ਗਿੱਦੜਬਾਹਾ, 12 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਮਾਰਕਿਟ ਕਮੇਟੀ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗ ਗਏ ਹਨ। ਸਰਕਾਰੀ ਅਧਿਕਾਰੀ ਝੋਨੇ ਦੀ ਖ਼ਰੀਦ ਦਾ ਕੋਟਾ ਪੂਰਾ ਕਰਨ ਦੀ ਗੱਲ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਖ਼ਰੀਦ ਏਜੰਸੀਆਂ ’ਤੇ ਕਿਸਾਨਾਂ ਨੂੰ ਜਾਣਬੁੱਝ ਕੇ ਖ਼ੱਜਲ-ਖ਼ੁਆਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਦੋ-ਦੋ ਹਫ਼ਤਿਆਂ ਤੋਂ ਝੋਨੇ ਦੀ ਫ਼ਸਲ ਲੈ ਕੇ ਮੰਡੀਆਂ ’ਚ ਬੈਠੇ ਕਿਸਾਨ ਚਿੰਤਾ ’ਚ ਹਨ। ਮਾਰਕਿਟ ਕਮੇਟੀ ਗਿੱਦੜਬਾਹਾ ਅਧੀਨ ਗਿੱਦੜਬਾਹਾ ਅਨਾਜ ਮੰਡੀ ਸਮੇਤ 28 ਪਿੰਡਾਂ ਦੇ ਖ਼ਰੀਦ ਕੇਂਦਰ ਹਨ। ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਤੋਂ ਲੈ ਕੇ ਪੱਕਣ ਤੱਕ ਇਸ ਲਈ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰਨਾ ਪਿਆ ਕਿ ਇਸ ਵਾਰ ਬਾਰਿਸ਼ ਨਹੀਂ ਪਈ ਤੇ ਮਹਿੰਗੇ ਭਾਅ ਦਾ ਡੀਜ਼ਲ ਬਾਲਣਾ ਪਿਆ। ਅੱਤ ਦੀ ਗਰਮੀ ’ਚ ਪ੍ਰਤੀ ਏਕੜ ਝਾੜ ਵੀ ਘੱਟ ਹੋਇਆ। ਅਸਚਰਜ ਦੀ ਗੱਲ ਇਹ ਕਿ ਝੋਨੇ ਦੀ ਖ਼ਰੀਦ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕਿਸਾਨਾਂ ਵਲੋਂ ਦੋਸ਼ ਲਗਾਇਆ ਜਾਂਦਾ ਰਿਹਾ ਹੈ ਕਿ ਝੋਨੇ ਦੀ ਖ਼ਰੀਦ ਮੱਧਮ ਹੋ ਰਹੀ ਹੈ ਤੇ ਖ਼ਰੀਦ ਏਜੰਸੀਆਂ ਵਲੋਂ ਸ਼ੈਲਰ ਮਾਲਕਾਂ ਨਾਲ ਕਥਿਤ ਮਿਲੀਭੁਗਤ ਕਰਕੇ ਝੋਨੇ ਵਿਚ ਨਮੀ ਦਾ ਬਹਾਨਾ ਲਗਾ ਕੇ ਬੇਲੋੜੀ ਕਾਟ ਲਗਾਈ ਜਾ ਰਹੀ ਹੈ। ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸਿੰਘ ਨੇਤਾ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡਾਂ ਦੀ ਮੰਡੀਆਂ ਦੀ ਸਰਕਾਰੀ ਖ਼ਰੀਦ ਬੰਦ ਕਰਨ ’ਤੇ ਜਥੇਬੰਦੀ ਵਲੋਂ ਰੋਸ ਧਰਨੇ ਉਪਰੰਤ ਦੁਬਾਰਾ ਖ਼ਰੀਦ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਾਹਰੀ ਰਾਜਾਂ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਤੋਂ ਸ਼ੈਲਰ ਤੇ ਕੁਝ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਸਥਾਨਕ ਖ਼ਰੀਦ ਕੇਂਦਰਾਂ ’ਤੇ ਝੋਨਾ ਆਉਣ ਕਰਕੇ ਸਥਾਨਕ ਝੋਨੇ ਦੇ ਕੋਟੇ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ’ਚ ਨਮੀ ਹੋਣ ਕਰਕੇ ਸੁੱਕੇ ਝੋਨੇ ’ਚ ਨਮੀ ਦੀ ਮਾਤਰਾ ਵੱਧ ਹੋਣਾ ਸੁਭਾਵਿਕ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਏਜੰਸੀਆਂ ਤੇ ਸ਼ੈਲਰ ਮਾਲਕ ਨਮੀ ਦੀ ਮਾਤਰਾ ਵੱਧ ਦੱਸ ਕੇ 4 ਤੋਂ 5 ਕਿੱਲੋ ਦੀ ਕਾਟ ਲਗਾ ਰਹੇ ਹਨ। ਨਮੀ ਮਾਪਣ ਵਾਲੇ ਯੰਤਰ ਵੀ ਵੱਖ-ਵੱਖ ਹਨ ਤੇ ਸਿਰਫ਼ ਸ਼ੈਲਰ ਮਾਲਕ ਦੇ ਯੰਤਰ ਨਾਲ ਨਮੀ ਨਾਪੀ ਜਾ ਰਹੀ ਹੈ। ਕਿਸਾਨ ਆਗੂ ਬਿੱਟੂ ਮੱਲਣ ਨੇ ਕਿਹਾ ਕਿ ਕਿਸਾਨ 15 ਤੋਂ 20 ਦਿਨ ਹੋ ਗਏ ਮੰਡੀਆਂ ’ਚ ਝੋਨਾ ਲਿਆ ਕੇ ਬੈਠੇ ਹਨ ਤੇ ਉਨ੍ਹਾਂ ਦਾ ਝੋਨਾ ਅਜੇ ਤੱਕ ਵੀ ਨਹੀਂ ਵਿਕ ਰਿਹਾ। ਸਰਕਾਰੀ ਖ਼ਰੀਦ ਬੰਦ ਹੋਣ ਨਾਲ ਨਿੱਜੀ ਵਪਾਰੀ ਕਿਸਾਨਾਂ ਦੀ ਲੁੱਟ ਕਰਨਗੇ ਤੇ ਜਥੇਬੰਦੀਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਮਾਰਕਿਟ ਕਮੇਟੀ ਦੇ ਸਕੱਤਰ ਅਨਿੱਲ ਖੁੰਗਰ ਨੇ ਦੱਸਿਆ ਕਿ 2 ਲੱਖ 20 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਦਕਿ 2 ਲੱਖ 2 ਹਜ਼ਾਰ ਮੀਟ੍ਰਿਕ ਟਨ ਖ਼ਰੀਦ ਹੋਈ ਹੈ। ਜਿਸ ’ਚੋਂ 1 ਲੱਖ 48 ਹਜ਼ਾਰ ਮੀਟ੍ਰਿਕ ਟਨ ਦੀ ਲਿਫ਼ਟਿੰਗ ਹੋ ਗਈ ਹੈ। ਏ.ਐਫ਼.ਐਸ.ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਕੋਟਾ 55 ਲੱਖ ਬੈਗ ਸੀ ਤੇ 50 ਲੱਖ ਬੈਗ ਖ਼ਰੀਦਿਆ ਜਾ ਚੁੱਕਾ ਹੈ, ਜੋ ਕਿ ਖ਼ਰੀਦ ਲਗਪਗ ਨੇੜੇ ਲੱਗ ਗਈ ਹੈ। ਮੰਡੀਆਂ ’ਚ ਪਏ ਝੋਨੇ ਸੰਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਸਰਕਾਰ ਵਲੋਂ ਜਲਦ ਹੀ ਮਨਜ਼ੂਰੀ ਮਿਲਣ ਦੀ ਆਸ ਹੈ ਅਤੇ ਬਾਕੀ ਰਹਿੰਦੇ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ।
ਗਿੱਦੜਬਾਹਾ ਦੀਆਂ ਅਨਾਜ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ
ਗਿੱਦੜਬਾਹਾ, 12 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਮਾਰਕਿਟ ਕਮੇਟੀ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗ ਗਏ ਹਨ। ਸਰਕਾਰੀ ਅਧਿਕਾਰੀ ਝੋਨੇ ਦੀ ਖ਼ਰੀਦ ਦਾ ਕੋਟਾ ਪੂਰਾ ਕਰਨ ਦੀ ਗੱਲ ਕਰ ਰਹੇ ਹਨ।
ਅਜੀਤ ਡੈਸਕ
13-11-2026