-ਜਵਾਬ ਹੋ ਚੁੱਕੇ ਦਿਲਾਂ ਦੇ ਦਰਦ ਲਈ ਜ਼ਿੰਮੇਵਾਰ ਦੇਸ਼ ਅਤੇ ਪ੍ਰਦੇਸ਼ ਦੇ ਰਾਜਨੀਤਕ ਸਿਸਟਮ ਨੂੰ  ਕਾਟੇ ਹੇਠ ਲਿਆਉਣ ਵਾਲੀ ਇਸ ਕਾਵਿਕਾਰੀ ਦੇ ਸ਼ਬਦ ਸ਼ਬਦ ਵਿਚੋਂ ਰਿਸਦਾ ਪੰਜਾਬ ਦਾ ਦਰਦ ਪਾਠਕ ਦੀ ਸਹਿਜ ਸੰਵੇਦਨਾ ਨਾਲ ਇਕ ਸੁਰ ਹੋ ਕੇ ਕਰੁਣਾਮਈ  ਭਾਵ ਜਗਾਉਂਦਾ ਨਜ਼ਰ ਆਉਂਦਾ ਹੈ | ਇਸ ਕਿਤਾਬ ਦੀ ਪਹਿਲੀ ਹੀ ਰਚਨਾ ਇਸ ਕਿਤਾਬ ਦੇ ਸਮੁੱਚੇ ਵਿਚਾਰ-ਵਿਧਾਨ ਦੀ ਨਿਸ਼ਾਨਦੇਹੀ ਕਰ ਦਿੰਦੀ ਹੈ:-
ਇਹ ਦੌਰ-ਏ-ਅੰਧਕਾਰ ਹੈ ਦੀਵੇ ਬੁਝਾਏ ਜਾ ਰਹੇ ਨੇ
ਹਰ ਮੋੜ 'ਤੇ ਗੱਡ ਕੇ ਸਲੀਬਾਂ ਲੋਕ ਡਰਾਏ ਜਾ ਰਹੇ ਨੇ 
ਫਿਕਰ ਹੈ ਹਰਦਮ ਹਰ ਸੂਰਤ ਵਿਚ  
ਗੱਦੀ ਸਲਾਮਤ ਰਹੇ ਬੜੀ ਤਰਕੀਬ ਨਾਲ
ਸੋਚ ਕੇ ਲੋਕ ਲੜਾਏ ਜਾ ਰਹੇ ਨੇ |
ਸਮੁੱਚੇ ਰਾਜਨੀਤਕ ਸਿਸਟਮ ਦੀਆਂ ਊਣਤਾਈਆਂ, 
ਲੋਕਾਂ ਨਾਲ ਹੋ ਰਹੀਆਂ ਵਧੀਕੀਆਂ, ਜਮਹੂਰੀਅਤ ਨੂੰ  ਦਰਪੇਸ਼ ਖ਼ਤਰੇ, ਆਪਸੀ ਭਾਈਚਾਰੇ ਦੀ ਸਲਾਮਤੀ ਲਈ ਅਰਦਾਸਾਂ, ਇਸ ਕਾਵਿਕਾਰੀ ਦੇ ਮੁੱਖ ਫਿਕਰਾਂ ਵਿਚ ਸ਼ਾਮਿਲ ਹਨ | ਅੰਧਕਾਰ, ਸਲੀਬਾਂ, ਨਾਬਰੀ, ਮੁਕੱਦਮ, ਮੁਨਸਿਫ, ਕਿਰਦਾਰ, ਮੋਮਬੱਤੀ, ਸੰਤਾਲੀ, ਕੰਡੇ, ਦਰਦ, ਜਮਹੂਰੀਅਤ, ਬੇਵੱਸੀ, ਬਿਸਾਤ, ਚੰਦਰੀ ਰੁੱਤ, ਭੈੜਾ ਖਾਬ, ਉੱਜੜੇ ਲੋਕ, ਕਾਲੇ ਸਮੇਂ, ਡਰ, ਦਹਿਸ਼ਤ, ਨਿਰਾਦਰ, ਜਬਰ, ਹਨੇਰਾ, ਸਵਾਲ, ਹਾਦਸਾ, ਸੱਤਾ, ਆਦਿ ਸ਼ਬਦਾਂ-ਸੰਕਲਪਾਂ ਨਾਲ ਨੇਪਰੇ ਚੜ੍ਹ ਰਹੀ ਇਹ ਕਾਵਿਕਾਰੀ ਪੁਖਤਾ ਵਿਚਾਰਾਂ ਦੀ ਅਜਿਹੀ ਕਾਵਿਕਾਰੀ ਹੈ, ਜਿਸ ਦੀ ਇਸ ਨਿਰਦਈ ਰਾਜਨੀਤੀ ਦੇ ਦੌਰ ਵਿਚ ਸਭ ਤੋਂ ਵਧੇਰੇ ਜ਼ਰੂਰਤ ਹੁੰਦੀ ਹੈ | ਇਸ ਕਵਿਤਾ ਦੀ ਖੂਬਸੂਰਤੀ ਇਸ ਦਾ ਵਿਚਾਰ-ਪ੍ਰਵਾਹ ਹੈ | ਇਹ ਵਿਚਾਰ-ਪ੍ਰਵਾਹ ਪੁਰਾਣੇ ਸਮਿਆਂ ਦੀ ਸ਼ਾਨ ਦੀ ਵਰਤਮਾਨ ਸਮਿਆਂ ਦੀ ਨਾਕਸ ਸਥਿਤੀ ਨਾਲ ਤੁਲਨਾ ਕਰਦਾ ਹੋਇਆ ਇਸਦਾ ਖੂਬਸੂਰਤ ਵਰਨਣ ਪੇਸ਼ ਕਰਦਾ ਹੈ:-
ਕਦੇ ਅੰਮਿ੍ਤ ਵਰਗੇ ਪਾਣੀ ਸਨ, ਇੱਥੇ ਸਿਹਤਮੰਦ ਪ੍ਰਾਣੀ ਸਨ 
ਤਾਜ਼ੀ ਹਵਾ ਦੇ ਬੁੱਲੇ ਸਨ, ਖੇਤ ਖਲਿਆਣ ਖੁੱਲੇ੍ਹ ਸਨ
ਸੋਹਣੀਆਂ ਸੋਹਣੀਆਂ ਨਸਲਾਂ ਸਨ, ਲੋਕੀਂ ਹੱਕ ਸੱਚ ਲਈ ਲੜਦੇ ਸਨ
ਅੱਜ ਨਸ਼ਿਆਂ ਵਿਚ ਜਵਾਨੀ ਹੈ, ਇੱਕ ਬਹੁਤ ਵੱਡੀ ਪਰੇਸ਼ਾਨੀ ਹੈ
ਨਿਤ ਜਵਾਨਾਂ ਦੇ ਸਿਵੇ ਬਲਦੇ ਨੇ, ਦੁੱਖ ਮਾਪਿਆਂ ਨੂੰ  ਸਲਦੇ ਨੇ
ਕੁਝ ਡਾਕੂ ਚੋਰ ਲੁਟੇਰੇ ਨੇ, ਗਹਿਰੇ, ਡਰ ਖੌਫ ਦੇ ਘੇਰੇ ਨੇ 
ਕੁਝ ਗੈਂਗਾਂ ਦੇ ਸਰਦਾਰ ਨੇ
ਕੁਝ ਵਿਦੇਸ਼ੀਂ ਹੋਏ ਖੁਵਾਰ ਨੇ (ਪੰਨਾ-20) 
ਇਸ ਕਿਤਾਬ ਵਿਚ ਸ਼ਾਮਿਲ 'ਦੁਨੀਆਂ ਪਿੰਡ ਲੱਗਦੀ ਹੈ', 'ਜ਼ਿੰਦਗੀ', 'ਦਰਦ ਦਾ ਦਰਿਆ', 'ਹਲਫੀਆ ਬਿਆਨ', 'ਔਖੇ ਪੈਂਡੇ', 'ਮੂੰਹ ਛੁਪਾਈ  ਫਿਰਦੇ ਹਾਂ', 'ਉੱਡ ਜਾ ਭੋਲਿਆ ਪੰਛੀਆ', 'ਗਾਫਲ ਦਿਲ', 'ਬੜਾ ਕੁਝ ਹੋਣ ਵਾਲਾ ਹੈ', 'ਆਪਣੇ ਰੂਬਰੂ' ਆਦਿ ਕਵਿਤਾਵਾਂ ਸਮੇਂ ਦੇ ਮੁਰਝਾ ਰਹੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਦੀਆਂ ਹੋਈਆਂ ਸਮਾਜ ਦੀ ਦਾਇਨੀ ਸਥਿਤੀ ਦੇ ਕਾਰਨਾਂ ਦੀ ਖੋਜ ਵੱਲ ਵੀ ਅਗਰਸਰ ਹਨ ਅਤੇ ਸਥਿਤੀ ਦੇ ਸੁਧਾਰ ਲਈ ਸੁਝਾਅ ਵੀ ਪੇਸ਼ ਕਰਦੀਆਂ ਹਨ:- 
ਚਲੋ ਫਿਰ ਕੋਈ ਮੁਹੱਬਤ ਦਾ ਗੀਤ ਗਾਈਏ ਦੋਸਤੋ
ਸੁੰਨੀਆਂ ਅੱਖਾਂ 'ਚ ਰੰਗੀਨ ਸੁਪਨੇ ਸਜਾਈਏ ਦੋਸਤੋ
ਬਦਜਨ ਹੋ ਗਏ ਲੋਕ ਇੱਕ ਰੰਗ ਵੇਖਦਿਆਂ 
ਸਤ ਰੰਗਾਂ ਦਾ ਬਾਗ਼ ਸੋਹਣਾ ਸਜਾਈਏ ਦੋਸਤੋ
ਘਰਾਂ 'ਚੋਂ ਬਾਹਰ ਨਿਕਲੋ ਤੇ ਮਾਰੋ ਚੀਕ ਬੁਲਬਲੀ
ਦਹਿਸ਼ਤ ਦੇ ਸਾਏ ਨਗਰੀ 'ਚੋਂ ਭਜਾਈਏ ਦੋਸਤੋ (ਪੰਨਾ-47)
ਹੇਲਨਾ ਨੈਚੁਰਲ ਪਾਰਕ  ਦਾ ਕਸੀਦਾ ਅਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਦਾ ਕਸੀਦਾ ਇਸ ਕਾਵਿਕਾਰੀ ਦੇ ਉਹ ਅੰਦਾਜ਼ ਹਨ, ਜੋ ਰਵਾਇਤੀ ਹੁੰਦੇ ਹੋਏ ਵੀ ਨਿਵੇਕਲੇ ਹਨ | ਡਾਕਟਰ ਬਰਜਿੰਦਰ ਸਿੰਘ ਹਮਦਰਦ ਬਾਰੇ ਲਿਖੇ ਗਏ ਸ਼ਬਦ ਉਨ੍ਹਾਂ ਦੀ ਸ਼ਖ਼ਸੀਅਤ ਦੇ ਸੱਚੇ ਲਿਖਾਇਕ ਹਨ:-
ਪੰਜਾਬੀਅਤ ਦਾ ਉਸ ਦਾ ਜਨੂੰਨ ਹੈ 
ਇਨਸਾਨੀਅਤ ਉਸਦਾ ਕਾਨੂੰਨ ਹੈ 
ਹੱਕ ਸੱਚ ਦਾ ਪਹਿਰੇਦਾਰ ਹੈ ਉਹ 
