ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਆਪਣੇ ਸਰਬਉੱਚ ਨਾਗਰਿਕ ਸਨਮਾਨ ਸਨਮਾਨਿਤ ਕਰੇਗਾ ਸਾਈਪ੍ਰਸ
ਨਿਕੋਸੀਆ, 15 ਜੂਨ (ਪੀ.ਟੀ.ਆਈ.)-ਆਪਣੇ ਦੋ ਦਿਨਾ ਸਾਈਪ੍ਰਸ ਦੌਰੇ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਥੇ ਪਹੁੰਚਣ 'ਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕਿ੍ਸਟੋਡੌਲਾਈਡਜ਼ ਨੇ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ | ਜ਼ਿਕਰਯੋਗ ਹੈ ਕਿ ਕਰੀਬ 2 ਦਹਾਕਿਆਂ ਤੋਂ ਵੱਧ ਸਮੇਂ 'ਚ ਸਾਈਪ੍ਰਸ ਦਾ ਦੌਰਾ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ | ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਭਰਵੇਂ ਸਵਾਗਤ ਲਈ ਰਾਸ਼ਟਰਪਤੀ ਕਿ੍ਸਟੋਡੌਲਾਈਡਜ਼ ਦਾ ਧੰਨਵਾਦ ਕੀਤਾ | ਸੋਮਵਾਰ ਨੂੰ ਦੋਵੇਂ ਨੇਤਾ ਰਾਸ਼ਟਰਪਤੀ ਮਹਿਲ ਵਿਖੇ ਇਕ ਨਿੱਜੀ ਮੁਲਾਕਾਤ ਕਰਨਗੇ, ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰਪਤੀ ਮਹਿਲ ਵਿਖੇ ਸਾਈਪ੍ਰਸ ਦਾ ਸਰਬਉੱਚ ਸਨਮਾਨ 'ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ-3' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਬਾਅਦ ਦੋਵੇਂ ਧਿਰਾਂ ਵਫ਼ਦ-ਪੱਧਰੀ ਗੱਲਬਾਤ ਕਰਨਗੀਆਂ, ਜਿਸ 'ਚ ਮੀਟਿੰਗ ਦੇ ਅੰਤ 'ਤੇ ਮੀਡੀਆ ਨੂੰ ਬਿਆਨ ਦਿੱਤਾ ਜਾਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੌਰਾ ਭਾਰਤ-ਸਾਈਪ੍ਰਸ ਸੰਬੰਧਾਂ 'ਚ ਖਾਸ ਕਰਕੇ ਵਪਾਰ, ਨਿਵੇਸ਼ ਤੇ ਹੋਰ ਖੇਤਰਾਂ 'ਚ ਮਹੱਤਵਪੂਰਨ ਰਹੇਗਾ | ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ ਇਥੇ ਪਹੁੰਚੇ | ਇਸ ਤੋਂ ਪਹਿਲਾਂ ਨਵੀਂ ਦਿੱਲੀ 'ਚ ਆਪਣੇ ਰਵਾਨਗੀ ਬਿਆਨ 'ਚ ਮੋਦੀ ਨੇ ਕਿਹਾ ਕਿ ਸਾਈਪ੍ਰਸ ਇਕ ਕਰੀਬੀ ਦੋਸਤ ਤੇ ਭੂਮੱਧ ਸਾਗਰ ਖੇਤਰ ਅਤੇ ਯੂਰਪੀ ਸੰਘ 'ਚ ਇਕ ਮਹੱਤਵਪੂਰਨ ਭਾਈਵਾਲ ਹੈ | ਸਾਈਪ੍ਰਸ ਤੋਂ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ 'ਤੇ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਕੈਨੇਡਾ ਦੇ ਕਨਾਨਾਸਕਿਸ ਜਾਣਗੇ | ਜੀ-7 ਸੰਮੇਲਨ ਤੋਂ ਬਾਅਦ ਮੋਦੀ ਕ੍ਰੋਏਸ਼ੀਆ ਦਾ ਦੌਰਾ ਕਰਨਗੇ ਅਤੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਤੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨਾਲ ਮੁਲਾਕਾਤਾਂ ਕਰਨਗੇ |
ਸਾਈਪ੍ਰਸ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ
ਅਜੀਤ ਡੈਸਕ
16-06-2025