02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2022

ਫੇਰ ਦੀਵਾਲੀ ਹੋਵੇਗੀ

ਅਜੀਤ ਡੈਸਕ 24-10-2022

ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।
ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦੀਵਾਲੀ ਹੋਵੇਗੀ।

ਸੂਰਜ ਦੀ ਲੋਅ, ਚੰਦਾ ਦੀ ਲੋਅ, ਦੀਵੇ ਦੀ ਲੋਅ, ਜੁਗਨੂੰ ਦੀ ਲੋਅ।
ਛੋਟੇ ਵੱਡੇ ਆਦਰ ਨੂੰ ਇਕ ਹੀ ਮਾਲਾ ਵਿਚ ਪਿਰੋ।
ਹਾਕਮ ਸਭ ਦੇ ਹਿੱਤ ਵਿਚਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਟਹਿਣੀ-ਟਹਿਣੀ ਖਿੜੀਆਂ ਕਲੀਆਂ ਨੂੰ ਕੋਈ ਮਾਲੀ ਤੋੜੇ ਨਾ।
ਫੁੱਲ ਗੁਲਾਬੀ ਦੇ ਨਾਲ ਥੋਰ੍ਹਾਂ ਵਰਗੇ ਰਿਸ਼ਤੇ ਜੋੜੇ ਨਾ।
ਨਿਰਧਨ ਨੂੰ ਰਾਜਾ ਸਤਿਕਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਬੇਰੁਜ਼ਗਾਰੀ, ਰਿਸ਼ਵਤਖੋਰੀ, ਨਸ਼ਿਆਂ 'ਤੇ ਕਾਬੂ ਕੌਣ ਕਰੇ।
ਇਸ ਗੰਦਲੇ ਮਾਹੌਲ ਦੇ ਅੰਦਰ ਸੀਸ ਤਲੀ 'ਤੇ ਕੌਣ ਧਰੇ।
ਬੇੜੀ ਤਾਰਨ ਖੇਵਣਹਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਉੱਨਤੀ ਯੁਕਤ ਵਿਦੇਸ਼ਾਂ ਵਾਂਗੂੰ ਨੀਅਤ, ਨੀਤੀ, ਪ੍ਰੀਤ ਬਣੇ।
ਵੱਖ-ਵੱਖ ਸਾਜ਼ਾਂ ਦੀ ਇਕ ਧੁਨ ਦਾ ਫਿਰ ਉਤੱਮ ਸੰਗੀਤ ਬਣੇ।
ਸ਼ੁੱਧਤਾ, ਬੁੱਧਤਾ ਨਾਲ ਨਜ਼ਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਫੁੱਲਦੀ-ਫੁੱਲਦੀ ਰੋਟੀ ਲੱਥੇ, ਮੱਖਣ ਸਾਗ ਸਰ੍ਹੋਂ ਦੇ ਨਾਲ।
ਵੱਖ-ਵੱਖ ਭੋਜਨ ਕੌਲੀਆਂ ਦੇ ਵਿਚ, ਭਰਿਆ ਭਰਿਆ ਹੋਵੇ ਥਾਲ।
ਚੁੱਲ੍ਹੇ ਦੇ ਵਿਚ ਹੋਣ ਸ਼ਰਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਨਾਲ ਮੁਹੱਬਤ ਦੀਵੇ ਹੋਵਣ ਏਧਰ ਵੀ ਤੇ ਓਧਰ ਵੀ।
ਤਪਦੀਆਂ ਮਾਵਾਂ ਫਿਰ ਨਾ ਰੋਵਣ ਏਧਰ ਵੀ ਤੇ ਓਧਰ ਵੀ।
ਜਗਮਗ-ਜਗਮਗ ਜਗਣ ਕਿਨਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਮਾਨਵਤਾ ਦੇ ਹਿਰਦੇ ਅੰਦਰ ਪਿਆਰ ਰਵੇ, ਸਤਿਕਾਰ ਰਵੇ।
ਚੜ੍ਹਦੇ ਸੂਰਜ ਦੀ ਲਾਲੀ ਦਾ ਘਰ-ਘਰ ਵਿਚ ਦੀਦਾਰ ਰਵੇ।
ਨਾ ਕੋਈ ਜਿੱਤੇ ਨਾ ਕੋਈ ਹਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।
ਸਾਂਝੀਵਾਲ ਸੁਨੇਹਾ ਦੇਵੇ ਹਰਿਮੰਦਰ ਦੇ ਸ਼ਬਦਾਂ 'ਚੋਂ।
ਝਿਲਮਿਲ-ਝਿਲਮਿਲ ਦੀਵੇ ਜਗਦੇ ਗੁਰਬਾਣੀ ਦੇ ਅਰਥਾਂ 'ਚੋਂ।
ਸ਼ੀਤਲਤਾ ਹੈ ਸਗਲ ਦੁਆਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਭਾਰਤ ਦੀ ਖੁਸ਼ਹਾਲੀ ਅੰਦਰ ਏਕਮ ਵਾਲੇ ਚਮਕਣ ਤਾਰੇ।
ਖੰਡੇ ਬਾਟੇ ਵਾਲਾ ਅੰਮ੍ਰਿਤ ਅਨੰਦਪੁਰੇ ਵਿਚ ਗੋਬਿੰਦ ਪਿਆਰੇ।
ਲੈ ਕੇ ਆਵਣ ਪੰਜ ਪਿਆਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਨਵਤਾ ਵਡਿਆਈ।
ਉਹਨਾਂ ਦੀ ਮਰਿਆਦਾ ਦੀ ਅੱਜ ਵੀ ਸੁਣਦੀ ਹੈ ਸ਼ਹਿਨਾਈ।
ਬੰਦੀ ਰਾਜੇ ਪਾਰ ਉਤਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।

ਭਰਤ ਜਿਹੇ ਫਿਰ ਨਿੱਸ-ਸਵਾਰਥ ਦੀਵਾਲੀ ਦੇ ਅਰਥ ਬਣਨ।
ਹਾਲਾਤਾਂ ਦੇ ਗਰਭ 'ਚੋਂ 'ਬਾਲਮ' ਨੀਤੀ-ਪਰਿਵਰਤਨ ਜਣਨ।
ਮੋਹ-ਮਮਤਾ ਹਿਰਦੇ ਨੂੰ ਠਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦੀਵਾਲੀ ਹੋਵੇਗੀ।

-ਬਲਵਿੰਦਰ 'ਬਾਲਮ' ਗੁਰਦਾਸਪੁਰ
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409

ਪਿਛਲੀ ਖ਼ਬਰ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਅਗਲੀ ਖ਼ਬਰ ਗੀਤ-ਮੋਹ ਦੇ ਦੀਵੇ ਬਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।