ਦੁਬਈ, 15 ਜੂਨ (ਏਜੰਸੀ)-ਇਜ਼ਰਾਈਲ ਵਲੋਂ ਅੱਜ ਈਰਾਨ 'ਤੇ ਹਮਲੇ ਤੇਜ਼ ਕਰ ਦਿੱਤੇ ਗਏ, ਜਿਸ ਤਹਿਤ ਇਜ਼ਰਾਈਲ ਵਲੋਂ ਈਰਾਨ ਦੇ ਮਿਜ਼ਾਈਲ, ਹਵਾਈ ਅੱਡਿਆਂ, ਊਰਜਾ ਇੰਡਸਟਰੀ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਤਹਿਰਾਨ ਨੇ ਘਾਤਕ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ | ਇਜ਼ਰਾਇਲੀ ਅੰਕੜਿਆਂ ਅਨੁਸਾਰ ਈਰਾਨ ਨੇ 270 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ, ਜਿਨ੍ਹਾਂ 'ਚੋਂ 22 ਮਿਜ਼ਾਈਲਾਂ ਦੇਸ਼ ਦੀ ਅਤਿ-ਆਧੁਨਿਕ ਬਹੁ-ਪੱਧਰੀ ਹਵਾਈ ਸੁਰੱਖਿਆ ਪ੍ਰਣਾਲੀ (ਆਇਰਨ ਡੋਮ) ਨੂੰ ਸੰਨ੍ਹ ਲਾ ਕੇ ਹਮਲਾ ਕਰਨ 'ਚ ਕਾਮਯਾਬ ਰਹੀਆਂ | ਇਜ਼ਰਾਈਲ ਵਲੋਂ ਈਰਾਨ 'ਚ ਕੀਤੇ ਗਏ ਹਮਲਿਆਂ 'ਚ ਘੱਟੋ-ਘੱਟ 406 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 654 ਹੋਰ ਜਣੇ ਜ਼ਖ਼ਮੀ ਹੋ ਗਏ | ਉੱਧਰ, ਇਜ਼ਰਾਈਲ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਤਹਿਰਾਨ ਵਲੋਂ ਕੀਤੇ ਹਮਲਿਆਂ ਨਾਲ ਦੇਸ਼ ਭਰ 'ਚ 14 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ ਗੈਲਿਲੀ ਖੇਤਰ 'ਚ ਇਕ ਅਪਾਰਟਮੈਂਟ ਵਿਚ ਹੋਈਆਂ ਚਾਰ ਮੌਤਾਂ ਵੀ ਸ਼ਾਮਿਲ ਹਨ | ਇਜ਼ਰਾਈਲ ਨੇ ਤਹਿਰਾਨ 'ਚ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਦੇ ਨਾਲ ਉਨ੍ਹਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ, ਜੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਹਨ | ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਈਰਾਨੀ ਮਿਜ਼ਾਈਲਾਂ ਨੇ ਇਜ਼ਰਾਇਲੀ ਲੜਾਕੂ ਜਹਾਜ਼ਾਂ ਲਈ ਈਾਧਣ ਪ੍ਰੋਡਕਸ਼ਨ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ |
ਈਰਾਨ 'ਚ ਲਗਭਗ 1300 ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ
ਨਵੀਂ ਦਿੱਲੀ, (ਯੂ.ਐਨ.ਆਈ.)-ਤਹਿਰਾਨ 'ਚ ਭਾਰਤੀ ਦੂਤਾਵਾਸ ਸੁਰੱਖਿਆ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਈਰਾਨ 'ਚ ਭਾਰਤੀ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਪਰਕ ਕਰ ਰਿਹਾ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ 'ਚ ਭਾਰਤੀ ਵਿਦਿਆਰਥੀਆਂ ਨੂੰ ਦੂਤਾਵਾਸ ਦੀ ਸਹੂਲਤ ਨਾਲ ਈਰਾਨ ਦੇ ਅੰਦਰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕੀਤਾ ਜਾ ਰਿਹਾ ਹੈ | ਹੋਰ ਸੰਭਵ ਵਿਕਲਪਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਈਰਾਨ 'ਚ ਲਗਭਗ 1300 ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ |
ਈਰਾਨ ਤੇ ਇਜ਼ਰਾਈਲ ਵਲੋਂ ਹਮਲਿਆਂ ਦਾ ਨਵਾਂ ਦੌਰ ਸ਼ੁਰੂ
ਅਜੀਤ ਡੈਸਕ
16-06-2025