ਜ਼ਿੰਦਗੀ ਦਾ ਸ਼ਾਹ ਸਵਾਰ ਹੈ ਉਹ 
ਤੂਫਾਨ ਉਸਨੂੰ ਹਿਲਾ ਸਕਦੇ ਨਹੀਂ 
ਜਬਰ ਉਸਨੂੰ ਡੁਲਾ ਸਕਦੇ ਨਹੀਂ 
ਜ਼ੁਲਮ ਵਿਰੁੱਧ ਤਲਵਾਰ ਹੈ 
ਉਹ ਜ਼ਿੰਦਗੀ ਦਾ ਸ਼ਾਹ ਸਵਾਰ ਹੈ ਉਹ (ਪੰਨਾ-109)
'ਦੇਸ਼ਾਂ-ਵਿਦੇਸ਼ਾਂ ਅਤੇ ਸਰਹੱਦਾਂ ਦੇ ਆਰ ਪਾਰ ਵਸਦੇ ਸਮੂਹ ਪੰਜਾਬੀਆਂ ਨੂੰ , ਜਿਨਾਂ ਨੂੰ  ਮੈਂ ਬੇਹੱਦ ਮੁਹੱਬਤ ਕਰਦਾ ਹਾਂ' ਦੇ ਸਮਰਪਣੀ ਸ਼ਬਦਾਂ ਨਾਲ ਸ਼ੁਰੂ ਹੋਈ ਇਸ  ਕਿਤਾਬ ਦੇ ਆਖਰੀ ਸ਼ਬਦ ਹਨ:-
ਇੱਕ ਹੋਰ ਸੰਤਾਲੀ ਵੱਲ ਮੁੜ ਧੱਕਿਆ ਜਾ ਰਿਹਾ ਇਹ ਦੇਸ਼ 
ਕੌਣ ਕਦੋਂ ਉੱਠ ਕੇ ਇਹ ਖੂਨੀ ਜੰਗ ਰੋਕੇਗਾ ਮੈਂ ਸੋਚ ਰਿਹਾ ਹਾਂ | 
(ਪੰਨਾ-140)
 ਅਜਿਹੇ ਸਿਖਰ  ਉੱਤੇ ਪਹੁੰਚਦੀ ਇਹ ਕਵਿਤਾ ਪਾਠਕ ਦੇ ਮਨ ਵਿਚ ਦੇਸ਼ ਅਤੇ ਪੰਜਾਬ ਪ੍ਰਦੇਸ਼ ਦੀ ਹਾਲਤ ਬਾਰੇ ਅਨੇਕਾਂ ਸਵਾਲ  ਉਤਪੰਨ ਕਰਦੀ ਹੈ, ਜੋ ਸਾਡੇ ਆਲੇ-ਦੁਆਲੇ ਲਟ-ਲਟ ਬਲ ਰਹੇ ਹਨ | ਇਹ ਸਵਾਲ ਇਸ ਕਿਤਾਬ ਦੀ ਅਜਿਹੀ  ਸਾਰਥਿਕਤਾ ਹੈ, ਜੋ ਸਮਕਾਲੀ ਕਵਿਤਾ ਲਈ ਇਕ ਵੰਗਾਰ ਹੈ |

-ਡਾ. ਲਖਵਿੰਦਰ ਸਿੰਘ ਜੌਹਲ 
ਮੋਬਾਈਲ : 94171-94812


ਅਰਪਨ
ਲੇਖਕ : ਗੁਰਚਰਨ ਸਿੰਘ ਹੇਹਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 99153-56496


ਹਥਲਾ ਕਾਵਿ-ਸੰਗ੍ਰਹਿ 'ਅਰਪਨ' ਕੈਲਗਰੀ (ਕੈਨੇਡਾ) ਵਿਚ ਰਹਿਣ ਵਾਲੇ ਗੁਰਚਰਨ ਸਿੰਘ ਹੇਹਰ ਦੀ ਦੂਜੀ ਪ੍ਰਕਾਸ਼ਿਤ ਪੁਸਤਕ ਹੈ | ਇਸ ਤੋਂ ਪੂਰੇ ਅਠਾਰਾਂ ਸਾਲ ਪਹਿਲਾਂ ਉਨ੍ਹਾਂ ਦਾ ਗੀਤ-ਸੰਗ੍ਰਹਿ 'ਬਿਨ ਪੱਤਿਆਂ ਤੋਂ ਛਾਂ' ਪ੍ਰਕਾਸ਼ਿਤ ਹੋਇਆ ਸੀ | ਉਨ੍ਹਾਂ ਦੀ ਕਲਮ ਪੂਰੀ ਤਰ੍ਹਾਂ ਸਿੱਖ ਵਿਰਾਸਤ ਦੇ ਰੰਗ ਵਿਚ ਰੰਗੀ ਹੋਈ ਹੈ | ਉਹ ਭਲੀ-ਭਾਂਤ ਜਾਣਦੇ ਹਨ ਕਿ ਕਿ੍ਪਾਨ ਤੱਕ ਪਹੁੰਚਣ ਤੋਂ ਪਹਿਲਾਂ ਕਲਮਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ ਅਤੇ ਇਹ ਵੱਡੀਆਂ ਲੋਕ-ਲਹਿਰਾਂ ਖੜ੍ਹੀਆਂ ਕਰਨ ਦੇ ਸਮਰੱਥ ਹੁੰਦੀਆਂ ਹਨ:
