ਆਹਾਂ ਦੀ ਅੱਗ
ਲੇਖਿਕਾ : ਮਨਜੀਤ ਕੌਰ ਅੰਬਾਲਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 131
ਸੰਪਰਕ : 094162-71625

'ਆਹਾਂ ਦੀ ਅੱਗ' (2026) ਪਰੌੜ ਸ਼ਾਇਰਾ ਮਨਜੀਤ ਕੌਰ ਅੰਬਾਲਵੀ ਦਾ ਚੌਥਾ ਕਾਵਿ-ਸੰਗ੍ਰਹਿ ਹੈ | ਇਸ ਤੋਂ ਇਲਾਵਾ ਉਸ ਨੇ ਇਕ ਬਾਲ ਕਾਵਿ-ਸੰਗ੍ਰਹਿ ਦੀ ਸਿਰਜਣਾ ਵੀ ਕੀਤੀ ਹੈ | ਹਥਲੇ ਕਾਵਿ-ਸੰਗ੍ਰਹਿ ਨਾਲ ਉਹ ਇਕ ਸਮਰਪਿਤ ਨਾਰੀਵਾਦੀ ਕਵਿੱਤਰੀ ਦੇ ਰੂਪ ਵਿਚ ਸਾਡੇ ਸਨਮੁੱਖ ਹੈ | ਉਹ ਆਪਣੇ ਹੀ ਨਿਵੇਕਲੇ ਅੰਦਾਜ਼ ਵਿਚ ਪੰਜਾਬੀ ਦੀ ਨਾਰੀਵਾਦੀ ਕਵਿਤਾ ਨੂੰ ਨਵੇਂ ਅਰਥ-ਵਿਸਥਾਰ ਦਿੰਦੀ ਹੈ | ਇਸ ਕਵਿਤਾ ਨੂੰ ਉਹ ਉਨ੍ਹਾਂ 'ਲਾਡਲੀਆਂ ਧੀਆਂ' ਨੂੰ ਸਮਰਪਿਤ ਕਰਦੀ ਹੈ, ਜੋ ਜ਼ਮਾਨੇ ਦੇ 'ਵਹਿਸ਼ੀ ਪੰਜਿਆਂ' ਦੇ ਦਰਦੀਲੇ ਜ਼ਖ਼ਮ ਨੂੰ ਨਾ ਸਹਾਰਦੀਆਂ ਹੋਈਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਗਈਆਂ | ਕਵਿਤਾ ਵਿਚ 'ਲਾਡਲੀਆਂ ਧੀਆਂ' ਨਾਲ ਜੁੜਿਆ ਅਨੂਠਾ ਭਾਵ-ਸੰਸਾਰ ਤੇ 'ਦਰਦੀਲੇ ਦਰਦ' ਦੇਣ ਵਾਲੇ 'ਵਹਿਸ਼ੀ-ਪੰਜਿਆਂ' ਨਾਲ ਜੁੜੇ ਵਰਤਾਰਿਆਂ ਦਾ ਕੱਚ-ਸੱਚ ਸਮਾਨਾਂਤਰ ਬਿੰਬ-ਸਿਰਜਣਾ ਰਾਹੀਂ ਵਾਰ-ਵਾਰ ਉਜਾਗਰ ਹੁੰਦਾ ਹੈ | ਨਾਰੀ ਦੀ ਮੌਜੂਦਾ ਸਥਿਤੀ ਪ੍ਰਤੀ ਅਸੰਤੋਸ਼, ਗੁੱਸਾ, ਰੰਜ਼, ਨਫ਼ਰਤ ਤੇ ਰੋਹ-ਵਿਦਰੋਹ ਦੇ ਭਾਵ ਹੀ ਲੇਖਿਕਾ ਦੀ ਕਲਾ ਜੁੰਬਸ਼ ਤੇ ਗਤੀ ਪ੍ਰਦਾਨ ਕਰਦੇ ਹਨ | ਇਨ੍ਹਾਂ ਭਾਵਾਂ ਦਾ ਪ੍ਰਗਟਾਵਾ ਇਕ ਬੇਹੱਦ ਸੰਵੇਦਨੀ-ਤਰਕਸ਼ੀਲ ਧਰਾਤਲ 'ਤੇ ਹੋਣ ਕਾਰਨ ਅੰਬਾਲਵੀ ਦੀ ਨਾਰੀਵਾਦੀ ਸੁਰ ਸਹਿਜ ਤੇ ਸੰਤੁਲਿਤ ਬਣੀ ਰਹਿੰਦੀ ਹੈ | ਉਸ ਨੂੰ ਆਪਣਾ ਹੀ ਕਾਵਿ-ਤਰਕ ਉਸਾਰਨਾ ਆਉਂਦਾ ਹੈ | ਇਹੀ ਕਾਰਨ ਹੈ ਕਿ ਫੈਸ਼ਨੀ ਵਾਰੀਵਾਦੀ ਕਵਿਤਾ ਵਾਂਗ ਉਸ ਦੀ ਕਵਿਤਾ ਔਰਤ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਮਰਦ-ਪ੍ਰਧਾਨ ਸਮਾਜ ਪ੍ਰਬੰਧ (ਪਿਤਰ ਸੱਤਾ) ਨੂੰ ਵੰਗਾਰਦੀ ਹੋਈ ਮਰਦ ਨੂੰ ਹੀ ਵੰਗਾਰਨ ਦੀ ਹੱਦ ਤੱਕ ਨਹੀਂ ਚਲੇ ਜਾਂਦੀ | ਉਹ ਔਰਤ ਦੀ ਸਰੀਰਕ ਤੇ ਮਾਨਸਿਕ ਆਜ਼ਾਦੀ, ਔਰਤ-ਦੇਹ, ਇੱਛਾਵਾਂ ਤੇ ਭਾਵਨਾਵਾਂ ਅਤੇ ਔਰਤ ਹੋਂਦ ਦੇ ਇਰਦ-ਗਿਰਦ ਪੱਸਰੇ ਦਹਿਸ਼ਤੀ ਦਾਇਰਿਆਂ ਦੀ ਗੱਲ ਤਾਂ ਵਾਰ-ਵਾਰ ਕਰਦੀ ਹੈ ਪਰ ਉਹ ਇਸ ਨੂੰ ਰੂਪਮਾਨ ਕਰਨ ਵਾਲੇ ਅਤਿਪੱਖੀ, ਉਲਾਰ ਤੇ ਇਕਪਾਸੜ ਬਿੰਬ ਨਹੀਂ ਸਿਰਜਦੀ, 'ਦਹਿਸ਼ਤ', 'ਟੁੱਟੇ ਖੰਭ', 'ਢਾਲ', 'ਚਾਨਣ ਭਾਲ', 'ਖੋਇਆ ਵਜੂਦ', 'ਕੰਜਕਾਂ' ਆਦਿ ਅਨੇਕ ਕਵਿਤਾਵਾਂ ਨੂੰ ਉਸ ਦੀ ਅਜਿਹੀ ਸੋਚ ਤੇ ਦਿ੍ਸ਼ਟੀ ਦੇ ਹਵਾਲੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ | ਨਾਰੀਵਾਦੀ ਸਰੋਕਾਰਾਂ ਤੋਂ ਇਲਾਵਾ ਅੰਬਾਲਵੀ ਨੇ ਦੂਸਰੇ ਸਮਾਜਿਕ ਅਨੁਭਵ ਦਾਇਰਿਆਂ/ਮਸਲਿਆਂ ਬਾਰੇ ਖ਼ੂਬ ਕਲਮ ਅਜਮਾਈ ਕੀਤੀ ਹੈ | ਅਧਿਆਤਮਕ ਤੇ ਦਾਰਸ਼ਨਿਕ ਰੰਗਣ ਵਾਲੀ ਕਵਿਤਾ ਵੀ ਉਪਲਬਧ ਹੈ | 'ਕਿਸਾਨ', 'ਖੁਦਕੁਸ਼ੀਆਂ' ਤੇ 'ਵਜੂਦ' ਵਰਗੀਆਂ ਕਵਿਤਾਵਾਂ ਕਿਸਾਨੀ ਸੰਕਟ ਸੰਬੋਧਿਤ ਹਨ | ਪ੍ਰਕਿਰਤੀ ਦੇ ਸੁਹਜ-ਸੁਹੱਪਣ ਦੇ ਬਿਆਨ ਵੇਲੇ ਤਾਂ ਉਸ ਦੀ ਕਲਮ ਚੰਗੀ ਰਵਾਨੀ ਪਕੜ ਲੈਂਦੀ ਹੈ | ਉਸ ਕੋਲ ਭਾਸ਼ਾ ਦੀ ਅਮੀਰੀ ਉਪਲਬਧ ਹੈ ਅਤੇ ਉਸ ਨੂੰ ਆਪਣੀ ਹੀ ਕਾਵਿ-ਭਾਸ਼ਾ ਸਿਰਜਣੀ ਆਉਂਦੀ ਹੈ | ਥੋੜ੍ਹੇ ਸ਼ਬਦਾਂ ਵਿਚ ਬਹੁਤੀ ਗੱਲ ਕਹਿਣ ਦਾ ਕਾਵਿ-ਹੁਨਰ ਉਸ ਕੋਲ ਮੌਜੂਦ ਹੈ | ਕੁੱਲ ਮਿਲਾ ਕੇ 'ਆਹਾਂ ਦੀ ਅੱਗ' ਪੁਸਤਕ ਨੂੰ ਚੰਗੀ ਕਵਿਤਾ ਦੀ ਇਕ ਨਮੂਨਾ ਕਿਹਾ ਜਾ ਸਕਦਾ ਹੈ |
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਪੇਂਡੂ ਬਾਣੀ
ਸ਼ਾਇਰ : ਸਾਦਿਕ ਤਖ਼ਤੂਪੁਰੀਆ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 99151-41606

ਪੰਜਾਬ ਦੀ ਹੀ ਨਹੀਂ ਦੇਸ਼ ਦੀ ਬਹੁਤੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ, ਉਨ੍ਹਾਂ ਦਾ ਆਪਣਾ ਰਹਿਣ ਸਹਿਣ, ਵਿਸ਼ਵਾਸ ਤੇ ਮਾਨਤਾਵਾਂ ਹਨ | ਪਿੰਡਾਂ ਦੀ ਬੋਲੀ ਸਥਾਨਕ, ਬਿਨਾਂ ਮਿਲਾਵਟ ਵਾਲੀ ਹੁੰਦੀ ਹੈ ਤੇ ਪਹਿਰਾਵਾ ਉਹ ਜੋ ਸਮਾਜ ਨੂੰ ਸਵੀਕਾਰ ਹੁੰਦਾ ਹੈ | ਉਂਝ ਤਾਂ ਪੰਜਾਬੀ ਦੇ ਬਹੁਤੇ ਅਦੀਬ ਪੇਂਡੂ ਪਿਛੋਕੜ ਵਾਲੇ ਹਨ ਤੇ ਉਨ੍ਹਾਂ ਨੇ ਪੇਂਡੂ ਜਨ-ਜੀਵਨ ਨੂੰ ਸ਼ਬਦਾਂ ਵਿਚ ਬਾਖ਼ੂਬੀ ਚਿਤਰਿਆ ਹੈ, ਪਰ ਸਾਦਿਕ ਤਖ਼ਤੂਪੁਰੀਆ ਨੇ 'ਪੇਂਡੂ ਬਾਣੀ' ਸਿਰਲੇਖ ਅਧੀਨ ਆਪਣੀ ਕਾਵਿ-ਪੁਸਤਕ ਮਿੱਥ ਕੇ ਪੇਂਡੂ ਜਨ-ਜੀਵਨ ਬਾਰੇ ਲਿਖੀ ਹੈ | ਸ਼ਾਇਰ ਨੇ ਰਚਨਾਵਾਂ ਦੀ ਤਰਤੀਬ ਵੱਖਰੀ ਤਰ੍ਹਾਂ ਰੱਖੀ ਹੈ | ਉਸ ਨੇ ਸਫ਼ਾ ਪੰਜ ਤੋਂ ਉਨਤਾਲ਼ੀ ਤੱਕ ਪੈਂਤੀ ਅੱਖਰੀ ਅਨੁਸਾਰ, ਇਕਤਾਲ਼ੀ ਤੋਂ ਇਕਵੰਜਾ ਤੱਕ ਦੇਸੀ ਮਹੀਨਿਆਂ ਦੇ ਅਨੁਸਾਰ, ਬਵੰਜਾ ਤੋਂ ਅੱਠਵੰਜਾ ਹਫ਼ਤੇ ਦੇ ਦਿਨ, ਉਨਾਹਠ ਤੋਂ ਚੌਂਹਠ ਰੁੱਤਾਂ, ਪੈਂਹਠ ਤੋਂ ਇਕ ਸੌ ਇਕ ਤੱਕ ਰੰਗ ਤੇ ਆਖ਼ਰੀ ਨੌਂ ਸਫ਼ੇ ਦੀਆਂ ਰਚਨਾਵਾਂ ਵਿਚ ਮੀਆਂ ਸ਼ਬਦ ਦੀ ਰਦੀਫ਼ ਵਰਤੀ ਹੈ | ਇਸ ਨੂੰ ਗਿਣਤੀ ਵਿਚ ਰੱਖਿਆ ਗਿਆ ਹੈ | ਇੰਝ ਤਖ਼ਤੂਪੁਰੀਆ ਵਿਚ ਕੁੱਝ ਨਵਾਂ ਕਰਨ ਦੀ ਰੀਝ ਪ੍ਰਤੱਖ ਦਿਖਾਈ ਦਿੰਦੀ ਹੈ | ਸ਼ਾਇਰ ਦੀ ਪਹਿਲੀ ਰਚਨਾ ਊੜਾ 'ਤੇ ਆਧਾਰਤ ਹੈ ਇਸ ਵਿਚ ਸ਼ਾਇਰ ਨਿਰੋਲ ਪੇਂਡੂ ਸ਼ਬਦਾਬਲੀ ਵਿਚ ਕੁੱਝ ਵਿਸਰ ਰਹੀਆਂ ਚੀਜ਼ਾਂ ਦਾ ਉਲੇਖ ਕਰਦਾ ਹੈ | ਦੂਸਰੀ ਰਚਨਾ ਵਿਚ ਉਹ ਪੜ੍ਹ ਲਿਖ ਗਏ ਪੁੱਤਰਾਂ, ਧੀਆਂ ਵਲੋਂ ਮਾਪਿਆਂ ਦੀ ਸੂਝ ਬਾਰੇ ਅਪਣਾਏ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ, ਹਾਲਾਂਕਿ ਅਜਿਹਾ ਸਭ 'ਤੇ ਲਾਗੂ ਨਹੀਂ ਹੁੰਦਾ | ਬਾਕੀ ਦੀਆਂ ਰਚਨਾਵਾਂ ਵਿਚ ਕੁਝ ਉਪਦੇਸ਼ਨੁਮਾ ਹਨ, ਕੁਝ ਲੋਕ ਤੱਥਾਂ ਤੇ ਪੇਂਡੂ ਜੀਵਨ ਸ਼ੈਲੀ ਦੀ ਮੰਜ਼ਰਕਸ਼ੀ ਕਰਦੀਆਂ ਹਨ | ਕੁਝ ਕਵਿਤਾਵਾਂ ਵਿਚ ਖ਼ੂਬਸੂਰਤ ਜ਼ਿੰਦਗੀ ਜਿਊਣ ਲਈ ਨਸੀਹਤਾਂ ਵੀ ਹਨ | ਉਹ ਕੁਦਰਤ ਪ੍ਰੇਮੀ ਹੈ, ਕੁਝ ਰਚਨਾਵਾਂ ਆਪੇ ਸਿਰਜੀ ਬਰਬਾਦੀ ਦੀ ਗੱਲ ਵੀ ਕਰਦੀਆਂ ਹਨ | ਮੇਰਾ ਖ਼ਿਆਲ ਹੈ ਪਿੰਡਾਂ ਦੀਆਂ ਮੁਸ਼ਕਿਲਾਂ ਸ਼ਹਿਰਾਂ ਨਾਲੋਂ ਕਿਤੇ ਵੱਡੀਆਂ ਹਨ ਤੇ ਹੁਣ ਪਿੰਡਾਂ ਦਾ ਜੀਵਨ ਏਨਾ ਆਸਾਨ ਨਹੀਂ ਹੈ | ਕਿਸਾਨੀ ਦਮ ਤੋੜ ਰਹੀ ਹੈ ਤੇ ਮਜ਼ਦੂਰਾਂ ਲਈ ਕੰਮ ਦੀ ਘਾਟ ਹੈ, ਅਜਿਹੀਆਂ ਸਮੱਸਿਆਵਾਂ ਨੂੰ ਹੋਰ ਉਭਾਰਿਆ ਜਾਂਦਾ ਤਾਂ ਬਿਹਤਰ ਹੁੰਦਾ |
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਮੇਰੀ ਪਾਕਿਸਤਾਨ ਫੇਰੀ
ਲੇਖਕ : ਜਸਵੰਤ ਸਿੰਘ ਸੰਧੂ ਘਰਿੰਡਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ ਅੰਮਿ੍ਤਸਰ
ਮੁੱਲ : 350 ਰੁਪਏ, ਸਫ਼ੇ : 150+16
ਸੰਪਰਕ: 98144-35244

ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ | 1947 ਤੋਂ ਪਹਿਲਾਂ ਇਸ ਦੀ ਕੋਈ ਹੋਂਦ ਨਹੀਂ ਸੀ | ਭਾਰਤ ਨੂੰ ਜਦੋਂ ਆਜ਼ਾਦੀ ਮਿਲੀ ਤਾਂ ਇਸ ਦੇ ਦੋ ਹਿੱਸੇ ਕਰ ਦਿੱਤੇ ਗਏ, ਜਿਸ ਦੇ ਦੂਜੇ ਹਿੱਸੇ ਵਜੋਂ ਪਾਕਿਸਤਾਨ ਦਾ ਜਨਮ ਹੋਇਆ | ਸਾਂਝੇ ਪੰਜਾਬ ਦੀ ਵੰਡ ਹੋਣ ਕਰਕੇ ਭਾਰਤ ਵਿਚ ਰਹਿੰਦੇ ਪੰਜਾਬੀ ਆਪਣੀ ਜੰਮਣ-ਭੋਂ ਨੂੰ ਵੇਖਣ, ਆਪਣੇ ਗੁਆਂਢੀਆਂ ਨੂੰ ਮਿਲਣ-ਗਿਲਣ ਅਤੇ ਵਿੱਛੜੇ ਗੁਰਧਾਮਾਂ ਦੀ ਯਾਤਰਾ ਕਰਨ ਲਈ ਪਾਕਿਸਤਾਨ ਜਾਣ ਦਾ ਸਬੱਬ ਬਣਾ ਲੈਂਦੇ ਹਨ | ਲੇਖਕਾਂ ਨੇ ਪਾਕਿਸਤਾਨ ਦੀ ਯਾਤਰਾ ਬਾਰੇ ਬਹੁਤ ਸਾਰੇ ਸਫ਼ਰਨਾਮੇ ਲਿਖੇ ਹਨ, ਜਿਨ੍ਹਾਂ ਵਿਚ ਬਲਰਾਜ ਸਾਹਨੀ ਦੇ ਸਫ਼ਰਨਾਮੇ ਨੂੰ ਇਸ ਥਾਂ ਦਾ ਸਭ ਤੋਂ ਪਹਿਲਾ ਸਫ਼ਰਨਾਮਾ ਮੰਨਿਆ ਗਿਆ ਹੈ | ਜਸਵੰਤ ਸਿੰਘ ਸੰਧੂ ਲਿਖਤ ਰੀਵਿਊ ਅਧੀਨ ਸਫ਼ਰਨਾਮੇ ਵਿਚ ਕੁੱਲ 14 ਅਧਿਆਏ ਹਨ, ਜਿਸ ਦੇ ਮੁੱਢ ਵਿਚ ਲੇਖਕ ਨੇ ਆਪਣੀ ਮਰਹੂਮ ਧੀ ਬਲਜੀਤ ਕੌਰ (1965-2025) ਨੂੰ ਯਾਦ ਕੀਤਾ ਹੈ ਤੇ ਫਿਰ ਐੱਸ.ਅਸ਼ੋਕ ਭੌਰਾ ਦੀ ਭੂਮਿਕਾ ਹੈ | ਲੇਖਕ ਨੇ ਇਹ ਯਾਤਰਾ 2 ਨਵੰਬਰ, 2019 ਨੂੰ 15 ਦਿਨਾਂ ਲਈ ਕੀਤੀ | ਲੇਖਕ ਦੇ ਪਿੰਡ ਘਰਿੰਡੇ ਤੋਂ ਵਾਘਾ ਬਾਰਡਰ ਸਿਰਫ 8 ਕਿ.