26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਹਾਈ ਕਮਿਸ਼ਨਰਾਂ ਦੀ ਤੁਰੰਤ ਬਹਾਲੀ ਲਈ ਸਹਿਮਤ ਹੋਏ ਭਾਰਤ ਤੇ ਕੈਨੇਡਾ

ਅਜੀਤ ਡੈਸਕ 19-06-2025

ਜੀ 7 ਸੰਮੇਲਨ ਦੌਰਾਨ ਮੋਦੀ ਵਲੋਂ ਮਾਰਕ ਕਾਰਨੀ ਨਾਲ ਮੁਲਾਕਾਤ
ਸਤਪਾਲ ਸਿੰਘ ਜੌਹਲ

ਟੋਰਾਂਟੋ, 18 ਜੂਨ- ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਹੈ ਕਿ ਭਾਰਤ ਤੇ ਕੈਨੇਡਾ ਇਕ-ਦੂਜੇ ਦੀਆਂ ਰਾਜਧਾਨੀਆਂ 'ਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਸਹਿਮਤ ਹੋਏ ਹਨ, ਜੋ ਕਿ 'ਬਹੁਤ ਮਹੱਤਵਪੂਰਨ ਰਿਸ਼ਤੇ' 'ਚ ਸਥਿਰਤਾ ਬਹਾਲ ਕਰਨ ਲਈ ਤੇਜ਼ੀ ਨਾਲ ਚੁੱਕਿਆ ਗਿਆ ਅਹਿਮ ਕਦਮ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਦੀ ਇੱਥੇ ਕੈਨਾਨਾਸਕਿਸ 'ਚ ਜੀ 7 ਸੰਮੇਲਨ ਮੌਕੇ ਬਹੁਤ ਸਕਾਰਾਤਮਕ ਤੇ ਰਚਨਾਤਮਕ ਮੀਟਿੰਗ ਹੋਈ | ਮਿਸਰੀ ਨੇ ਇਕ ਵੀਡੀਓ ਬਿਆਨ 'ਚ ਕਿਹਾ ਕਿ ਮੀਟਿੰਗ 'ਚ ਭਾਰਤ-ਕੈਨੇਡਾ ਸੰਬੰਧਾਂ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ, ਜੋ ਸਾਂਝੇ ਮੁੱਲਾਂ, ਲੋਕਤੰਤਰ ਤੇ ਕਾਨੂੰਨ ਦੇ ਰਾਜ, ਲੋਕਾਂ ਤੋਂ ਲੋਕਾਂ ਦੇ ਸੰਪਰਕ ਤੇ ਹੋਰ ਬਹੁਤ ਸਾਰੀਆਂ ਸਮਾਨਤਾਵਾਂ 'ਤੇ ਅਧਾਰਿਤ ਹੈ | ਉਨ੍ਹਾਂ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ ਇਸ ਬਹੁਤ ਮਹੱਤਵਪੂਰਨ ਰਿਸ਼ਤੇ 'ਚ ਸਥਿਰਤਾ ਬਹਾਲ ਕਰਨ ਲਈ ਤੇਜ਼ ਕਦਮ ਚੁੱਕਣ ਲਈ ਸਹਿਮਤ ਹੋਏ ਤੇ ਇਨ੍ਹਾਂ ਕਦਮਾਂ 'ਚੋਂ ਪਹਿਲਾਂ ਜਿਸ 'ਤੇ ਸਹਿਮਤੀ ਹੋਈ ਸੀ ਉਹ ਸੀ ਇਕ-ਦੂਜੇ ਦੀਆਂ ਰਾਜਧਾਨੀਆਂ 'ਚ ਹਾਈ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨਾ | ਹੋਰ ਕੂਟਨੀਤਕ ਕਦਮ ਇਸ ਤੋਂ ਬਾਅਦ ਆਉਣਗੇ | ਸਮੇਂ ਨਾਲ ਦੋਵੇਂ ਪ੍ਰਧਾਨ ਮੰਤਰੀ ਵਪਾਰ, ਲੋਕਾਂ ਤੋਂ ਲੋਕਾਂ ਤੱਕ ਸੰਪਰਕ ਤੇ ਸੰਬੰਧਿਤ ਕਈ ਖੇਤਰਾਂ 'ਚ ਸੀਨੀਅਰ ਤੇ ਕਾਰਜਕਾਰੀ ਪੱਧਰ ਦੇ ਵਿਚਾਰ-ਵਟਾਂਦਰੇ ਮੁੜ ਸ਼ੁਰੂ ਕਰਨ 'ਤੇ ਵੀ ਸਹਿਮਤ ਹੋਏ, ਜਿਸ ਦਾ ਉਦੇਸ਼ ਸੰਬੰਧਾਂ ਨੂੰ ਹੋਰ ਗਤੀ ਦੇਣਾ ਹੈ | ਪਿਛਲੇ ਸਾਲ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ਪੰਜ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ, ਜਦੋਂ ਓਟਾਵਾ ਨੇ ਉਨ੍ਹਾਂ ਨੂੰ ਖਾਲਿਸਤਾਨੀ ਪੱਖੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ | ਭਾਰਤ ਨੇ ਬਰਾਬਰ ਗਿਣਤੀ 'ਚ ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਸੀ | ਮੰਗਲਵਾਰ ਦੀ ਮੀਟਿੰਗ 'ਚ ਦੋਵਾਂ ਨੇਤਾਵਾਂ ਨੇ ਊਰਜਾ, ਤਕਨਾਲੋਜੀ, ਡਿਜੀਟਲ ਬੁਨਿਆਦੀ ਢਾਂਚਾ, ਏ.