ਕਿੰਝ ਪਹੁੰਚੋਗੇ ਕਿ੍ਪਾਨਾਂ ਤੱਕ
ਜੇ ਕਲਮਾਂ ਦੇ ਵਿਚ ਜਾਨ ਨਹੀਂ |
ਗੁਰਚਰਨ ਸਿੰਘ ਹੇਹਰ ਦੀ ਕਵਿਤਾ ਨੂੰ  ਇੱਕਸੁਰ ਹੋ ਕੇ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਬੜੇ ਉਤਰਾਅ-ਚੜ੍ਹਾਅ ਦੇਖੇ ਹਨ | ਉਨ੍ਹਾਂ ਕੋਲ ਸਮਾਜਿਕ ਤਾਣੇ-ਬਾਣੇ ਦੀਆਂ ਪਰਤਾਂ ਵਿਚ ਝਾਤ ਮਾਰਨ ਦਾ ਹੁਨਰ ਹੈ | ਉਹ ਸਿਰਫ਼ ਉਹੀ ਨਹੀਂ ਦੇਖਦੇ, ਜਿਸ ਨੂੰ  ਦੁਨੀਆ ਦਿਖਾਉਣਾ ਚਾਹੁੰਦੀ ਹੈ ਬਲਕਿ ਉਸ ਨੂੰ  ਵੀ ਜਾਣ ਲੈਂਦੇ ਹਨ, ਜਿਸ ਨੂੰ  ਛੁਪਾਇਆ ਜਾ ਰਿਹਾ ਹੁੰਦਾ ਹੈ | ਪੁਸਤਕ ਵਿਚ ਸ਼ਾਮਿਲ ਉਨ੍ਹਾਂ ਦੀ ਕਵਿਤਾ ਦੀਆਂ ਇਹ ਸਤਰਾਂ ਉਪਰੋਕਤ ਧਾਰਨਾ ਦੀ ਸ਼ਾਹਦੀ ਭਰਦੀਆਂ ਹਨ:
ਹਰ ਹਰਬਾ ਵਰਤ ਕੇ ਦੇਖ ਲਿਆ
ਸਭ ਤੰਦ ਹੀ ਉਲਝਿਆ ਤਾਣੀ ਦਾ
ਮੈਂ ਆਸਾਂ ਕਰਾਂ ਪ੍ਰੀਤ ਦੀਆਂ
ਇਹ ਤਾਂ ਖੇਡ ਹੀ ਨਫ਼ਰਤ ਰਾਣੀ ਦਾ |
ਗੁਰਚਰਨ ਸਿੰਘ ਹੇਹਰ ਦੀ ਕਵਿਤਾ ਵਿਚ ਅੰਤਾਂ ਦੀ ਰਵਾਨਗੀ ਹੈ | ਕਵਿਤਾ ਵਿਚ ਵਰਤੀ ਗਈ ਸ਼ਬਦਾਵਲੀ ਏਨੀ ਸਰਲ ਅਤੇ ਸਪੱਸ਼ਟ ਹੈ ਕਿ ਉਸ ਨੂੰ  ਸਾਧਾਰਨ ਤੋਂ ਸਾਧਾਰਨ ਕਿਸਮ ਦਾ ਪਾਠਕ ਵੀ ਸਹਿਜੇ ਹੀ ਸਮਝ ਸਕਦਾ ਹੈ | ਆਪਣੇ ਆਪ ਨੂੰ  ਵੱਡਾ ਕਵੀ ਸਾਬਤ ਕਰਨ ਦੇ ਚੱਕਰ ਵਿਚ ਉਹ ਗੁੰਝਲਦਾਰ ਜਾਂ ਬੋਝਲ ਸ਼ਬਦਾਂ ਦੀ ਵਰਤੋਂ ਵੀ ਨਹੀਂ ਕਰਦੇ | ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਵਿਤਾ ਉਨ੍ਹਾਂ ਨੂੰ  ਲਿਖਣੀ ਨਹੀਂ ਪੈਂਦੀ ਬਲਕਿ ਆਪਮੁਹਾਰੇ ਚਸ਼ਮੇ ਵਾਂਗ ਫੁੱਟਦੀ ਪ੍ਰਤੀਤ ਹੁੰਦੀ ਹੈ | ਸਮੁੱਚੇ ਰੂਪ ਵਿਚ ਉਨ੍ਹਾਂ ਦੀ ਇਹ ਬੇਹੱਦ ਖ਼ੂਬਸੂਰਤ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਹੈ |

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਕਹੀਆਂ ਸੁਣੀਆਂ
ਲੇਖਕ : ਚਰਨਜੀਤ ਜੋਗੀ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 70876-79100