ਮੀ. ਦੀ ਦੂਰੀ 'ਤੇ ਹੈ | ਲੇਖਕ ਨੇ ਪਾਕਿਸਤਾਨ ਰਹਿੰਦੇ ਆਪਣੇ ਫ਼ੇਸਬੁੱਕ ਮਿੱਤਰ ਸਈਅਦ ਦਿਲਦਾਰ ਹੁਸੈਨ ਸ਼ਾਹ ਦੀ ਸਪਾਂਸਰਸ਼ਿਪ ਨਾਲ ਇਹ ਯਾਤਰਾ ਕੀਤੀ | ਲੇਖਕ ਲਾਹੌਰ ਦੇ ਪੀ.ਸੀ. ਹੋਟਲ ਵਿਚ ਠਹਿਰਿਆ, ਜਿੱਥੇ ਉਸ ਦੇ ਅਮਰੀਕਨ ਜਾਣਕਾਰ ਮਨਦੀਪ ਭੁੱਲਰ ਅਤੇ ਮਨਮੋਹਨ ਭੁੱਲਰ ਵੀ ਠਹਿਰੇ ਹੋਏ ਸਨ (ਇਹ ਦੋਵੇਂ ਜਣੇ ਲੇਖਕ ਨਾਲ 7 ਨਵੰਬਰ ਤੱਕ ਰਹੇ) | ਲੇਖਕ ਨੇ ਪਾਕਿਸਤਾਨ ਵਿਚ ਗੁਰਦੁਆਰਿਆਂ ਤੇ ਇਤਿਹਾਸਕ ਥਾਵਾਂ ਦੀ ਯਾਤਰਾ ਕੀਤੀ, ਜਿਸ ਵਿਚ ਸ਼ਾਹੀ ਕਿਲ੍ਹਾ, ਗੁ. ਡੇਰਾ ਸਾਹਿਬ, ਗੁ. ਕਰਤਾਰਪੁਰ, ਗਵਰਨਰ ਹਾਊਸ, ਗੁ. ਨਨਕਾਣਾ ਸਾਹਿਬ, ਗੁ. ਸੱਚਾ ਸੌਦਾ, ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਕਸੂਰ (ਮਨਮੋਹਨ ਭੁੱਲਰ ਦਾ ਜੱਦੀ ਪਿੰਡ), ਬੁੱਲ੍ਹੇ ਸ਼ਾਹ ਦਾ ਮਜ਼ਾਰ, ਪਿੰਡ ਕਾਦੀਵਿੰਡ ਜ਼ਿਲ੍ਹਾ ਕਸੂਰ (ਢਾਡੀ ਸੋਹਣ ਸਿੰਘ ਸੀਤਲ ਦਾ ਜੱਦੀ ਪਿੰਡ) ਆਦਿ ਦਾ ਜ਼ਿਕਰ ਹੈ | ਲੇਖਕ ਨੇ ਆਪਣੇ ਇੱਕ ਹੋਰ ਫ਼ੇਸਬੁੱਕ ਦੋਸਤ ਨਾਸਰ ਢਿੱਲੋਂ ਨਾਲ ਵੀ ਕੁਝ ਥਾਵਾਂ ਦੀ ਯਾਤਰਾ ਕੀਤੀ, ਜਿਸ ਵਿਚ ਲਾਇਲਪੁਰ ਖ਼ਾਲਸਾ ਕਾਲਜ ਲਾਇਲਪੁਰ (ਹੁਣ ਫੈਸਲਾਬਾਦ), ਟੋਭਾ ਟੇਕ ਸਿੰਘ, ਡਾ. ਤਾਹਿਰ ਮਹਿਮੂਦ ਦਾ ਪਿੰਡ ਚੱਕ ਨੰ: 97 ਜੜ੍ਹਾਂਵਾਲਾ, ਸਾਜਦ ਅੰਬਰਸਰੀਆ ਦਾ ਪਿੰਡ ਚੱਕ ਨੰ: 55 ਕਿਲ੍ਹਾ ਬਲਾਕਾ ਸਿੰਘ, ਜੰਡਿਆਲਾ ਸ਼ੇਰ ਖਾਂ ਵਿਚ ਵਾਰਿਸ ਸ਼ਾਹ ਦੀ ਮਜ਼ਾਰ, ਦਰਗਾਹ ਦਾਤਾ ਗੰਜ ਹਜ਼ਰਤ ਅਲੀ ਹਜਵੇਰੀ, ਅਬਦੁਲ ਰਸ਼ੀਦ ਦਾ ਪਿੰਡ ਗੜ੍ਹੀ ਸ਼ਾਹੂ ਆਦਿ ਸ਼ਾਮਿਲ ਹਨ | ਇਸ ਤੋਂ ਇਲਾਵਾ ਗ਼ਜ਼ਾਲਾ ਨਿਜ਼ਾਮੁਦੀਨ, ਪ੍ਰੋ ਅਮਾਨਤ ਅਲੀ ਮੁਸਾਫ਼ਿਰ, ਮੁਸਲਿਮ ਔਰਤ ਤੇ ਉਸ ਦੀ ਬੇਟੀ ਨਾਲ ਮੁਲਾਕਾਤਾਂ ਵੀ ਇਸ ਯਾਤਰਾ ਦਾ ਹਿੱਸਾ ਹਨ | ਕਿਲ੍ਹਾ ਬਲਾਕਾ ਸਿੰਘ ਦੇ ਜਾਣਕਾਰਾਂ ਨੇ ਲੇਖਕ ਨੂੰ ਪੰਜ ਕਿੱਲੋ ਗੁੜ ਸੁਗਾਤ ਵਜੋਂ ਦਿੱਤਾ | ਲੇਖਕ ਨੇ ਪੁਸਤਕ ਵਿਚ ਪਾਕਿਸਤਾਨੀ ਪੰਜਾਬੀਆਂ ਦੀ ਮਹਿਮਾਨ-ਨਿਵਾਜ਼ੀ ਦੀ ਭਰਪੂਰ ਪ੍ਰਸੰਸਾ ਕੀਤੀ ਹੈ | ਲੇਖਕ ਨੇ ਇਸ ਯਾਤਰਾ ਦੌਰਾਨ ਯਾਦਾਂ ਦੀ ਪਟਾਰੀ ਵੀ ਸਾਂਝੀ ਕੀਤੀ ਹੈ, ਜਿਸ ਵਿਚ ਆਪਣੀ ਪੁਲਿਸ ਦੀ ਨੌਕਰੀ, ਅਧਿਆਪਕ ਵਜੋਂ ਨੌਕਰੀ, ਕਹਾਣੀਕਾਰ ਵਰਿਆਮ ਸਿੰਘ ਸੰਧੂ ਨਾਲ ਨੇੜਤਾ, ਅਧਿਆਪਕਾ ਲੱਗੀ ਪੂਰਨ ਕੌਰ ਦਾ ਦਿਲਚਸਪ ਕਿੱਸਾ, ਬਾਬਿਆਂ ਦੇ ਕਰਮਕਾਂਡ, ਪੰਜਾਬ ਦੀ ਵੰਡ, ਸੀਤਲ ਦੀਆਂ ਕਵਿਤਾਵਾਂ ਤੇ ਨਾਵਲ ਤੂਤਾਂ ਵਾਲਾ ਖੂਹ ਤੇ ਹੋਰ ਪੰਜਾਬੀ ਕਵੀਆਂ ਦੀਆਂ ਅਣਗਿਣਤ ਕਵਿਤਾਵਾਂ ਸ਼ਾਮਿਲ ਹਨ | ਕੁਝ ਨਿੱਕੀਆਂ-ਮੋਟੀਆਂ ਕਮੀਆਂ ਦੇ ਬਾਵਜੂਦ ਰੰਗ-ਬਰੰਗੀਆਂ ਢਾਈ ਦਰਜਨ ਤੋਂ ਵਧੀਕ ਤਸਵੀਰਾਂ ਨਾਲ ਸ਼ਿੰਗਾਰੀ ਇਸ ਪੁਸਤਕ ਵਿਚ ਪਾਕਿਸਤਾਨ ਦੇ ਬਹਾਨੇ ਪੰਜਾਬੀ ਵਿਰਸੇ ਅਤੇ ਪੰਜਾਬੀਆਂ ਦੀਆਂ ਸਾਂਝਾ ਨੂੰ ਯਾਦ ਕੀਤਾ ਗਿਆ ਹੈ |
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਕਲਿਜੁਗਿ ਪ੍ਰਮਾਣੁ ਨਾਨਕ ਗੁਰ
ਲੇਖਿਕਾ : ਡਾ. ਜਗਦੀਪ ਕੌਰ ਆਹੂਜਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: 695 ਰੁਪਏ, ਸਫ਼ੇ : 390
ਸੰਪਰਕ :84277-53575

ਤਿੰਨ ਖੋਜ ਪੁਸਤਕਾਂ, ਤਿੰਨ ਗ਼ਜ਼ਲ-ਸੰਗ੍ਰਹਿਆਂ ਅਤੇ ਪੰਜ ਕਾਵਿ-ਸੰਗ੍ਰਹਿਆਂ ਦੀ ਪ੍ਰਕਾਸ਼ਨਾ ਤੋਂ ਬਾਅਦ ਡਾ. ਜਗਦੀਪ ਕੌਰ ਆਹੂਜਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਆਧਾਰ ਬਣਾ ਕੇ ਇਸ ਹੱਥਲੇ ਮਹਾਂ-ਕਾਵਿ 'ਕਲਿਜੁਗਿ ਪ੍ਰਮਾਣੁ ਨਾਨਕ ਗੁਰ' ਦੀ ਸਿਰਜਣਾ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਅੱਠ ਖ਼ੂਬਸੂਰਤ ਸਰਗਾਂ ਵਿਚ ਵੰਡਿਆ ਹੈ | ਪਹਿਲੇ ਸਰਗ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਵਰਤਾਰੇ ਦਾ ਹਾਲ, ਦੂਜੇ ਸਰਗ ਵਿਚ ਰਾਇ ਭੋਇ ਦੀ ਤਲਵੰਡੀ, ਜਨਮ, ਬਾਲ-ਚੋਜ, ਅੱਖਰੀ ਗਿਆਨ, ਮੱਝਾਂ ਚਰਾਉਣ, ਵਿਆਹ ਅਤੇ ਸੱਚਾ ਸੌਦਾ ਆਦਿ ਘਟਨਾਵਾਂ ਅਤੇ ਤੀਜੇ ਸਰਗ ਵਿਚ ਸੁਲਤਾਨਪੁਰ, ਮੋਦੀਖਾਨਾ, ਵੇਂਈਾ ਪਰਵੇਸ਼, ਬਾਬਾ ਪੈਂਧਾ ਸੱਚਖੰਡ ਅਤੇ ਵਿਦਾਇਗੀ ਤੋਂ ਪਹਿਲਾਂ ਦਾ ਵਰਣਨ ਹੈ | ਚੌਥੇ ਸਰਗ ਤੋਂ ਉਦਾਸੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਹਰਿਦੁਆਰ, ਗੋਰਖਮਤਾ, ਅਯੁੱਧਿਆ, ਪਰਯਾਗ, ਬਨਾਰਸ, ਗਯਾ, ਬੋਧ-ਗਯਾ, ਕਾਮਰੂਪ, ਕਉਰੂ ਦੇਸ਼, ਭਾਈ ਭੂਮੀਆ, ਕੋਲਕਾਤਾ, ਉੜੀਸਾ, ਭੁਵਨੇਸ਼ਵਰ, ਪੁਰੀ, ਦ੍ਰਾਵਿੜ ਫੇਰੀ, ਕੌਡਾ ਭੀਲ, ਤਿਰੁਪਤੀ, ਕਾਂਚੀਪੁਰਮ, ਸ੍ਰੀਰੰਗਮ, ਸਿੰਗਲਾਦੀਪ, ਰਾਮੇਸ਼ਵਰ, ਬਿਦਰ, ਸੋਮਨਾਥ, ਦਵਾਰਕਾ, ਅਜਮੇਰ, ਪੁਸ਼ਕਰ, ਮਥਰਾ, ਬਿ੍ੰਦਾਬਨ, ਮਜਨੂੰ ਟਿੱਲਾ, ਕੁਰਖੇਤਰ, ਜੁਆਲਾ ਜੀ, ਕਾਂਗੜਾ, ਤਿੱਬਤ, ਮਾਨਸਰੋਵਰ, ਸੁਮੇਰ, ਲੱਦਾਖ, ਕਾਰਗਿਲ, ਅਮਰਨਾਥ, ਪਾਕਪਟਨ, ਮੁਲਤਾਨ, ਮੱਕਾ, ਮਦੀਨਾ, ਕਰਬਲਾ, ਬਗ਼ਦਾਦ, ਕੰਧਾਰ, ਕਾਬਲ, ਹਸਨ ਅਬਦਾਲ ਅਤੇ ਬਾਬਰ ਦੇ ਹਮਲੇ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ | ਅੱਠਵੇਂ ਸਰਗ ਵਿਚ ਗੁਰੂ ਜੀ ਵਲੋਂ ਕਰਤਾਰਪੁਰ ਸਾਹਿਬ ਵਿਖੇ ਕੀਤੇ ਮਹਾਨ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਬਾਣੀ ਦੀ ਸੰਭਾਲ, ਭਾਈ ਮਰਦਾਨਾ ਜੀ ਦਾ ਚਲਾਣਾ, ਭਾਈ ਲਹਿਣਾ ਜੀ ਦਾ ਗੁਰੂ ਅੰਗਦ ਬਣਨ ਤੱਕ ਦਾ ਬਿਰਤਾਂਤ ਸਿਰਜਿਆ ਗਿਆ ਹੈ |
ਇਸ ਮਹਾਂ-ਕਾਵਿ ਨੂੰ ਗਹੁ ਨਾਲ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਡਾ. ਜਗਦੀਪ ਕੌਰ ਆਹੂਜਾ ਵਿਚਾਰਕ ਪੱਖ ਦੇ ਨਾਲ-ਨਾਲ ਰੂਪਕ ਪੱਖ ਬਾਰੇ ਵੀ ਬੜੀ ਸੂਖਮ ਸੂਝ-ਬੂਝ ਰੱਖਦੇ ਹਨ | ਵਰਤੀ ਗਈ ਸ਼ਬਦਾਵਲੀ ਏਨੀ ਸਰਲ, ਸਹਿਜ ਅਤੇ ਰੋਚਿਕ ਹੈ ਕਿ ਪਾਠਕ ਆਪ-ਮੁਹਾਰੇ ਸਾਖੀਆਂ ਦੇ ਨਾਲ-ਨਾਲ ਹੋ ਤੁਰਦਾ ਹੈ | ਛੰਦ-ਵਿਧਾਨ ਅਤੇ ਤੋਲ-ਤੁਕਾਂਤ ਦੇ ਮਾਮਲੇ ਵਿਚ ਵੀ ਕਿਤੇ ਕੋਈ ਘਾਟ ਨਹੀਂ ਰੜਕਦੀ | ਤਸੱਲੀ ਵਾਲੀ ਗੱਲ ਹੈ ਕਿ ਇਹ ਮਹਾਂ-ਕਾਵਿ ਅਸਲੋਂ ਹੀ ਨਿਵੇਕਲਾ ਅਤੇ ਬੇਮਿਸਾਲ ਹੈ | ਨਿਰਸੰਦੇਹ ਪੰਜਾਬੀ ਪਾਠਕਾਂ, ਸਾਹਿਤਕਾਰਾਂ ਅਤੇ ਖੋਜਾਰਥੀਆਂ ਲਈ ਬੜਾ ਲਾਹੇਵੰਦ ਸਾਬਤ ਹੋਵੇਗਾ | ਇਸ ਬੇਹੱਦ ਸ਼ਲਾਘਾਯੋਗ ਕਾਰਜ ਲਈ ਉਹ ਸੱਚਮੁੱਚ ਹੀ ਵਧਾਈ ਦੇ ਹੱਕਦਾਰ ਹਨ |
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਗੁਰ-ਜੀਵਨੀ : ਸਿੱਖ ਵਿਰਾਸਤ
(ਭਾਈ ਸੰਤੋਖ ਸਿੰਘ ਰਚਿਤ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦੀ ਕਥਾ 'ਤੇ ਆਧਾਰਿਤ ਹੈ)
ਨਿਸਚੈ ਕਰਿ ਅਪਨੀ ਜੀਤ ਕਰੋ
(ਗੁਰੂ ਗੋਬਿੰਦ ਸਿੰਘ ਜੀ - ਭਾਗ-3)
ਲੇਖਕ : ਗੁਰਮੁਖ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 995 ਰੁਪਏ, ਸਫ਼ੇ : 528
ਸੰਪਰਕ : 0172-5027427

ਹਥਲੀ ਪੁਸਤਕ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਮੂਲ ਰਚਨਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ 'ਤੇ ਆਧਾਰਿਤ ਹੈ | ਇਹ ਇਤਿਹਾਸਕ ਗ੍ਰੰਥ ਅਕਾਰ ਵਿਚ ਵੱਡਾ ਹੋਣ ਕਰਕੇ ਇਸ ਦੇ ਤੀਜੇ ਭਾਗ ਵਿਚ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਬਿਆਨ ਕੀਤਾ ਗਿਆ ਹੈ | ਇਹ ਇਤਿਹਾਸਕ ਗ੍ਰੰਥ ਛੰਦਾ-ਬੰਦੀ ਵਿਚ ਹੈ, ਪਰ ਪੁਸਤਕ ਦੇ ਸੁਹਿਰਦ ਲੇਖਕ ਨੇ ਇਸ ਕਥਾ ਨੂੰ ਵਾਰਤਕ ਰੂਪ ਵਿਚ ਲਿਖਣ ਦਾ ਉਪਰਾਲਾ ਕੀਤਾ ਹੈ | ਇਸ ਵੱਡਅਕਾਰੀ ਪੁਸਤਕ ਵਿਚ ਦਸਮ-ਪਾਤਿਸ਼ਾਹ ਜੀ ਦੇ ਜਨਮ-ਬਚਪਨ, ਸਿੱਖਿਆ ਪ੍ਰਾਪਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਨਾਲ-ਨਾਲ ਸਿੱਖ ਕੌਮ ਵਿਚ ਗੁਰੂ ਸਾਹਿਬ ਨੇ ਮਨੁੱਖੀ, ਆਜ਼ਾਦੀ ਲਈ ਨਿਡਰਤਾ, ਜ਼ਾਬਤਾ, ਬ੍ਰਹਮ-ਗਿਆਨ ਤੇ ਆਤਮਿਕ ਬੱਲ ਦੀ ਭਾਵਨਾ ਦੀ ਜੋਤ ਨੂੰ ਪ੍ਰਜਵਲਿਤ ਕੀਤਾ | ਭਾਈ ਸੰਤੋਖ ਸਿੰਘ ਦੇ ਛੰਦਾਂ-ਬੰਦੀ ਵਿਚ 1699 ਈ. ਦੀ ਵਿਸਾਖੀ ਦੇ ਇਤਿਹਾਸਕ 'ਖਾਲਸਾ ਸਾਜਨਾ' ਦਾ ਵਰਣਨ ਲੇਖਕ ਨੇ ਬੜੀ ਲਗਨ ਨਾਲ ਕੀਤਾ ਹੈ |
