27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਫਾਸਟੈਗ ਆਧਾਰਿਤ 3 ਹਜ਼ਾਰ ਰੁਪਏ ਦਾ ਸਾਲਾਨਾ ਪਾਸ ਜਾਰੀ ਕਰੇਗੀ ਕੇਂਦਰ ਸਰਕਾਰ

ਅਜੀਤ ਡੈਸਕ 19-06-2025

15 ਅਗਸਤ ਤੋਂ ਪ੍ਰਭਾਵੀ ਹੋਵੇਗਾ-ਗਡਕਰੀ
ਜਗਤਾਰ ਸਿੰਘ

ਨਵੀਂ ਦਿੱਲੀ, 18 ਜੂਨ-ਦੇਸ਼ ਭਰ 'ਚ ਇਕ ਨਵੀਂ ਟੋਲ ਨੀਤੀ ਲਿਆਉਣ ਸੰਬੰਧੀ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਨਵੀਂ ਨੀਤੀ ਤਹਿਤ ਦੇਸ਼ ਭਰ 'ਚ ਟੋਲ ਪਲਾਜ਼ਿਆਂ 'ਤੇ ਯਾਤਰਾ ਨੂੰ ਸੌਖਾ ਬਣਾਉਣ ਲਈ ਕਈ ਸਰਕਾਰ ਦੁਆਰਾ ਨਵੀਂਆਂ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਫਾਸਟੈਗ ਆਧਾਰਿਤ ਸਾਲਾਨਾ ਪਾਸ ਜਾਰੀ ਕਰਨ ਦਾ ਐਲਾਨ ਕੀਤਾ ਹੈ | ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਦੇਸ਼ ਭਰ 'ਚ ਸਾਲਾਨਾ ਫਾਸਟੈਗ ਪਾਸ ਨੂੰ ਜਾਰੀ ਕਰਨ ਦਾ ਐਲਾਨ ਕੀਤਾ | ਇਸ ਸਾਲਾਨਾ ਪਾਸ ਲਈ ਉਪਭੋਗਤਾਵਾਂ ਨੂੰ ਸਾਲ ਭਰ 'ਚ ਸਿਰਫ਼ ਇਕੋ ਵਾਰੀ 3000 ਰੁਪਏ ਦੀ ਰਕਮ ਖ਼ਰਚ ਕਰਨੀ ਪਏਗੀ | ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ 15 ਅਗਸਤ, 2025 ਤੋਂ ਪ੍ਰਭਾਵੀ 3,000 ਰੁਪਏ ਦੀ ਕੀਮਤ ਵਾਲਾ ਫਾਸਟੈਗ ਅਧਾਰਿਤ ਸਾਲਾਨਾ ਪਾਸ ਜਾਰੀ ਕਰ ਰਹੀ ਹੈ | ਇਹ ਪਾਸ ਜਾਰੀ ਹੋਣ ਤੋਂ 1 ਸਾਲ ਜਾਂ 200 ਯਾਤਰਾਵਾਂ, ਇਨ੍ਹਾਂ 'ਚੋਂ ਜੋ ਵੀ ਪਹਿਲਾਂ ਆਵੇ, ਤੱਕ ਵੈਧ ਰਹੇਗਾ | ਯਾਨੀ ਜੇਕਰ 1 ਸਾਲ ਤੋਂ ਪਹਿਲਾਂ ਉਪਭੋਗਤਾ ਦੇ 200 ਟਿ੍ਪ ਪੂਰੇ ਹੋ ਜਾਂਦੇ ਹਨ ਤਾਂ ਉਸ ਨੂੰ ਇਸ ਪਾਸ ਦਾ ਮੁੜ ਤੋਂ ਨਵੀਨੀਕਰਨ ਕਰਾਉਣਾ ਪਏਗਾ | ਉਨ੍ਹਾਂ ਕਿਹਾ ਕਿ ਇਹ ਪਾਸ ਵਿਸ਼ੇਸ਼ ਤੌਰ 'ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ, ਇਸ 'ਚ ਵਪਾਰਕ ਵਾਹਨ ਸ਼ਾਮਿਲ ਨਹੀਂ ਹੋਣਗੇ | ਉਨ੍ਹਾਂ ਦੱਸਿਆ ਕਿ ਰਾਜ ਮਾਰਗ ਯਾਤਰਾ ਐਪ 'ਤੇ ਨਵੇਂ ਪਾਸ ਲਈ ਲਿੰਕ ਮਿਲੇਗਾ | ਗਡਕਰੀ ਨੇ ਆਪਣੀ ਪੋਸਟ 'ਚ ਲਿਖਿਆ ਕਿ ਇਕ ਇਤਿਹਾਸਕ ਪਹਿਲ ਤਹਿਤ 15 ਅਗਸਤ, 2025 ਤੋਂ 3000 ਰੁਪਏ ਦੀ ਕੀਮਤ ਵਾਲਾ ਫਾਸਟੈਗ ਆਧਾਰਿਤ ਸਾਲਾਨਾ ਪਾਸ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਫਾਸਟੈਗ ਸਾਲਾਨਾ ਪਾਸ ਦੇ ਜਾਰੀ ਹੋਣ ਤੋਂ ਬਾਅਦ ਰਾਸ਼ਟਰੀ ਰਾਜ ਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਵੇਟਿੰਗ ਟਾਈਮ ਵੀ ਘਟ ਜਾਵੇਗਾ, ਇਸ ਨਾਲ ਭੀੜ ਨੂੰ ਘੱਟ ਕਰਨ ਤੇ ਟੋਲ ਪਲਾਜ਼ਿਆਂ 'ਤੇ ਵਿਵਾਦ ਨੂੰ ਖ਼ਤਮ ਕਰਨ 'ਚ ਮਦਦ ਮਿਲੇਗੀ |

ਪਿਛਲੀ ਖ਼ਬਰ ਭਾਰਤ-ਕੈਨੇਡਾ ਸੰਬੰਧ ਬਹੁਤ ਮਹੱਤਵਪੂਰਨ-ਮੋਦੀ ਅਗਲੀ ਖ਼ਬਰ ਪਾਕਿ ਦੇ ਸਭ ਤੋਂ ਵੱਡੇ ਤਰਬੇਲਾ ਡੈਮ 'ਚ ਖ਼ਤਰਨਾਕ ਪੱਧਰ ਤੱਕ ਡਿਗਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।