ਕਪੂਰਥਲਾ, 7 ਅਕਤੂਬਰ (ਵਿ.ਪ੍ਰ.)-ਜਨਗਣਨਾ 2027 ਦੇ ਦੂਜੇ ਪੜਾਅ ਦੀ ਤਿਆਰੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਪਰਵਾਈਜ਼ਰਾਂ ਤੇ ਗਣਨਾਕਾਰਾਂ ਦੀ ਵਿਸ਼ੇਸ਼ ਟਰੇਨਿੰਗ ਸਥਾਨਕ ਵਿਰਸਾ ਵਿਹਾਰ ਤੇ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ ਵਿਚ ਕਰਵਾਈ ਗਈ | ਟਰੇਨਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸਟਰ ਟਰੇਨਰ ਦਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਫ਼ੀਲਡ ਟਰੇਨਰਾਂ ਵੱਲੋਂ ਜਨਗਣਨਾ ਲਈ ਤਿਆਰ ਕੀਤੀਆਂ ਗਈਆਂ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨਾਂ ਜਿਵੇਂ ਕਿ ਪੀ.ਈ. ਐਪ ਰਾਹੀਂ ਡਾਟਾ ਇਕੱਤਰ ਕਰਨ, ਨਕਸ਼ੇ ਤਿਆਰ ਕਰਨ ਤੇ ਨਾਗਰਿਕਾਂ ਵੱਲੋਂ ਖ਼ੁਦ ਕੀਤੇ ਜਾਣ ਵਾਲੇ ਸੈੱਲਫ਼ ਇਨਿਊਮਰੇਸ਼ਨ ਦੇ 11 ਅੰਕਾਂ ਦੀ ਆਈ.ਡੀ. ਨੂੰ ਵੈਰੀਫਾਈ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਪਹਿਲੇ ਪੜਾਅ ਵਿਚ ਘਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਹੁਣ ਦੂਜੇ ਪੜਾਅ ਵਿਚ ਜਨਸੰਖਿਆ ਦੀ ਗਣਨਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਨਗਣਨਾ ਕਰਨ ਵਾਲੇ ਸੁਪਰਵਾਈਜ਼ਰ ਤੇ ਗਣਨਾਕਾਰਾਂ ਨੂੰ ਟਰੇਨਿੰਗ ਮੌਕੇ ਹਦਾਇਤ ਕੀਤੀ ਗਈ ਕਿ ਉਹ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਤੇ ਸੰਵੇਦਨਸ਼ੀਲ ਅੰਕੜਿਆਂ ਨੂੰ ਪੂਰੀ ਸ਼ੁੱਧਤਾ ਤੇ ਗੁਪਤ ਢੰਗ ਨਾਲ ਮੋਬਾਈਲ ਐਪ ‘ਤੇ ਦਰਜ ਕਰਨ | ਇਸ ਟਰੇਨਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੁਪਰਵਾਈਜ਼ਰਾਂ ਤੇ ਗਣਨਾਕਾਰਾਂ ਤੋਂ ਇਲਾਵਾ ਪੂਜਾ ਮਾਨ, ਸੁਖਮਿੰਦਰ ਸਿੰਘ ਬਾਜਵਾ, ਜਸਵੀਰ ਸਿੰਘ, ਰਤਨੀਵ ਸਿੰਘ, ਹਰਵੇਲ ਸਿੰਘ, ਪੰਕਜ ਧੀਰ, ਕ੍ਰਿਸ਼ਨ ਕੁਮਾਰ, ਰਮਨ ਵਾਲੀਆ ਤੇ ਰੇਖਾ ਸ਼ਰਮਾ ਵੀ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਜਨਗਣਨਾ ਨਾਲ ਸਬੰਧਿਤ ਡਿਪਟੀ ਡਾਇਰੈਕਟਰ ਸੋਨਮ ਚੇਰਿੰਗ ਨੇ ਵਿਰਸਾ ਵਿਹਾਰ ਕਪੂਰਥਲਾ, ਨਗਰ ਨਿਗਮ ਕਪੂਰਥਲਾ ਤੇ ਸਰਕਾਰੀ ਕਾਲਜ ਭੁਲੱਥ ਵਿਚ ਚੱਲ ਰਹੀ ਟਰੇਨਿੰਗ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮਾਸਟਰ ਟਰੇਨਰ ਦਵਿੰਦਰ ਸਿੰਘ ਵਾਲੀਆ ਤੇ ਜ਼ਿਲ੍ਹਾ ਕੋਆਰਡੀਨੇਟਰ ਵਿੱਕੀ ਕਟਾਰੀਆ ਵੀ ਹਾਜ਼ਰ ਸਨ |