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਨਾ ਕਰਕੇ ਪੰਜਾਂ ਪਿਆਰਿਆਂ ਨੂੰ ਅੰਮਿ੍ਤ ਦੀ ਪਾਹੁਲ ਦੇ ਕੇ ਨਾਵਾਂ ਨਾਲ ਸਿੰਘ ਅਤੇ ਕੌਰ ਲਾ ਕੇ ਵਿਲੱਖਣ ਪਛਾਣ ਦਿੱਤੀ | ਵੱਖਰਾ ਸਰੂਪ, ਵੱਖਰੀ ਪਛਾਣ ਬਖ਼ਸ਼ ਕੇ ਆਪਸੀ ਰੰਗ-ਨਸਲ, ਜਾਤ-ਪਾਤ ਦੇ ਭੇਦ ਨੂੰ ਜੜ੍ਹੋਂ ਮੁਕਾ ਦਿੱਤਾ | ਅਨਿਆਂ ਦੇ ਵਿਰੁੱਧ ਲੜਨ ਲਈ ਪੰਥ ਦੀ ਸਥਾਪਨਾ ਕੀਤੀ | ਲੇਖਕ ਨੇ ਮਹਾਨ ਕਵੀ ਦੀ ਰਚਨਾ ਨੂੰ ਕਥਾ-ਵਾਰਤਾ ਦਾ ਰੂਪ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਯੁੱਧ, ਚਮਕੌਰ ਦੀ ਗੜ੍ਹੀ ਦੀ ਅਸਾਵੀਂ ਲੜਾਈ, ਸਰਸਾ ਨਦੀ ਦਾ ਵਿਛੋੜਾ, ਚਾਰੋਂ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ, ਮਾਤਾ ਜੀ ਦਾ ਧੀਰਜ ਤੇ ਮੁਗਲ ਹਕੂਮਤ ਦੇ ਅੱਤਿਆਚਾਰ ਨੂੰ ਵਿਸਥਾਰ ਵਿਚ ਵਰਣਨ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ | ਜ਼ਫ਼ਰਨਾਮੇ ਦੀ ਰਚਨਾ ਕਰਕੇ ਅਤੇ ਬਾਦਸ਼ਾਹ ਔਰੰਗਜ਼ੇਬ ਨੂੰ ਨੈਤਿਕਤਾ ਤੇ ਉੱਚ-ਕਿਰਦਾਰ ਦੀ ਸਿੱਖਿਆ ਵੀ ਦਿੱਤੀ ਹੈ |
ਅਸਲ ਵਿਚ ਕਿਤਾਬ ਦੇ ਇਸ ਤੀਜੇ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਬਖਸ਼ ਦੇਣੀ ਸਰਬੰਸ-ਦਾਨੀ ਪਿਤਾ ਦੀ ਵਿਲੱਖਣ ਸੋਚ ਦਾ ਸਿਖਰ ਹੈ, ਸਦੀਵੀ ਗੁਰੂ ਮੰਨਣ ਦਾ ਹੁਕਮ, ਗੁਰੂ ਪਰੰਪਰਾ ਨੂੰ ਸ਼ਬਦ ਗੁਰੂ ਦੇ ਰੂਪ ਵਿਚ ਸਥਾਪਿਤ ਕਰਕੇ ਇਤਿਹਾਸ ਨੂੰ ਅਜਿਹਾ ਮੋੜ ਦਿੱਤਾ, ਜਿਸ ਨਾਲ ਸੰਸਾਰ ਦੇ ਦੂਜੇ ਧਰਮਾਂ ਦੇ ਲੋਕ ਵੀ ਹੈਰਾਨ ਹੋ ਗਏ | ਇਸ ਕਿਤਾਬ ਦੇ ਤਿੰਨੇ ਭਾਗ ਵਿਦਵਾਨ ਪਾਠਕਾਂ ਲਈ ਸੌਗਾਤ ਹੀ ਨਹੀਂ ਸਗੋਂ ਨਵੀਂ ਪੀੜ੍ਹੀ ਲਈ ਇਤਿਹਾਸਕ ਘਟਨਾਵਾਂ ਨੇੜਿਓਾ ਤੱਕਣ ਦੇ ਨਾਲ-ਨਾਲ ਸੂਰਬੀਰਤਾ, ਧਾਰਮਿਕ ਆਜ਼ਾਦੀ, ਤਿਆਗ, ਨਿਆਂ ਤੋਂ ਇਲਾਵਾ ਖਾਲਸਾਈ ਜੀਵਨ ਦੀ ਤਸਵੀਰ ਨੂੰ ਪੇਸ਼ ਕਰਨ ਦਾ ਵਡੇਰਾ ਉੱਦਮ ਹੈ |
ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਮਹੱਤਤਾ ਨੂੰ ਸਮਝਦਿਆਂ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਨਾਮਵਰ ਲੇਖਕਾਂ ਨੇ ਇਸ ਨੂੰ ਵਾਰਤਕ ਰੂਪ ਵਿਚ ਪਾਠਕਾਂ ਸਨਮੁੱਖ ਪੇਸ਼ ਕੀਤਾ ਹੈ | ਪਰ ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋਣ ਪਿੱਛੋਂ ਲੇਖਕ ਵਲੋਂ ਕੀਤੇ ਕਾਰਜ ਲਈ ਲੇਖਕ ਦੀ ਸਲਾਹਨਾ ਕਰਨੀ ਪਾਠਕਾਂ ਗੋਚਰੇ ਛੱਡਦਾ ਹਾਂ |
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਕਿਨਾਰੇ ਦੀ ਭਾਲ
ਲੇਖਕ : ਹਰੀਸ਼ੰਕਰ ਪਰਸਾਈ
