• ਪਣ-ਬਿਜਲੀ ਉਤਪਾਦਨ ਤੇ ਪਾਣੀ ਸੁਰੱਖਿਆ ਖ਼ਤਰੇ 'ਚ • ਭਾਰਤ ਨਾਲ ਪਾਣੀ ਦੇ ਮੁੱਦਿਆਂ ਨੂੰ ਹੱਲ ਕਰਨਾ ਬੇਹੱਦ ਜ਼ਰੂਰੀ-ਮਾਹਿਰ
ਸੁਰਿੰਦਰ ਕੋਛੜ
ਅੰਮਿ੍ਤਸਰ, 18 ਜੂਨ-ਪਾਕਿਸਤਾਨ ਦੇ ਸਭ ਤੋਂ ਵੱਡੇ ਬੰਨ੍ਹ ਤਰਬੇਲਾ ਡੈਮ 'ਚ ਪਾਣੀ ਦਾ ਪੱਧਰ ਖ਼ਤਰਨਾਕ ਤੌਰ 'ਤੇ ਡੈੱਡ ਸਟੋਰੇਜ ਪੱਧਰ ਤੱਕ ਡਿਗ ਗਿਆ ਹੈ | ਤਰਬੇਲਾ ਡੈਮ ਦੀ ਪੂਰੀ ਸਟੋਰੇਜ ਸਮਰੱਥਾ 1,550 ਫੁੱਟ ਹੈ ਤੇ ਪਾਣੀ ਦਾ ਪੱਧਰ ਡੈੱਡ ਲੈਵਲ ਤੋਂ ਸਿਰਫ਼ 48 ਫੁੱਟ ਉੱਪਰ ਹੈ, ਜਿਸ ਨਾਲ ਪਣ-ਬਿਜਲੀ ਉਤਪਾਦਨ ਤੇ ਪਾਣੀ ਸੁਰੱਖਿਆ ਦੋਵਾਂ ਲਈ ਖ਼ਤਰਾ ਬਣ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਡੈਮ 'ਚ ਪਾਣੀ ਦੀ ਹੋਰ ਗਿਰਾਵਟ ਨਾਲ ਜਲ ਭੰਡਾਰ ਪਾਣੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਪਲਾਈ ਕਰਨ ਦੇ ਅਯੋਗ ਹੋ ਸਕਦਾ ਹੈ | ਇਸ ਨਾਲ ਸੋਕੇ ਦੇ ਵੀ ਹਾਲਾਤ ਬਣ ਸਕਦੇ ਹਨ | ਦੱਸਣਯੋਗ ਹੈ ਕਿ ਤਰਬੇਲਾ ਡੈਮ ਪਾਕਿ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਸਿੰਧੂ ਨਦੀ 'ਤੇ ਹਰੀਪੁਰ ਤਹਿਸੀਲ 'ਚ ਸਥਿਤ ਹੈ | ਡੈਮ 'ਚ ਪਾਣੀ ਦਾ ਪ੍ਰਵਾਹ 177,400 ਕਿਊਸਿਕ ਹੈ, ਜਦਕਿ ਬਾਹਰੀ ਪ੍ਰਵਾਹ 151,800 ਕਿਊਸਿਕ ਹੈ | ਸੂਬੇ ਦੇ ਸਾਰੇ 17 ਬਿਜਲੀ ਉਤਪਾਦਨ ਯੂਨਿਟਾਂ ਦੇ ਕਾਰਜਸ਼ੀਲ ਹੋਣ ਦੇ ਬਾਵਜੂਦ ਉਹ ਇਸ ਸਮੇਂ ਸਿਰਫ਼ 1,413 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ, ਜੋ ਕਿ ਉਨ੍ਹਾਂ ਦੀ ਕੁੱਲ ਉਤਪਾਦਨ ਸਮਰੱਥਾ 4,888 ਮੈਗਾਵਾਟ ਤੋਂ ਬਹੁਤ ਘੱਟ ਹੈ | ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਤਰਬੇਲਾ ਦੇ ਭੰਡਾਰ 'ਚ ਗਿਰਾਵਟ ਨਾਲ ਪੀਣ ਵਾਲੇ ਪਾਣੀ ਦੀ ਉਪਲੱਬਧਤਾ, ਖੇਤੀਬਾੜੀ ਲਈ ਸਿੰਚਾਈ ਤੇ ਊਰਜਾ ਉਤਪਾਦਨ ਲਈ ਵੱਡੀ ਚੁਣੌਤੀ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਇਹ ਸਥਿਤੀ ਖ਼ਾਸ ਤੌਰ 'ਤੇ ਇਸ ਲਈ ਵੀ ਚਿੰਤਾਜਨਕ ਹੈ, ਕਿਉਂਕਿ ਇਹ ਸੀਜ਼ਨ ਆਮ ਤੌਰ 'ਤੇ ਮੌਨਸੂਨ ਸ਼ੁਰੂ ਹੋਣ ਤੱਕ ਮੰਗ ਨੂੰ ਪੂਰਾ ਕਰਨ ਲਈ ਸਟੋਰ ਕੀਤੇ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਲਦ ਹੀ ਲੋੜੀਂਦੇ ਪ੍ਰਵਾਹ ਦੀ ਵਾਪਸੀ ਤੋਂ ਬਿਨਾਂ ਡੈਮ 'ਰਨ ਆਫ਼ ਰਿਵਰ' ਆਪ੍ਰੇਸ਼ਨਲ ਮੋਡ 'ਚ ਤਬਦੀਲ ਹੋ ਸਕਦਾ ਹੈ, ਜਿਸ ਨਾਲ ਪਾਣੀ ਸਟੋਰ ਕਰਨ ਦੀ ਇਸ ਦੀ ਸਮਰੱਥਾ ਸੀਮਤ ਹੋ ਜਾਵੇਗੀ | ਮਾਹਿਰਾਂ ਨੇ ਕਿਹਾ ਕਿ ਭਾਰਤ ਵਲੋਂ ਡੈਮ ਫਲੱਸ਼ਿੰਗ 'ਚ ਕੀਤਾ ਵਾਧਾ, ਗਲੇਸ਼ੀਅਰ ਪਿਘਲਣ 'ਚ ਕਮੀ ਤੇ ਮੌਨਸੂਨ ਤੋਂ ਪਹਿਲਾਂ ਦੀ ਘੱਟ ਬਾਰਿਸ਼ ਆਦਿ ਕਾਰਨ ਨਦੀਆਂ ਦੇ ਪ੍ਰਵਾਹ ਨੂੰ ਹੋਰ ਘਟਾ ਰਹੇ ਹਨ | ਸਿੰਧੂ ਦਰਿਆ ਪ੍ਰਣਾਲੀ ਅਥਾਰਿਟੀ ਦੇ ਅਨੁਸਾਰ ਜਲ ਭੰਡਾਰਾਂ ਦਾ ਪ੍ਰਵਾਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 15 ਫ਼ੀਸਦੀ ਘੱਟ ਹੈ | ਉਨ੍ਹਾਂ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਸਾਉਣੀ ਦੀ ਫ਼ਸਲ ਦੀ ਬਿਜਾਈ ਨਾਲ ਪਾਣੀ ਦੀ ਉਪਲਬਧਤਾ ਪਹਿਲਾਂ ਹੀ ਤਣਾਅਪੂਰਨ ਹੈ, ਇਸ ਨਾਲ ਕਪਾਹ, ਮੱਕੀ ਤੇ ਗੰਨੇ ਵਰਗੀਆਂ ਮੁੱਖ ਫ਼ਸਲਾਂ ਦੇ ਉਤਪਾਦਨ 'ਚ ਵੀ ਸੰਭਾਵਿਤ ਤੌਰ 'ਤੇ ਕਮੀ ਆ ਸਕਦੀ ਹੈ | ਪਾਕਿ ਅਧਿਕਾਰੀਆਂ ਨੂੰ ਉਮੀਦ ਹੈ ਕਿ ਤੇਜ਼ ਮੌਨਸੂਨ ਜਾਂ ਗਲੇਸ਼ੀਅਰ ਪਿਘਲਣ ਨਾਲ ਪਾਣੀ ਦੀ ਸਪਲਾਈ ਪੂਰੀ ਹੋ ਸਕਦੀ ਹੈ | ਹਾਲਾਂਕਿ, ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਭਾਰਤ ਨਾਲ ਪਾਣੀ ਦੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ ਤੇ ਘਰੇਲੂ ਸਟੋਰੇਜ ਸਮਰੱਥਾ ਨੂੰ ਵਧਾਇਆ ਨਹੀਂ ਜਾਂਦਾ, ਉਦੋਂ ਤੱਕ ਪਾਣੀ ਦੀ ਸਮੱਸਿਆ ਇਸੇ ਤਰ੍ਹਾਂ ਰਹਿ ਸਕਦੀ ਹੈ | ਉੱਧਰ, ਪਾਕਿ ਦੇ ਜਲ ਮਾਹਿਰਾਂ ਤੇ ਊਰਜਾ ਮੰਤਰਾਲੇ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਸਮ ਦੀ ਸਥਿਤੀ ਜਲਦੀ ਨਾ ਸੁਧਰੀ ਤੇ ਬਾਰਿਸ਼ ਸ਼ੁਰੂ ਨਾ ਹੋਈ ਤਾਂ ਪਾਣੀ ਦਾ ਪੱਧਰ ਹੋਰ ਵੀ ਡਿਗ ਸਕਦਾ ਹੈ | ਇਸ ਨਾਲ ਨਾ ਸਿਰਫ਼ ਸਿੰਚਾਈ ਪ੍ਰਭਾਵਿਤ ਹੋਵੇਗੀ, ਸਗੋਂ ਬਿਜਲੀ ਉਤਪਾਦਨ 'ਚ ਵੀ ਵੱਡੀ ਕਮੀ ਆਵੇਗੀ |
ਪਾਕਿ ਦੇ ਸਭ ਤੋਂ ਵੱਡੇ ਤਰਬੇਲਾ ਡੈਮ 'ਚ ਖ਼ਤਰਨਾਕ ਪੱਧਰ ਤੱਕ ਡਿਗਿਆ ਪਾਣੀ
ਅਜੀਤ ਡੈਸਕ
19-06-2025