ਆਮ ਤੌਰ 'ਤੇ ਕਹੀ ਗਈ ਗੱਲ ਨੂੰ  ਕਥਨ ਕਿਹਾ ਜਾਂਦਾ ਹੈ | ਉਂਝ ਉਕਤੀ ਜਾਂ ਬਿਆਨ ਸ਼ਬਦ ਦੀ ਇਸ ਦੇ ਸਮਾਨਾਰਥਕ ਹੀ ਹਨ | ਪੰਜਾਬੀ ਵਿਚ ਬਹੁਤ ਸਾਰੇ ਸੰਪਾਦਿਤ ਕਥਨ-ਕੋਸ਼ ਉਪਲਬਧ ਹਨ ਜਿਨ੍ਹਾਂ ਵਿਚ ਵੱਖ-ਵੱਖ ਵਿਦਵਾਨਾਂ/ਚਿੰਤਕਾਂ/ ਸਾਹਿਤਕਾਰਾਂ ਦੇ ਕਹੇ ਹੋਏ ਵਿਚਾਰ ਇਕ ਥਾਂ ਮਿਲ ਜਾਂਦੇ ਹਨ | ਪਰ ਬਹੁਤ ਘੱਟ ਕਥਨ-ਕੋਸ਼ ਹਨ ਜਿਹੜੇ ਸੰਬੰਧਿਤ ਲੇਖਕ ਨੇ ਕਿਤਾਬ ਵਿਚਲੇ ਸਾਰੇ ਦੇ ਸਾਰੇ ਖ਼ੁਦ ਲਿਖੇ ਹੋਣ ਤੇ ਹੋਣ ਵੀ ਕਮਾਲ ਦੇ | ਵਿਚਾਰਾਧੀਨ ਪੁਸਤਕ ਚਰਨਜੀਤ ਜੋਗੀ ਵਲੋਂ ਬਹੁਤ ਭਾਵਪੂਰਤ ਰੂਪ 'ਚ ਲਿਖੀ ਗਈ ਹੈ, ਜਿਸ ਵਿਚਲੇ ਸਾਰੇ 344 ਕਥਨ ਜੋਗੀ ਦੇ ਖ਼ੁਦ ਦੇ ਲਿਖੇ ਹੋਏ ਹਨ | ਹਰ ਕਥਨ ਬੜੀ ਸਰਲ ਭਾਸ਼ਾ ਵਿਚ ਹੈ ਤੇ ਡੂੰਘੇ ਤੇ ਆਸਾਨੀ ਨਾਲ ਸਮਝ ਆਉਣ ਵਾਲੇ ਅਰਥਾਂ ਦਾ ਧਾਰਨੀ ਹੈ | ਆਪਣੇ ਪਿਤਾ ਜੀ ਡਾ. ਗੁਰਦੇਵ ਸਿੰਘ ਸੰਘਾ ਦੀਆਂ ਨੇਕ ਨੀਤੀਆਂ ਨੂੰ  ਸਮਰਪਿਤ ਇਸ ਪੁਸਤਕ ਦੇ ਆਰੰਭ 'ਚ 'ਮੇਰੀਆਂ ਕਹੀਆਂ ਸੁਣੀਆਂ' ਸਿਰਲੇਖ ਹੇਠ ਜੋਗੀ ਨੇ ਲਿਖਿਆ ਹੈ ਕਿ :-
-''ਆਪਣੇ ਆਲੇ ਦੁਆਲੇ ਤੋਂ, ਸਮਾਜ ਤੋਂ, ਰਿਸ਼ਤਿਆਂ ਤੋਂ ਬਹੁਤ ਕੁਝ ਟੁੱਟਿਆ ਭੱਜਿਆ ਮੈਂ ਇਕੱਤਰ ਕੀਤਾ ਹੈ | ਬਹੁਤ ਮਨ ਹੀ ਮਨ 'ਚ ਕਹੀਆਂ ਵੀ ਹਨ ਤੇ ਕੰਨਾਂ 'ਚ ਕੌੜਾ ਤੇਲ ਪਾ ਕੇ ਸੁਣੀਆਂ ਵੀ ਹਨ | ਬੱਸ ਇਹੀ ਹੈ ਮੇਰੀ ਇਸ ਕਿਤਾਬ ਦਾ ਵਿਸ਼ਾ-ਵਸਤੂ 'ਕਹੀਆਂ ਸੁਣੀਆਂ' |''
ਚਰਨਜੀਤ ਜੋਗੀ ਰਚਿਤ ਕੁਝ ਕਥਨ ਵੀ ਸਾਂਝੇ ਕੀਤੇ ਜਾਂਦੇ ਹਨ :-
-ਜੇਕਰ ਜਿੱਤ ਦਾ ਨਸ਼ਾ ਸਿਰ ਨੂੰ  ਚੜ੍ਹ ਜਾਵੇ ਤਾਂ ਉਹ ਹਾਰ ਨਾਲੋਂ ਵੀ ਘਾਤਕ ਹੋ ਸਕਦੀ ਹੈ |
-ਦੁਨੀਆ ਦੀ ਜਦੋਂ ਸਮਝ ਆਉਣ ਲਗਦੀ ਹੈ, ਉਦੋਂ ਦੁਨੀਆ ਤੋਂ ਜਾਣ ਦਾ ਵੇਲਾ ਹੋ ਜਾਂਦਾ ਹੈ |
-ਆਪਣੇ ਹੱਕ ਲੈਣ ਲਈ ਲਕੀਰਾਂ ਨਾ ਕੱਢੋ, ਲਕੀਰ ਖਿੱਚ ਕੇ ਖੜ੍ਹ ਜਾਵੋ |
-ਅਕਸਰ ਔਲਾਦ ਦੀਆਂ ਅੱਖਾਂ ਉਦੋਂ ਖੁੱਲ੍ਹਦੀਆਂ ਹਨ ਜਦੋਂ ਮਾਪੇ ਅੱਖਾਂ ਮੀਟ ਜਾਂਦੇ ਹਨ |
'ਹਰਫ਼ ਹੁਲਾਰੇ' ਨਾਂਅ ਦਾ ਇਕ ਕਥਨ-ਕੋਸ਼ ਜੋਗੀ ਦਾ (2024) ਪਹਿਲਾਂ ਵੀ ਆ ਚੁੱਕਿਆ ਹੈ | ਕਵਿਤਾ ਦੀਆਂ 2 ਤੇ 1 ਗੀਤ ਸੰਗ੍ਰਹਿ ਵੀ ਪਾਠਕਾਂ ਨੇ ਪੜ੍ਹੇ ਹਨ | ਮੇਰੀ ਜਾਚੇ ਜੋਗੀ ਦਾ ਵਾਰਤਕ ਵੀ ਬਾਕਮਾਲ ਹੈ | ਵੰਨਗੀ ਵੇਖੋ :-
-''ਸਾਡੇ ਤਿਉਹਾਰ ਵੀ ਸ਼ੂਗਰ ਦੇ ਮਰੀਜ਼ਾਂ ਦੀ ਚਾਹ ਵਰਗੇ ਫਿੱਕੇ ਹੋ ਗਏ ਹਨ | ਇਹ ਜ਼ਿੰਦਗੀ, ਹੁਣ ਜ਼ਿੰਦਗੀ ਵਰਗੀ ਨਹੀਂ, ਪਰ ਹਾਂ ਸਾਲ ਦਰ ਸਾਲ ਗੁਜ਼ਰੀ ਜਾਂਦੀ ਹੈ, ਮਾਲ ਗੱਡੀ ਦੇ ਵਾਂਗ, ਜਿਸ ਦੀ ਉਡੀਕ ਸਵਾਰੀਆਂ ਨੂੰ  ਨਹੀਂ, ਵਪਾਰੀਆਂ ਨੂੰ  ਹੁੰਦੀ ਹੈ |''

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਦੂਰੀਆਂ
ਲੇਖਕ : ਡਾ: ਜਸਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ |
ਮੁੱਲ : 200 ਰੁਪਏ,  ਸਫ਼ੇ : 115
ਸੰਪਰਕ : 70565-09375

ਹੱਥਲੀ ਕਾਵਿ ਪੁਸਤਕ 'ਦੂਰੀਆਂ' ਡਾ: ਜਸਬੀਰ ਸਿੰਘ ਦੀ ਛੇਵੀਂ ਪੁਸਤਕ ਹੈ | ਇਸ ਤੋਂ ਪਹਿਲਾਂ ਲੇਖਕ ਦੀਆਂ 5 ਪੁਸਤਕਾਂ 'ਪੀੜਾਂ ਦੀ ਪਟਾਰੀ', 'ਤੇਰੀ ਨਜ਼ਰ', 'ਇੱਕ ਗੀਤ ਸੱਜਣਾਂ ਨਾਂ', 'ਮੈਂ ਜਨ ਤੇਰਾ', 'ਮੇਰੀਆਂ ਪੀੜਾਂ' ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਹੱਥਲੇ ਕਾਵਿ ਸੰਗ੍ਰਹਿ 'ਚ ਲੇਖਕ ਦੀਆਂ 64 ਕਾਵਿ ਰਚਨਾਵਾਂ ਸ਼ਾਮਲ ਹਨ | ਇਨ੍ਹਾਂ ਕਾਵਿ ਰਚਨਾਵਾਂ 'ਚ ਲੇਖਕ ਨੇ ਰਿਸ਼ਤਿਆਂ ਦੀ ਦੂਰੀ, ਪ੍ਰਮਾਤਮਾ ਦੀ ਦੂਰੀ ਅਤੇ ਪਿਆਰ ਦੀ ਦੂਰੀ ਸਬੰਧੀ ਬਹੁਗਿਣਤੀ ਕਵਿਤਾਵਾਂ ਦੇ ਵਿਸ਼ਾ-ਵਸਤੂ ਨੂੰ  ਕੇਂਦਰਿਤ ਕੀਤਾ ਹੈ | ਇਨ੍ਹਾਂ ਕਵਿਤਾਵਾਂ 'ਚ ਮਨ ਦੇ ਵਲਵਲੇ ਕਿਸੇ ਵਿਸ਼ਾਲ ਸਾਗਰ ਦੀਆਂ ਛੱਲਾਂ ਵਾਂਗਰ ਖੌਰੂ ਪਾਉਂਦੇ ਜਾਪਦੇ ਹਨ :
ਬੱਦਲਾਂ ਦੀ ਛਾਂ ਸਾਂਝੀ
ਪਵਨ ਦੀ ਮਹਿਕ ਸਾਂਝੀ
ਸਾਗਰ ਦੀ ਲਹਿਰ ਸਾਂਝੀ
ਪੰਛੀ ਦੀ ਚਹਿਕ ਸਾਂਝੀ
ਕਿਸੇ ਖੇੜੇ ਵਿਚ ਰਹੀਏ
ਕੋਈ ਗੀਤ ਪਿਆਰ ਦੇ ਕਹੀਏ | ਪੰਨਾ : 98
ਇਨ੍ਹਾਂ ਕਵਿਤਾਵਾਂ 'ਚ ਸੱਜਣਾਂ ਪਿਆਰਿਆਂ ਦੇ ਨਾਂਅ ਕਿਸੇ ਕਲ-ਕਲ ਵਹਿੰਦੇ ਝਰਨੇ ਵਰਗੇ ਖ਼ੂਬਸੂਰਤ ਪੈਗਾਮ ਵੀ ਨੇ ਅਤੇ ਵਿਛੜੇ ਸੱਜਣਾਂ ਦੇ ਬਿ੍ਹਾ ਦੀਆਂ ਗਹਿਰੀਆਂ ਕਸਕਾਂ ਦਾ ਅਥਾਹ ਦਰਦ ਵੀ ਛਲਕਦਾ ਮਹਿਸੂਸ ਹੁੰਦਾ ਹੈ :
ਅਜੇ ਪਰਾਹੁਣਾ ਘਰ ਨਹੀਂ ਆਇਆ
ਮੈਂ ਨਜ਼ਰ ਲਗਾਈ ਦਰ ਤੇ
ਅੱਖੀਆਂ ਸੁੱਤੀਆਂ ਰਾਤਾਂ ਆਈਆਂ
ਮੈਂ ਔਸੀਆਂ ਪਾ ਪਾ ਰੋਵਾਂ |  ਪੰਨਾਂ : 25
ਲੇਖਕ ਸਾਡੇ ਅਮੀਰ ਵਿਰਸੇ ਦੀ ਸਾਂਭ-ਸੰਭਾਲ ਪ੍ਰਤੀ ਗਹਿਰਾ ਫ਼ਿਕਰਮੰਦ ਹੈ | ਸਾਡੇ ਗੁਰੂਆਂ, ਪੈਗੰਬਰਾਂ ਦੀਆਂ ਅਨਮੋਲ ਸਿੱਖਿਆਵਾਂ ਨੂੰ  ਗਿ੍ਹਣ ਕਰਨ ਲਈ ਨਵੀਂ ਪੀੜ੍ਹੀ ਨੂੰ  ਅਰਜੋਈ ਕਰਦਾ ਹੈ | ਅਜੋਕੇ ਸਮਾਜ 'ਚ ਭਰੂਣ ਹੱਤਿਆ ਵਰਗੀਆਂ ਭੈੜੀਆਂ ਅਲਾਮਤਾਂ ਉਸ ਦਾ ਧੁਰ ਅੰਦਰੋ ਹਿਰਦਾ ਵਲੂੰਧਰਦੀਆਂ ਜਾਪਦੀਆਂ ਹਨ | 

-ਮਨਜੀਤ ਸਿੰਘ ਘੜੈਲੀ                                                                  
ਮੋਬਾਈਲ : 79860-63165

ਪੰਜਾਬੀ ਮਿੰਨੀ ਕਹਾਣੀ ਦਾ ਇਤਿਹਾਸ 
(1970 ਤੋਂ 2025 ਤੱਕ)
ਲੇਖਕ : ਡਾ. ਹਰਪ੍ਰੀਤ ਸਿੰਘ ਰਾਣਾ 
ਪ੍ਰਕਾਸ਼ਕ : ਆਰਸੀ ਪਬਲਿਸ਼ਰ, ਨਵੀਂ ਦਿੱਲੀ 
ਮੁੱਲ : 475 ਰੁਪਏ, ਸਫ਼ੇ : 229
ਸੰਪਰਕ : 98885-53162


ਮਿੰਨੀ ਕਹਾਣੀ ਪੰਜਾਬੀ ਸਾਹਿਤ ਦਾ ਇੱਕ ਅਜਿਹਾ ਅੰਗ ਹੈ ਜਿਸ ਵਿਚ ਸਰਲਤਾ ਸੰਜਮਤਾ ਸੰਖੇਪਤਾ ਅਤੇ ਕਟਾਕਸ਼ ਰਾਹੀਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਜਾਂਦਾ | ਵੀਹਵੀਂ ਸਦੀ ਦੇ ਵਿਚ ਹੋਂਦ ਵਿਚ ਆਈ ਮਿੰਨੀ ਕਹਾਣੀ ਦੇ ਇਤਿਹਾਸ ਨਾਲ ਸੰਬੰਧਿਤ ਇਸ ਖੋਜ ਕਾਰਜ ਨੂੰ  ਲੇਖਕ ਨੇ ਪੁਸਤਕ ਰੂਪ ਵਿਚ ਪਾਠਕਾਂ ਸਾਹਵੇਂ ਰੂਬਰੂ ਕੀਤਾ ਹੈ ਜਿਸ ਵਿਚ ਉਸ ਨੇ 1970 ਤੋਂ ਲੈ ਕੇ 2025 ਤੱਕ ਦੀ ਮਿੰਨੀ ਕਹਾਣੀ ਦੀ ਇਤਿਹਾਸਕਾਰੀ ਅਤੇ ਇਸ ਵਿਚ ਆਏ ਬਦਲਾਅ ਪੇਸ਼ ਕੀਤੇ ਹਨ | ਤਿੰਨ ਅਧਿਆਇ ਵਿਚ ਵੰਡੀ ਇਸ ਕਿਤਾਬ ਵਿਚ ਪਹਿਲਾ ਅਧਿਆਏ ਪੰਜਾਬੀ ਮਿੰਨੀ ਕਹਾਣੀ ਦੇ ਪਿਛੋਕੜ ਨਿਕਾਸ ਅਤੇ ਨਾਮਕਰਨ ਦੀ ਗੱਲ ਕਰਦਾ ਹੈ ਜੋ ਕਿ 1970 ਦੇ ਇਤਿਹਾਸ ਬਾਰੇ ਚਰਚਾ ਕਰਦਾ ਹੈ | ਦੂਸਰੇ ਅਧਿਆਇ ਵਿਚ 1970 ਤੋਂ ਅੱਗੇ ਦੇ ਇਤਿਹਾਸ ਦੀ ਗੱਲ ਤੁਰਦੀ ਹੈ ਜਿਸ ਵਿਚ ਕਹਾਣੀ ਦੇ ਮੁਢਲੇ ਪੜਾਅ ਤੋਂ ਲੈ ਕੇ ਪੰਜਵੇਂ ਪੜਾਅ ਤੱਕ ਦਾ ਸਫਰ ਬਿਆਨ ਕੀਤਾ ਗਿਆ ਹੈ | ਅਧਿਆਇ ਤੀਜਾ ਪ੍ਰਵਾਸੀ ਪੰਜਾਬੀ ਮਿੰਨੀ ਕਹਾਣੀ, ਪਾਕਿਸਤਾਨੀ ਪੰਜਾਬੀ ਮਿੰਨੀ ਕਹਾਣੀ ਅਤੇ ਪੰਜਾਬੀ ਮਿੰਨੀ ਕਹਾਣੀ ਆਲੋਚਨਾ ਦੇ ਨਾਲ ਨਾਲ ਇਸ ਇਸ ਸਮੇਂ ਦੇ ਪ੍ਰਸਿੱਧ ਮਿੰਨੀ ਕਹਾਣੀਕਾਰਾਂ ਅਤੇ ਉਨਾਂ ਦੀਆਂ ਲਿਖਤਾਂ ਦੇ ਰੂਬਰੂ ਕਰਵਾਉਂਦਾ ਹੈ | ਪੰਜਾਬੀ ਮਿੰਨੀ ਕਹਾਣੀ ਆਲੋਚਨਾ ਦਾ ਹਿੱਸਾ ਪੰਜਾਬੀ ਦੇ ਕੁਝ ਪ੍ਰਸਿੱਧ ਮਿੰਨੀ ਕਹਾਣੀ ਆਲੋਚਕਾਂ, ਖੋਜਾਰਥੀਆਂ ਅਤੇ ਮਿੰਨੀ ਕਹਾਣੀ 'ਤੇ ਕੀਤੇ ਜਾ ਰਹੇ ਹੋਰ ਕੰਮਾਂ 'ਤੇ ਚਾਨਣਾ ਪਾਉਂਦਾ ਹੈ ਜਿਸ ਵਿਚ ਕਹਾਣੀ ਮੁਕਾਬਲੇ ਅਤੇ ਮਿੰਨੀ ਕਹਾਣੀ ਲਈ ਦਿੱਤੇ ਜਾ ਰਹੇ ਮਾਨ ਸਨਮਾਨਾਂ ਦੀ ਚਰਚਾ ਵੀ ਕੀਤੀ ਗਈ ਹੈ | ਲੇਖਕ ਅਨੁਸਾਰ ਇਸ ਸਮੇਂ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਸੰਬੰਧੀ ਸਾਕਾਰਾਤਮਕ ਮੌਲਿਕ ਕਾਰਜ ਹੋ ਰਹੇ ਹਨ ਜਿਨ੍ਹਾਂ ਸਦਕਾ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਆਪਣਾ ਵੱਖਰਾ ਸਥਾਨ ਬਣਾ ਰਹੀ ਹੈ | ਖੋਜ ਕਾਰਜ ਦੇ ਅਧਾਰਤ ਇਸ ਪੁਸਤਕ ਵਿਚ ਲੇਖਕ ਦੀ ਕੀਤੀ ਮਿਹਨਤ ਨਜ਼ਰ ਆਉਂਦੀ ਹੈ ਅਤੇ ਇਹ ਪੁਸਤਕ ਭਵਿੱਖ ਵਿਚ ਮਿੰਨੀ ਕਹਾਣੀ 'ਤੇ ਕੰਮ ਕਰਨ ਵਾਲੇ ਖੋਜਾਰਥੀਆਂ ਲਈ ਇੱਕ ਸਰੋਤ ਪੁਸਤਕ ਵਜੋਂ ਕਾਫੀ ਮਦਦਗਾਰ ਹੋ ਸਕਦੀ ਹੈ |

-ਡਾ. ਸੁਖਪਾਲ ਕੌਰ ਸਮਰਾਲਾ 
ਮੋਬਾਈਲ : 83606-83823

ਪਿਛਲੀ ਖ਼ਬਰ ਓਡੀਸ਼ਾ ਹਾਈ ਕੋਰਟ ਨੇ ਹਾਕੀ ਇੰਡੀਆ ਦੀਆਂ ਚੋਣਾਂ ’ਤੇ ਲਾਈ ਰੋਕ ਅਗਲੀ ਖ਼ਬਰ ਸ਼ਲਾਘਾਯੋਗ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।