ਅਨੁਵਾਦ : ਬਲਤੇਜ ਸਿੰਘ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 130 ਰੁਪਏ, ਸਫ਼ੇ : 68
ਸੰਪਰਕ : 98550-22508

ਹਿੰਦੀ ਦੇ ਪ੍ਰਸਿੱਧ ਵਿਅੰਗ ਲੇਖਕ ਹਰੀਸ਼ੰਕਰ ਪਰਸਾਈ ਦਾ ਲਘੂ ਨਾਵਲ 'ਕਿਨਾਰੇ ਦੀ ਭਾਲ' ਦਾ ਸਾਹਿਤਕ ਪੱਖ ਤੋਂ ਚਿੰਤਨ ਕਰਦਿਆਂ ਬਹੁਤ ਕੁਝ ਨਵਾਂ ਸਿੱਖਣ ਅਤੇ ਵਿਚਾਰਨ ਦਾ ਮੌਕਾ ਮਿਲਦਾ ਹੈ | ਬਲਤੇਜ ਸਿੰਘ ਹੁਰਾਂ ਨੇ ਨਾਵਲ ਦਾ ਪੰਜਾਬੀ ਅਨੁਵਾਦ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੋਣ ਕਾਰਨ ਕਿਤੇ ਵੀ ਇਹ ਪਤਾ ਨਹੀਂ ਲੱਗਦਾ ਕਿ ਇਹ ਰਚਨਾ ਪਹਿਲਾਂ ਹਿੰਦੀ ਵਿਚ ਲਿਖੀ ਗਈ ਹੋਵੇਗੀ | ਨਾਵਲ ਦੀ ਕਹਾਣੀ ਬਹੁਤੀ ਗੁੰਝਲਦਾਰ ਨਾ ਹੋ ਕੇ ਸਿੱਧੀ, ਸਰਲ ਅਤੇ ਸਪੱਸ਼ਟ ਹੈ | ਨਾਵਲ ਦੀ ਸਮੁੱਚੀ ਕਹਾਣੀ ਮੁਤਾਬਕ ਇਸ ਦਾ ਸਿਰਲੇਖ ਪੂਰਾ ਢੁਕਵਾਂ ਹੈ | ਨਾਵਲ ਦੀ ਮੁੱਖ ਪਾਤਰ ਸ਼ੀਲਾ ਵਰਗੀ ਨੌਜਵਾਨ ਕੁੜੀ ਨੂੰ ਬੜੀਆਂ ਸੰਕਟ ਭਰੀਆਂ ਘੜੀਆਂ ਵਿਚੋਂ ਲੰਘ ਕੇ ਵੀ ਕਿਨਾਰੇ ਦੀ ਭਾਲ ਰਹਿੰਦੀ ਹੈ | ਲੇਖਕ ਨੇ ਔਰਤ ਅਤੇ ਸਮੁੱਚੇ ਸਮਾਜ ਦੀ ਮਾਨਸਿਕਤਾ ਨੂੰ ਮਨੋਵਿਗਿਆਨਕ ਢੰਗ ਨਾਲ ਪੇਸ਼ ਕੀਤਾ ਹੈ | ਉਸ ਨੇ ਸਾਡੀਆਂ ਸਮਾਜਿਕ ਪ੍ਰੰਪਰਾਵਾਂ ਅਤੇ ਮਾਨਤਾਵਾਂ ਦਾ ਖੁੱਲ੍ਹਮ-ਖੁੱਲ੍ਹਾ ਜ਼ਿਕਰ ਕਰਦਿਆਂ ਔਰਤ ਦੀ ਤਰਾਸਦਿਕ ਪੀੜਾ ਨੂੰ ਕਲਾਤਮਿਕ ਤਰੀਕੇ ਨਾਲ ਚਿਤਰਿਆ ਹੈ | ਨਾਵਲ ਦੀ ਕਹਾਣੀ 'ਚ ਵਿਚਾਰ ਤੱਤ (ਫ਼ਿਲਾਸਫੀ) ਦੀ ਚੰਗੀ ਵਰਤੋਂ ਕੀਤੀ ਹੈ | ਜੋ ਕਿ ਪਾਤਰਾਂ ਦੇ ਸੁਭਾਅ ਅਤੇ ਕਹਾਣੀ ਦੇ ਵਿਸ਼ਾ-ਵਸਤੂ ਅਨੁਸਾਰ ਅਨੁਕੂਲ ਹੈ | ਕਹਾਣੀ ਦੀ ਮੁੱਖ ਪਾਤਰ ਸ਼ੀਲਾ ਦੇ ਮਹਿੰਦਰਨਾਥ ਨਾਲ ਪ੍ਰੇਮ ਸੰਬੰਧ ਬਣ ਜਾਂਦੇ ਹਨ | ਇਕ ਦਿਨ ਉਸ ਦੇ ਘਰ ਜਾਣ ਨਾਲ ਉਸ ਦੇ ਸਿਰ 'ਤੇ ਬਦਨਾਮੀ ਦਾ ਐਸਾ ਟਿੱਕਾ ਲੱਗਦਾ ਹੈ ਕਿ ਮਹਿੰਦਰ ਨਾਥ ਸਮਾਜਿਕ ਡਰੋਂ ਉਸ ਨੂੰ ਅਪਨਾਉਣ ਤੋਂ ਇਨਕਾਰੀ ਹੋ ਜਾਂਦਾ ਹੈ | ਇਵੇਂ ਹੀ ਸ਼ੀਲਾ ਦੀ ਸਹੇਲੀ ਬਿਮਲਾ ਦਾ ਭਰਾ ਮਨੋਹਰ ਵੀ ਆਪਣੇ ਪਰਿਵਾਰਕ ਸੰਕਟ ਤੋਂ ਡਰਦਾ ਹੋਇਆ ਸ਼ੀਲਾ ਨੂੰ ਆਪਣੀ ਪਤਨੀ ਬਣਾਉਣ ਤੋਂ ਹੱਥ ਖੜ੍ਹੇ ਕਰ ਜਾਂਦਾ ਹੈ | ਇਉਂ ਲੇਖਕ ਇਕ ਔਰਤ ਦੀ ਸੰਵੇਦਨਾ ਅਤੇ ਮਾਨਸਿਕਤਾ ਨੂੰ ਪੜ੍ਹਦਾ ਹੈ ਕਿ ਕਿਵੇਂ ਉਸ ਦੇ ਕਿਰਦਾਰ 'ਤੇ ਲੱਗਿਆ ਦਾਗ਼ ਉਸ ਦੇ ਪੈਰਾਂ 'ਚ ਪਾਈਆਂ ਬੇੜੀਆਂ ਹੋ ਨਿੱਬੜਦਾ ਹੈ | ਨਾਵਲ ਦੀ ਕਹਾਣੀ 'ਚ ਰੌਚਕਤਾ, ਰਸ ਅਤੇ ਉਤਸੁਕਤਾ ਭਰਪੂਰ ਹੋਣ ਕਾਰਨ ਇਸ ਨੂੰ ਕੇਵਲ ਇਕ-ਦੋ ਬੈਠਕਾਂ 'ਚ ਆਸਾਨੀ ਨਾਲ ਪੜਿ੍ਹਆ ਜਾ ਸਕਦਾ ਹੈ |
-ਮੋਹਰ ਗਿੱਲ ਸਿਰਸੜੀ
ਮੇਘਾ : 98156-59110