ਆਈ., ਖੁਰਾਕ ਸੁਰੱਖਿਆ, ਮਹੱਤਵਪੂਰਨ ਖਣਿਜ ਤੇ ਸਪਲਾਈ ਚੇਨਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ 'ਤੇ ਸੰਭਾਵੀ ਸਹਿਯੋਗ 'ਤੇ ਚਰਚਾ ਕੀਤੀ | ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ, ਜੋ ਇਸ ਸਮੇਂ ਰੁਕੀ ਹੋਈ ਹੈ, ਦੇ ਮੱਦੇਨਜ਼ਰ ਦੋਵਾਂ ਨੇਤਾਵਾਂ ਨੇ ਆਪਣੇ ਅਧਿਕਾਰੀਆਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਕਰਨ ਲਈ ਨਿਰਦੇਸ਼ ਦੇਣ ਦਾ ਵੀ ਫ਼ੈਸਲਾ ਕੀਤਾ | ਮਿਸਰੀ ਨੇ ਇਹ ਵੀ ਕਿਹਾ ਕਿ ਦੋਵੇਂ ਨੇਤਾ ਸੰਪਰਕ 'ਚ ਰਹਿਣ ਤੇ ਜਲਦੀ ਤੋਂ ਜਲਦੀ ਇਕ ਵਾਰ ਫਿਰ ਮਿਲਣ ਲਈ ਸਹਿਮਤ ਹੋਏ | ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕਾਰਨੀ ਤੇ ਮੋਦੀ ਨੇ ਆਪਸੀ ਸਤਿਕਾਰ, ਕਾਨੂੰਨ ਦੇ ਰਾਜ ਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ 'ਤੇ ਆਧਾਰਿਤ ਕੈਨੇਡਾ-ਭਾਰਤ ਸੰਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ | ਬਿਆਨ 'ਚ ਕਿਹਾ ਗਿਆ ਹੈ ਕਿ ਨੇਤਾ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਕਾਰੋਬਾਰਾਂ ਨੂੰ ਨਿਯਮਿਤ ਸੇਵਾਵਾਂ 'ਤੇ ਵਾਪਸ ਆਉਣ ਦੇ ਉਦੇਸ਼ ਨਾਲ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ 'ਤੇ ਸਹਿਮਤ ਹੋਏ | ਜ਼ਿਕਰਯੋਗ ਹੈ ਕਿ ਮਾਰਕ ਕਾਰਨੀ ਨੇ ਦੇਸ਼ ਦੀ ਵਾਗਡੋਰ ਸੰਭਾਲਣ ਉਪਰੰਤ ਭਾਰਤ ਨਾਲ਼ ਸੰਬੰਧ ਸੁਧਾਰਨ ਵੱਲ• ਕਦਮ ਵਧਾਉਣ ਦਾ ਫ਼ੈਸਲਾ ਕਰਦਿਆਂ ਸੰਕੇਤ ਦਿੱਤਾ ਹੈ ਕਿ ਦੁਵੱਲੇ ਮਸਲੇ ਹੱਲ ਕਰਨ ਦਾ ਮਾਹÏਲ ਬਣਾਉਣ ਲਈ ਆਪਸ 'ਚ ਮਿਲ਼ ਕੇ ਬੈਠਣਾ ਜ਼ਰੂਰੀ ਹੈ | ਪਤਾ ਲੱਗਾ ਹੈ ਕਿ ਬੀਤੇ ਸਮੇਂ ਦੀ ਕੁੜੱਤਣ ਤੋਂ ਦੋਵਾਂ ਧਿਰਾਂ ਨੇ ਕੁਝ ਸਬਕ ਸਿੱਖੇ ਹਨ | ਕੈਨੇਡਾ ਤੇ ਭਾਰਤ ਵਿਚਕਾਰ ਜਾਣਕਾਰੀਆਂ ਸਾਂਝੀਆਂ ਕਰਨ ਲਈ ਸਹਿਮਤੀ ਵੀ ਬਣੀ ਹੈ, ਜਿਸ ਦੀ ਮਦਦ ਨਾਲ਼ ਵਿਦੇਸ਼ੀ ਦਖ਼ਲ ਬਾਰੇ ਕੇਸਾਂ ਦੀ ਪੜਤਾਲ਼ 'ਚ ਤੇਜੀ ਲਿਆਂਦੀ ਜਾ ਸਕੇਗੀ |
ਨਿੱਝਰ ਮਾਮਲੇ 'ਤੇ ਹੋਰ ਟਿੱਪਣੀਆਂ ਬਾਰੇ ਸਾਵਧਾਨ ਰਹਿਣ ਦੀ ਲੋੜ-ਮਾਰਕ ਕਾਰਨੀ

