ਕੈਲਗਰੀ, 17 ਜੂਨ (ਜਸਜੀਤ ਸਿੰਘ ਧਾਮੀ/ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀ 7 ਸੰਮੇਲਨ ਲਈ ਇਥੇ ਪਹੁੰਚਣ 'ਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਵਲੋਂ ਸਵਾਗਤ ਕੀਤਾ ਗਿਆ | ਇਹ ਇਕ ਦਹਾਕੇ 'ਚ ਮੋਦੀ ਦਾ ਕੈਨੇਡਾ ਦਾ ਪਹਿਲਾ ਦੌਰਾ ਹੈ | ਪ੍ਰਧਾਨ ਮੰਤਰੀ ਮੋਦੀ ਵਲੋਂ ਜੀ 7 ਸੰਮੇਲਨ ਤੋਂ ਵੱਖ ਦੱਖਣੀ ਕੋਰੀਆ, ਮੈਕਸੀਕੋ, ਦੱਖਣੀ ਅਫਰੀਕਾ, ਜਰਮਨੀ ਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਵੱਖ-ਵੱਖ ਮੁਲਾਕਾਤ ਕੀਤੀ ਗਈ ਅਤੇ ਵਪਾਰ ਅਤੇ ਆਰਥਿਕਤਾ ਸਮੇਤ ਕਈ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਜੀ 7 'ਗਲੋਬਲ ਸਾਊਥ' ਦੀਆਂ ਤਰਜੀਹਾਂ ਨੂੰ ਉਜਾਗਰ ਕਰੇਗਾ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਨਾਲ ਮੁਲਾਕਾਤ ਦੌਰਾਨ ਵਪਾਰ ਅਤੇ ਆਰਥਿਕਤਾ, ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ, ਹਰੀ ਹਾਈਡ੍ਰੋਜਨ, ਜਹਾਜ਼ ਨਿਰਮਾਣ, ਸੱਭਿਆਚਾਰ ਅਤੇ 'ਪੀ2ਪੀ' ਸਮੇਤ ਹੋਰ ਖੇਤਰਾਂ 'ਚ ਸਾਂਝੇਦਾਰੀ ਸਮੇਤ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ | ਮੋਦੀ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਪਾਰਡੋ ਨਾਲ ਮੁਲਾਕਾਤ ਦੌਰਾਨ ਗਲੋਬਲ ਸਾਊਥ ਦੀਆਂ ਤਰਜੀਹਾਂ ਸਮੇਤ ਮੁੱਖ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਦਿ੍ਸ਼ਟੀਕੋਣ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਵੀ ਮੁਲਾਕਾਤ ਕੀਤੀ | ਮੋਦੀ ਨੇ ਐਕਸ 'ਤੇ ਪਾਈ ਪੋਸਟ 'ਚ ਕਿਹਾ ਕਿ ਕੈਨੇਡਾ 'ਚ ਜੀ 7 ਸੰਮੇਲਨ ਦੌਰਾਨ ਮੇਰੇ ਦੋਸਤ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਮਿਲ ਕੇ ਚੰਗਾ ਲੱਗਾ | ਉਨ੍ਹਾਂ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਆਪਣੀ ਗੱਲਬਾਤ ਦੀ ਇਕ ਤਸਵੀਰ ਵੀ ਸਾਂਝੀ ਕੀਤੀ |
ਜੀ 7 ਸੰਮੇਲਨ ਲਈ ਅਲਬਰਟਾ ਦੇ ਕੈਨਾਨਾਸਕਿਸ ਪੁੱਜੇ ਮੋਦੀ
ਅਜੀਤ ਡੈਸਕ
18-06-2025