11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਇਜ਼ਰਾਈਲੀ ਹਮਲੇ 'ਚ ਈਰਾਨੀ ਫ਼ੌਜ ਮੁਖੀ ਹਲਾਕ

ਅਜੀਤ ਡੈਸਕ 18-06-2025

• ਪ੍ਰਮਾਣੂ ਟਿਕਾਣੇ ਤਬਾਹ • ਤਲ ਅਵੀਵ 'ਚ ਇਜ਼ਰਾਈਲ ਦੀ ਖੁਫੀਆ ਏਜੰਸੀ ਦੇ ਮੁੱਖ ਦਫ਼ਤਰ 'ਤੇ ਹਵਾਈ ਹਮਲਾ • 3 ਲੱਖ ਲੋਕਾਂ ਨੂੰ ਤਹਿਰਾਨ ਖਾਲੀ ਕਰਨ ਦਾ ਹੁਕਮ
ਦੁਬਈ, 17 ਜੂਨ (ਏਜੰਸੀ)-ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ 5ਵੇਂ ਦਿਨ ਵੀ ਜਾਰੀ ਹੈ | ਇਜ਼ਰਾਈਲ ਦੇ ਹਵਾਈ ਹਮਲੇ 'ਚ ਈਰਾਨ ਦੇ ਫ਼ੌਜ ਮੁਖੀ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਮੌਤ ਹੋ ਗਈ ਹੈ | ਸ਼ਾਦਮਾਨੀ ਈਰਾਨ ਦੇ ਖਾਤਮ-ਅਲ-ਅੰਬੀਆ ਹੈੱਡਕੁਆਰਟਰ, ਜਾਂ ਫ਼ੌਜੀ ਐਮਰਜੈਂਸੀ ਕਮਾਂਡ ਦੇ ਮੁਖੀ ਸਨ | ਉਨ੍ਹਾਂ ਇਹ ਅਹੁਦਾ ਸਿਰਫ਼ 4 ਦਿਨ ਪਹਿਲਾਂ ਹੀ ਸੰਭਾਲਿਆ ਸੀ | ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੀ ਥਾਂ 'ਤੇ ਸੌਂਪੀ ਗਈ ਸੀ, ਜੋ ਇਜ਼ਰਾਈਲ ਦੇ ਹਮਲੇ 'ਚ ਮਾਰੇ ਗਏ ਸਨ | ਰਾਸ਼ਿਦ ਦੀ ਪਿਛਲੇ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ | ਉਧਰ ਈਰਾਨ 'ਤੇ ਹਵਾਈ ਹਮਲੇ ਤੇਜ਼ ਕਰਦੇ ਹੋਏ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਲੱਖਾਂ ਲੋਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ | ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲੀ ਹਮਲਿਆਂ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ ਤੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰੋਜ਼ਾਨਾ ਸੰਪਰਕ 'ਚ ਹਨ | ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਦੇ ਚੋਟੀ ਦੇ ਫ਼ੌਜੀ ਨੇਤਾਵਾਂ, ਯੂਰੇਨੀਅਮ ਸੋਧ ਥਾਵਾਂ ਤੇ ਪ੍ਰਮਾਣੂ ਵਿਗਿਆਨੀਆਂ 'ਤੇ ਉਸ ਦਾ ਵਿਆਪਕ ਹਮਲਾ, ਇਸ ਦੇ ਲੰਬੇ ਸਮੇਂ ਤੋਂ ਵਿਰੋਧੀ ਨੂੰ ਪ੍ਰਮਾਣੂ ਹਥਿਆਰ ਬਣਾਉਣ ਦੇ ਨੇੜੇ ਜਾਣ ਤੋਂ ਰੋਕਣ ਲਈ ਜ਼ਰੂਰੀ ਹੈ | ਜਵਾਬੀ ਕਾਰਵਾਈ 'ਚ ਈਰਾਨ ਨੇ ਮੰਗਲਵਾਰ ਨੂੰ ਤਲ ਅਵੀਵ 'ਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਮੁੱਖ ਦਫਤਰ 'ਤੇ ਹਵਾਈ ਹਮਲਾ ਕੀਤਾ | ਇਸ ਤੋਂ ਇਲਾਵਾ ਫ਼ੌਜੀ ਖੁਫੀਆ ਜਾਣਕਾਰੀ ਨਾਲ ਸੰਬੰਧਿਤ ਖੁਫੀਆ ਏਜੰਸੀ ਅਮਾਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ | ਇਜ਼ਰਾਈਲ ਦੇ ਹਮਲਿਆਂ 'ਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦਕਿ 1481 ਲੋਕ ਜ਼ਖਮੀ ਹੋਏ ਹਨ | ਇਸ ਦੇ ਨਾਲ ਹੀ ਇਜ਼ਰਾਈਲ 'ਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦਕਿ 600 ਤੋਂ ਵੱਧ ਜ਼ਖਮੀ ਹਨ |

ਪਿਛਲੀ ਖ਼ਬਰ ਜੀ 7 ਸੰਮੇਲਨ ਲਈ ਅਲਬਰਟਾ ਦੇ ਕੈਨਾਨਾਸਕਿਸ ਪੁੱਜੇ ਮੋਦੀ ਅਗਲੀ ਖ਼ਬਰ ਈਰਾਨ ਦੇ ਜ਼ਮੀਨਦੋਜ਼ ਪ੍ਰਮਾਣੂ ਟਿਕਾਣੇ ਤਬਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।