ਮਹਾਰਾਸ਼ਟਰ, ਰਾਜਸਥਾਨ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹਨ ਮਿ੍ਤਕ
ਰੁਦਰਪ੍ਰਯਾਗ (ਉੱਤਰਾਖੰਡ), 15 ਜੂਨ (ਪੀ. ਟੀ. ਆਈ.)-ਉੱਤਰਾਖੰਡ ਦੇ ਕੇਦਾਰਨਾਥ ਨਜ਼ਦੀਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਇਸ 'ਚ ਸਵਾਰ ਸਾਰੇ 7 ਯਾਤਰੀਆਂ ਦੀ ਮੌਤ ਹੋ ਗਈ | ਨਿੱਜੀ ਕੰਪਨੀ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਸੰਚਾਲਿਤ ਬੈਲ 407 ਹੈਲੀਕਾਪਟਰ ਕੇਦਾਰ ਘਾਟੀ 'ਚ ਗੌਰੀਕੁੰਡ ਤੇ ਤਿ੍ਜੁਗੀਨਾਰਾਇਣ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਕਾਰਨ ਇਸ ਨੂੰ ਅੱਗ ਲੱਗ ਗਈ | ਇਸ ਹਾਦਸੇ ਦੇ 7 ਮਿ੍ਤਕ ਮਹਾਰਾਸ਼ਟਰ, ਰਾਜਸਥਾਨ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਸਨ | ਹੈਲੀਕਾਪਟਰ ਦੇ ਪਾਇਲਟ ਰਾਜਵੀਰ ਸਿੰਘ ਚੌਹਾਨ (ਜੈਪੁਰ ਤੋਂ) ਨੇ ਭਾਰਤੀ ਫ਼ੌਜ 'ਚ 15 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਨਿਭਾਈ ਸੀ ਤੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ 'ਚ ਉਡਾਣ ਮਿਸ਼ਨਾਂ ਦਾ ਤਜਰਬਾ ਸੀ | ਪਾਇਲਟ ਤੋਂ ਇਲਾਵਾ ਮਹਾਰਾਸ਼ਟਰ ਦੇ ਯਵਤਮਾਲ ਦੇ ਰਹਿਣ ਵਾਲੇ ਇਕ ਜੋੜੇ (ਰਾਜ ਕੁਮਾਰ ਜੈਸਵਾਲ ਤੇ ਉਸ ਦੀ ਪਤਨੀ ਸ਼ਰਧਾ) ਤੇ ਉਨ੍ਹਾਂ ਦੀ 2 ਸਾਲ ਦੀ ਧੀ ਕਾਸ਼ੀ ਦੀ ਮੌਤ ਹੋ ਗਈ | ਉੱਤਰ ਪ੍ਰਦੇਸ਼ ਦੇ ਵਿਨੋਦ ਦੇਵੀ (66) ਤੇ ਤੁਸ਼ਟੀ ਸਿੰਘ (19) ਤੋਂ ਇਲਾਵਾ ਬਦਰੀਨਾਥ-ਉੱਤਰਾਖੰਡ ਟੈਂਪ ਟਰੱਸਟ ਦੇ ਮੈਂਬਰ ਵਿਕਰਮ ਸਿੰਘ ਰਾਵਤ ਦੀ ਵੀ ਇਸ ਹਾਦਸੇ 'ਚ ਮੌਤ ਹੋ ਗਈ ਹੈ | ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਹੋਣ ਕਰਕੇ ਜ਼ੀਰੋ ਦਿ੍ਸ਼ਟੀ ਕਾਰਨ ਇਹ ਹਾਦਸਾ ਵਾਪਰਿਆ | ਸਿਵਲ ਏਵੀਏਸ਼ਨ ਮੰਤਰਾਲੇ ਨੇ ਕਿਹਾ ਕਿ ਹਾਦਸੇ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਦੁਆਰਾ ਕੀਤੀ ਜਾਵੇਗੀ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈਲੀਕਾਪਟਰ ਨੇ ਗੁਪਤਕਾਸ਼ੀ ਤੋਂ ਸਵੇਰੇ 05:10 ਵਜੇ ਉਡਾਣ ਭਰੀ ਤੇ ਕੇਦਾਰਨਾਥ ਹੈਲੀਪੈਡ 'ਤੇ ਸਵੇਰੇ 05:18 ਵਜੇ ਉਤਰਿਆ | ਫਿਰ ਹੈਲੀਕਾਪਟਰ ਨੇ ਸਵੇਰੇ 05:19 ਵਜੇ ਗੁਪਤਕਾਸ਼ੀ ਲਈ ਦੁਬਾਰਾ ਉਡਾਣ ਭਰੀ ਤੇ ਗੌਰੀਕੁੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ | ਤਾਜ਼ਾ ਹੈਲੀਕਾਪਟਰ ਹਾਦਸੇ ਦੇ ਮੱਦੇਨਜ਼ਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਚਾਰਧਾਮ ਯਾਤਰਾ ਰੂਟ 'ਤੇ ਹੈਲੀਕਾਪਟਰ ਸੇਵਾਵਾਂ 2 ਦਿਨਾਂ ਲਈ ਮੁਅੱਤਲ ਰਹਿਣਗੀਆਂ | ਉਨ੍ਹਾਂ ਕਿਹਾ ਕਿ ਮੌਸਮ ਖਰਾਬ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ |
ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ-ਪਾਇਲਟ ਸਮੇਤ 7 ਮੌਤਾਂ
ਅਜੀਤ ਡੈਸਕ
16-06-2025