ਦਾਣਾ ਮੰਡੀ ਭੁਲੱਥ ਸਮੇਤ ਹੋਰ ਸੱਤ ਮੰਡੀਆਂ ਵਿਚ ਸਾਉਣੀ ਸੀਜ਼ਨ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ-ਚੇਅਰਮੈਨ, ਸਕੱਤਰ
ਭੁਲੱਥ, 30 ਸਤੰਬਰ (ਮਨਜੀਤ ਸਿੰਘ ਰਤਨ)-ਮਾਰਕੀਟ ਕਮੇਟੀ ਭੁਲੱਥ ਵਿਖੇ ਮੁੱਖ ਦਾਣਾ ਮੰਡੀ ਭੁਲੱਥ ਸਮੇਤ ਹੋਰ ਸੱਤ ਮੰਡੀਆਂ ਆਉਂਦੀਆਂ ਹਨ ਜਿਨ੍ਹਾਂ ਵਿਚ ਝੋਨੇ ਦੇ ਸੀਜ਼ਨ ਲਈ ਮੰਡੀਆਂ ਵਿਚ ਮੁੱਢਲੇ ਸੀਜਨਲ ਪ੍ਰਬੰਧ ਜਿਵੇਂ ਕਿ ਮੰਡੀਆਂ ਵਿਚ ਸਫ਼ਾਈ, ਬਿਜਲੀ, ਛਾਂ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਪ੍ਰਗਟਾਵਾ ਸਰਬਜੀਤ ਸਿੰਘ ਪੱਪਲ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ ਅਤੇ ਸਕੱਤਰ ਹਰਪ੍ਰੀਤ ਸਿੰਘ ਨੇ ਦਾਣਾ ਮੰਡੀ ਭੁਲੱਥ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਮੰਡੀਆਂ ਵਿਚ ਮਾਰਕੀਟ ਕਮੇਟੀ ਦੇ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਅਮਲੇ ਨੂੰ ਮੰਡੀਆਂ ਵਿਚ ਸੁਚਾਰੂ ਢੰਗ ਨਾਲ ਕੰਮ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਾਣਾ ਮੰਡੀ ਭੁਲੱਥ ਵਿਚ ਪਨਸਪ ਅਤੇ ਵੇਅਰ ਹਾਊਸ, ਨਡਾਲਾ ਵਿਚ ਪਨਗ੍ਰੇਨ ਅਤੇ ਪਨਸਪ, ਦਾਣਾ ਮੰਡੀ ਬੇਗੋਵਾਲ ਵਿਚ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ, ਦਾਣਾ ਮੰਡੀ ਇਬਰਾਹੀਮ ਵਿਚ ਮਾਰਕਫੈੱਡ, ਚੌਂਕ ਬਜਾਜ ਵਿਚ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ, ਬਰਿਆਰ ਵਿਚ ਪਨਗ੍ਰੇਨ ਅਤੇ ਪਨਸਪ, ਦਾਣਾ ਮੰਡੀ ਖੱਸਣ ਵਿਚ ਮਾਰਕਫੈੱਡ ਅਤੇ ਪਨ ਸਪ ਅਤੇ ਦਾਣਾ ਮੰਡੀ ਰਾਮਗੜ੍ਹ ਵਿਚ ਪਨਸਪ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਨਗੀਆਂ | ਇਸ ਮੌਕੇ ਸੁਖਜਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਹਰਜਿੰਦਰ ਸਿੰਘ, ਸਤਪਾਲ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਰ ਸਨ |