ਕਨਾਨਾਸਕਿਸ (ਕੈਨੇਡਾ), (ਪੀ.ਟੀ.ਆਈ.)-ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡੀਅਨ ਨਾਗਰੀਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੋਈ ਵੀ ਟਿੱਪਣੀ ਦੇਣ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਇਸ ਮਾਮਲੇ 'ਚ ਇਕ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ | ਕਾਰਨੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਮੰਗਲਵਾਰ ਨੂੰ ਜੀ 7 ਸੰਮੇਲਨ ਦੌਰਾਨ ਨਿੱਝਰ ਦੀ ਹੱਤਿਆ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਗੱਲਬਾਤ ਕੀਤੀ ਸੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਮੈਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਸਿੱਧੇ ਸਹਿਯੋਗ 'ਤੇ ਚਰਚਾ ਕੀਤੀ ਅਤੇ ਸਪੱਸ਼ਟ ਤੌਰ 'ਤੇ ਇਕ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ ਤੇ ਮੈਨੂੰ ਹੋਰ ਟਿੱਪਣੀਆਂ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ |

ਪਿਛਲੀ ਖ਼ਬਰ ਖਾਮੇਨੇਈ ਵਲੋਂ ਆਤਮ ਸਮਰਪਣ ਤੋਂ ਇਨਕਾਰ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਅਗਲੀ ਖ਼ਬਰ ਭਾਰਤ ਨੇ ਕਦੇ ਵੀ ਤੀਜੀ ਧਿਰ ਦੀ ਵਿਚੋਲਗੀ ਨਹੀਂ ਸਵੀਕਾਰੀ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।