- ਟਰੰਪ ਨਾਲ ਫੋਨ 'ਤੇ 35 ਮਿੰਟ ਕੀਤੀ ਗੱਲਬਾਤ
- ਕਿਹਾ, ਪਾਕਿਸਤਾਨ ਦੀ ਬੇਨਤੀ 'ਤੇ ਹਮਲੇ ਰੋਕੇ
ਕੈਨਾਨਾਸਕਿਸ (ਕੈਨੇਡਾ), 18 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਭਾਰਤ ਨੇ ਇਸਲਾਮਾਬਾਦ ਦੀ ਬੇਨਤੀ 'ਤੇ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ 'ਤੇ ਹਮਲੇ ਰੋਕੇ ਸਨ ਨਾ ਕਿ ਅਮਰੀਕਾ ਦੀ ਵਿਚੋਲਗੀ ਜਾਂ ਵਪਾਰ ਸਮਝੌਤੇ ਦੀ ਪੇਸ਼ਕਸ਼ ਕਾਰਨ | ਟਰੰਪ ਨਾਲ ਫੋਨ 'ਤੇ ਹੋਈ 35 ਮਿੰਟ ਦੀ ਗੱਲਬਾਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ ਵਿਰੁੱਧ ਭਾਰਤ ਦੁਆਰਾ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ਬਾਰੇ ਜਾਣਕਾਰੀ ਦਿੱਤੀ ਤੇ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਵੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਹੈ ਤੇ ਭਵਿੱਖ 'ਚ ਵੀ ਕਦੇ ਸਵੀਕਾਰ ਨਹੀਂ ਕਰੇਗਾ | ਪਿਛਲੇ ਮਹੀਨੇ ਆਪ੍ਰੇਸ਼ਨ ਸੰਧੂਰ ਦੀ ਸ਼ੁਰੂਆਤ ਤੋਂ ਬਾਅਦ ਟਰੰਪ ਤੇ ਮੋਦੀ ਵਿਚਕਾਰ ਇਹ ਪਹਿਲੀ ਗੱਲਬਾਤ ਸੀ | ਦੋਵਾਂ ਨੇਤਾਵਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਗੱਲ ਕੀਤੀ ਸੀ ਜਦੋਂ ਟਰੰਪ ਨੇ ਅੱਤਵਾਦ ਵਿਰੁੱਧ ਲੜਾਈ 'ਚ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ ਤੇ ਭਾਰਤ ਦਾ ਸਮਰਥਨ ਕੀਤਾ ਸੀ | ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੋਦੀ-ਟਰੰਪ ਫੋਨ ਕਾਲ 'ਤੇ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਆਪ੍ਰੇਸ਼ਨ ਸੰਧੂਰ ਦੇ ਸੰਬੰਧ 'ਚ ਵਪਾਰ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ 'ਤੇ ਚਰਚਾ ਨਹੀਂ ਕੀਤੀ ਗਈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਹੈ ਤੇ ਨਾ ਹੀ ਅਜਿਹੀ ਵਿਚੋਲਗੀ ਨੂੰ ਸਵੀਕਾਰ ਕਰੇਗਾ | ਉਨ੍ਹਾਂ ਕਿਹਾ ਕਿ ਟਰੰਪ ਨੇ ਜੀ 7 ਸੰਮੇਲਨ 'ਚ ਸ਼ਾਮਿਲ ਹੋਣ ਲਈ ਆਏ ਮੋਦੀ ਨੂੰ ਕੈਨੇਡਾ ਤੋਂ ਵਾਪਸੀ ਸਮੇਂ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ | ਹਾਲਾਂਕਿ, ਮੋਦੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਕਾਰਨ ਸੱਦਾ ਸਵੀਕਾਰ ਨਹੀਂ ਕਰ ਸਕਦੇ | ਮੋਦੀ ਨੇ ਟਰੰਪ ਨੂੰ ਕਵਾਡ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ, ਜੋ ਕਿ ਇਸ ਸਾਲ ਦੇ ਅੰਤ 'ਚ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਟਰੰਪ ਨੇ ਮੋਦੀ ਨਾਲ ਗੱਲਬਾਤ ਕਰਨ 'ਤੇ ਜ਼ੋਰ ਦਿੱਤਾ, ਜਿਸ ਤੋਂ ਬਾਅਦ ਫੋਨ ਕਾਲ ਤੈਅ ਕੀਤੀ ਗਈ | ਪ੍ਰਧਾਨ ਮੰਤਰੀ ਦਾ ਟਰੰਪ ਨੂੰ ਸੁਨੇਹਾ ਅਮਰੀਕੀ ਰਾਸ਼ਟਰਪਤੀ ਦੇ ਕਈ ਦਾਅਵਿਆਂ ਦੇ ਮੱਦੇਨਜ਼ਰ ਆਇਆ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਸ਼ਮਣੀ ਨੂੰ ਖਤਮ ਕਰਨਾ ਯਕੀਨੀ ਬਣਾਇਆ ਹੈ, ਜਿਸ ਦਾਅਵੇ ਨੂੰ ਨਵੀਂ ਦਿੱਲੀ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ | ਮੋਦੀ ਨੇ ਸਪੱਸ਼ਟ ਕੀਤਾ ਕਿ ਫ਼ੌਜੀ ਕਾਰਵਾਈ ਰੋਕਣ ਦਾ ਫ਼ੈਸਲਾ ਮੌਜੂਦਾ ਚੈਨਲਾਂ ਦੀ ਵਰਤੋਂ ਕਰਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ 'ਚ ਤੇ ਪਾਕਿਸਤਾਨ ਦੇ ਜ਼ੋਰ 'ਤੇ ਲਿਆ ਗਿਆ ਸੀ | ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਅਗਲੀ ਕਵਾਡ ਮੀਟਿੰਗ ਲਈ ਭਾਰਤ ਆਉਣ ਦਾ ਸੱਦਾ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਸੱਦਾ ਸਵੀਕਾਰ ਕਰ ਲਿਆ ਤੇ ਕਿਹਾ ਕਿ ਉਹ ਭਾਰਤ ਆਉਣ ਲਈ ਉਤਸੁਕ ਹਨ |
ਟਰੰਪ ਨੇ ਭਾਰਤ-ਪਾਕਿ ਜੰਗ ਰੋਕਣ ਦਾ ਦਾਅਵਾ ਫਿਰ ਦੁਹਰਾਇਆ
ਨਿਊਯਾਰਕ/ਵਾਸ਼ਿੰਗਟਨ, (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕਰਨ ਤੋਂ ਕੁਝ ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕ ਦਿੱਤੀ ਸੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਮੋਦੀ ਨੂੰ 'ਇਕ ਸ਼ਾਨਦਾਰ ਆਦਮੀ' ਦੱਸਿਆ | ਉਨ੍ਹਾਂ ਕਿਹਾ ਕਿ ਖੈਰ, ਮੈਂ ਜੰਗ ਰੋਕ ਦਿੱਤੀ ਹੈ... ਮੈਨੂੰ ਪਾਕਿਸਤਾਨ ਨਾਲ ਪਿਆਰ ਹੈ | ਮੈਨੂੰ ਲੱਗਦਾ ਹੈ ਕਿ ਮੋਦੀ ਇਕ ਸ਼ਾਨਦਾਰ ਆਦਮੀ ਹੈ | ਟਰੰਪ ਨੇ ਕਿਹਾ ਉਹ ਭਾਰਤ ਨਾਲ ਇਕ ਵਪਾਰ ਸਮਝੌਤਾ ਕਰਨ ਜਾ ਰਹੇ ਹਾਂ | ਇਸ ਮਗਰੋਂ ਵ੍ਹਾਈਟ ਹਾਊਸ 'ਚ ਟਰੰਪ ਨੇ ਦੁਪਹਿਰ ਦੇ ਖਾਣੇ ਲਈ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਦੀ ਮੇਜ਼ਬਾਨੀ ਕੀਤੀ |