ਤਿੰਨ ਜ਼ਿਲ੍ਹਿਆਂ ਨੂੰ ਜੋੜਦੀ ਸੜਕ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਮੌਜੂਦਾ ਸਰਕਾਰ ਨੇ-ਮੰਡ ਵਾਸੀ
ਸੁਲਤਾਨਪੁਰ ਲੋਧੀ, 20 ਸਤੰਬਰ (ਨਰੇਸ਼ ਹੈਪੀ)-ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਇੰਦਰਪੁਰ ਨੂੰ ਵਾਇਆ ਦਾਰੇਵਾਲ, ਜਮਾਲੀ ਪੁਰ ਜਾਂਦੀ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਣ ਕਾਰਨ ਉੱਥੋਂ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ | ਤਿੰਨ ਜ਼ਿਲਿ੍ਹਆਂ ਜਲੰਧਰ, ਫ਼ਿਰੋਜ਼ਪੁਰ ਅਤੇ ਕਪੂਰਥਲਾ ਨੂੰ ਜੋੜਦੀ ਕਰੀਬ ਪੰਜ ਕਿੱਲੋਮੀਟਰ ਲੰਬੀ ਸੜਕ ਕਈ, ਜੋ ਕਿ ਕਈ ਵਰ੍ਹੇ ਪਹਿਲਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈ ਗਈ ਸੀ, ਦੀ ਹਾਲਤ 2019 ਵਿਚ ਹੜ੍ਹਾਂ ਤੋਂ ਬਾਅਦ ਵਿਗੜਦੀ ਜਾ ਰਹੀ ਹੈ ਜਿੱਥੋਂ ਚਾਰ ਪਹੀਆ ਵਾਹਨ ਤਾਂ ਮੁਸ਼ਕਲ ਨਾਲ ਲੰਘਦੇ ਹਨ ਸਗੋਂ ਦੋ ਪਹੀਆ ਵਾਹਨਾਂ ਨੂੰ ਵੀ ਬੜੀ ਧਿਆਨ ਨਾਲ ਲੰਘਣਾ ਪੈਂਦਾ ਹੈ | ਸੜਕ ਖੇਤਾਂ ਤੋਂ ਉੱਚੀ ਹੋਣ ਕਰਕੇ ਕਈ ਥਾਵਾਂ ਤੋਂ ਦੋ ਤੋਂ ਤਿੰਨ ਫੁੱਟ ਤੱਕ ਡੂੰਗੀ ਹੈ ਅਤੇ ਪੂਰੀ ਤਰਾਂ ਟੁੱਟ ਚੁੱਕੀ ਹੈ | ਮੰਡ ਇੰਦਰ ਪੁਰ ਦੇ ਸਰਪੰਚ ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਸੋਢੀ ਯੂਸਫਪੁਰ, ਸਤਨਾਮ ਸਿੰਘ, ਸਰਪੰਚ ਹਰਜਿੰਦਰ ਸਿੰਘ ਜਮਾਲੀ ਵਾਲਾ, ਸਰਪੰਚ ਜੱਜ ਗੱਟਾ ਦਲੇਰ, ਸਾਬਕਾ ਸਰਪੰਚ ਜੱਗਾ ਸਿੰਘ ਸ਼ੇਖਮਾਂਗਾ, ਕਰਨੈਲ ਸਿੰਘ, ਕੁਲਵੰਤ ਸਿੰਘ, ਬੂੜ ਸਿੰਘ, ਪਰਮਜੀਤ ਸਿੰਘ, ਡਾਕਟਰ ਮੁਖ਼ਤਿਆਰ ਸਿੰਘ, ਲਖਬੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਤੌਰ ’ਤੇ ਸੜਕ ਨਾਲ ਜੁੜੇ ਪਿੰਡਾਂ ਦੇ ਲੋਕਾਂ ਕੋਲੋਂ ਨਕਦ ਸਹਿਯੋਗ ਅਤੇ ਉਨ੍ਹਾਂ ਦੇ ਸਾਧਨ ਲੈ ਕੇ ਮਿੱਟੀ ਪਾ ਕੇ ਡੂੰਘੇ ਬਰਮਾਂ ਨੂੰ ਭਰਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕਾਰਜ ਵਿਚ ਵਰਤਿਆ ਜਾ ਰਿਹਾ 500 ਲੀਟਰ ਡੀਜ਼ਲ ਸਾਨੂੰ ਅਦਾਰਾ ਅਜੀਤ ਵੱਲੋਂ ਮੁਹੱਈਆ ਕਰਵਾਇਆ ਗਿਆ ਜਿਸ ਦੇ ਲਈ ਉਹ ਅਦਾਰਾ ਅਜੀਤ ਦੇ ਬਹੁਤ ਧੰਨਵਾਦੀ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰ ਚੁੱਕੇ ਹਨ ਅਤੇ ਤਿੰਨਾਂ ਹਲਕਿਆਂ ਦੇ ਆਗੂਆਂ ਨੂੰ ਵੀ ਪਰ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਇਸ ਬਾਰੇ ਅਸੀਂ ਸੰਬੰਧਿਤ ਆਗੂਆਂ ਨੂੰ ਪੰਚਾਇਤਾਂ ਵੱਲੋਂ ਮਤੇ ਵੀ ਪਾ ਕੇ ਦਿੱਤੇ ਹਨ ਪਰ 2019 ਤੋਂ ਬਾਅਦ ਕਿਸੇ ਨੇ ਵੀ ਸੜਕ ਅਤੇ ਨੇੜੇ ਪੈਂਦੇ ਦਰਿਆ ਦੇ ਕੰਢਿਆਂ ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਪਿੰਡ ਦੇ ਨੇੜੇ ਦਰਿਆ ਤੇ 2023 ਦੇ ਹੜ੍ਹਾਂ ਤੋਂ ਬਾਅਦ ਇਕ ਕਿੱਲੋਮੀਟਰ ਤੋਂ ਵੀ ਵੱਧ ਵੱਡਾ ਪਾਣ ਪੈ ਗਿਆ ਸੀ ਜਿਸ ਨੂੰ ਭਰਨ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਤੇ ਨਾ ਇਸ ਖੇਤਰ ਵਿਚ ਦਰਿਆ ਕੰਢੇ ਕੋਈ ਵੀ ਨੋਚਾਂ ਸਟੱਡ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਜਦਕਿ ਹੋਰ ਸਾਰੇ ਪਾਸੇ ਦਰਿਆ ਤੇ ਕੰਢਿਆਂ ਤੇ ਪੰਜਾਬ ਸਰਕਾਰ ਵੱਲੋਂ ਇਸ ਵਰ੍ਹੇ ਸਟੱਡ ਲਗਾਏ ਗਏ ਹਨ | ਅਤੇ ਜੇਕਰ ਹੁਣ ਮੁੜ ਹੜ੍ਹ ਆਉਂਦਾ ਹੈ ਤਾਂ ਪਾੜ ਵਾਲੀ ਜਗ੍ਹਾ ਰਾਹੀਂ ਤੋ ਦਰਜਨ ਤੋਂ ਵੱਧ ਪਿੰਡਾਂ ਦੀ ਕਰੀਬ 10 ਹਜ਼ਾਰ ਏਕੜ ਜ਼ਮੀਨ ਦੀ ਫ਼ਸਲ ਤਹਿਸ ਨਹਿਸ ਹੋ ਜਾਵੇਗੀ ਅਤੇ ਇਸ ਦੀ ਮਾਰ ਮੰਡ ਖੇਤਰ ਆਹਲੀ ਤੱਕ ਵੀ ਪਵੇਗੀ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਸਿੰਚਾਈ ਮੰਤਰੀ ਅਤੇ ਵਿਸ਼ੇਸ਼ ਕਰਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਪਾਸੋਂ ਮੰਗ ਕੀਤੀ ਕਿ ਪਾਵਨ ਨਗਰੀ ਦੇ ਆਖ਼ਰੀ ਪਿੰਡ ਮੰਡ ਇੰਦਰਪੁਰ ਤੇ ਇਸ ਦੇ ਨਾਲ ਜੁੜੇ ਪਿੰਡਾਂ ਦੀ ਸਾਰ ਲੈ ਕੇ 18 ਫੁੱਟ ਚੌੜੀ ਸੜਕ ਬਣਾਈ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਕਤ ਖੇਤਰ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਦਰਿਆ ਕੰਡੇ ਸਟੱਡ ਲਗਾਏ ਜਾਣ ਅਤੇ ਬੰਨਾਂ ਦੀ ਮਜ਼ਬੂਤੀ ਲਈ ਜ਼ਰੂਰੀ ਕਦਮ ਚੁੱਕੇ ਜਾਣ |