ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਗੁਰਦੀਪ ਸਿੰਘ ਭੰਡਾਲ, ਜਗਜੀਤ ਸਿੰਘ ਧਾਲੀਵਾਲ ਵਲੋਂ ਦਾਣਾ ਮੰਡੀ ਦਾ ਦੌਰਾ
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਤੇ ਹਲਕਾ ਕਪੂਰਥਲਾ ਦੇ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਬਾਅਦ ਵਿਚ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਤੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ | ਦੋਵਾਂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਆੜ੍ਹਤੀਆਂ ਤੇ ਮੰਡੀ ਬੋਰਡ ਨਾਲ ਸਬੰਧਿਤ ਮੋਇਸਚਰ ਮੀਟਰਾਂ ਦੀ ਜਾਂਚ ਕੀਤੀ ਤੇ ਇਸ ਦੌਰਾਨ ਮੀਟਰਾਂ ਦੇ ਰੀਡਿੰਗ ਵਿਚ ਵੱਡਾ ਫ਼ਰਕ ਦੇਖਣ ਵਿਚ ਸਾਹਮਣੇ ਆਇਆ | ਗੁਰਦੀਪ ਸਿੰਘ ਭੰਡਾਲ ਤੇ ਜਗਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਸੋਮਵਾਰ 5 ਅਕਤੂਬਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਇਕ ਵਫ਼ਦ ਨਾਲ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇਣਗੇ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਮੰਡੀ ਵਿਚ ਵਰਤੇ ਜਾਂਦੇ ਮੋਇਸਚਰ ਮੀਟਰਾਂ ਦੀ ਪੜਤਾਲ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਝੋਨੇ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ |