ਅੰਮਿ੍ਤਸਰ ਤੇ ਲੁਧਿਆਣਾ ਦੀਆਂ ਕਤਲ ਦੀਆਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ-ਧਾਲੀਵਾਲ
ਫਗਵਾੜਾ, 4 ਅਕਤੂਬਰ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੰਮਿ੍ਤਸਰ ਵਿਚ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅਪ ਆਰਟਿਸਟ ਮੈਡ ਸੰਧੂ ਤੇ ਲੁਧਿਆਣਾ ਵਿਚ ਸਾਬਕਾ ਸਰਪੰਚ ਨਵਤੇਜ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ ‘ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼ਰੇਆਮ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਸਾਬਕਾ ਸਰਪੰਚ ‘ਤੇ ਹਮਲੇ ਦੌਰਾਨ ਕਥਿਤ ਤੌਰ ‘ਤੇ ਕਰੀਬ 10 ਗੋਲੀਆਂ ਚਲਾਈਆਂ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਸੇ ਤਰ੍ਹਾਂ ਅੰਮਿ੍ਤਸਰ ਵਿਚ ਮੈਡ ਸੰਧੂ ਦੀ ਹੱਤਿਆ ਨੇ ਸੂਬੇ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਵਿਚ ਕਾਨੂੰਨ ਦਾ ਰਾਜ ਬਚਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੁਲਿਸਿੰਗ ਮਜ਼ਬੂਤ ਕਰਨ ਦੇ ਨਾਲ-ਨਾਲ ਅਪਰਾਧਿਕ ਤੇ ਗੈਂਗ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਦੋਵੇਂ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਕੇ ਨਿਰਪੱਖ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ |