ਇਜ਼ਰਾਈਲੀ ਹਮਲਿਆਂ 'ਚ 600 ਤੋਂ ਵੱਧ ਮੌਤਾਂ
ਯੇਰੂਸਲਮ/ਨਿਊਯਾਰਕ, 18 ਜੂਨ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਲਈ ਕਹਿਣ ਤੋਂ ਕੁਝ ਘੰਟੇ ਬਾਅਦ ਇਸਲਾਮੀ ਗਣਰਾਜ ਨੇ ਹਾਈਪਰਸੋਨਿਕ ਮਿਜ਼ਾਈਲਾਂ ਫਤਾਹ-1 ਇਜ਼ਰਾਈਲ 'ਤੇ ਦਾਗ ਕੇ ਆਪਣਾ ਜਵਾਬ ਦਿੱਤਾ | ਹਾਲਾਂਕਿ, ਇਸ ਹਮਲੇ ਤੋਂ ਬਾਅਦ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ | ਈਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਖਾਮੇਨੇਈ ਨੇ ਕਿਹਾ ਕਿ ਈਰਾਨ ਟਰੰਪ ਦੀ ਮੰਗ ਅਨੁਸਾਰ ਕਦੇ ਵੀ ਆਤਮ ਸਮਰਪਣ ਨਹੀਂ ਕਰੇਗਾ ਤੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਦਖ਼ਲ ਦਿੰਦਾ ਹੈ ਤਾਂ ਉਸ ਨੂੰ ਨਾ ਪੂਰਨਯੋਗ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ | ਇਸ ਦੌਰਾਨ ਇਜ਼ਰਾਈਲੀ ਮੰਤਰੀਆਂ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਈਰਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ | ਉਨ੍ਹਾਂ 'ਆਪਰੇਸ਼ਨ ਰਾਈਜ਼ਿੰਗ ਲਾਇਨ' ਨੂੰ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਤੱਕ ਜਾਰੀ ਰੱਖਣ ਦਾ ਵਾਅਦਾ ਕੀਤਾ | ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ 'ਐਕਸ' 'ਤੇ ਇਸਲਾਮੀ ਰਾਸ਼ਟਰ 'ਚ ਸ਼ਾਸਨ ਤਬਦੀਲੀ ਦੀ ਸੰਭਾਵਨਾ ਵੱਲ ਵੀ ਸੰਕੇਤ ਦਿੱਤਾ | ਇਜ਼ਰਾਈਲੀ ਲੜਾਕੂ ਜਹਾਜ਼ਾਂ ਵਲੋਂ ਤਹਿਰਾਨ 'ਤੇ ਲਗਾਤਾਰ ਹਮਲੇ ਜਾਰੀ ਹਨ, ਜਿਸ ਕਾਰਨ ਹੁਣ ਤੱਕ ਦੇ ਟਕਰਾਅ ਦਰਮਿਆਨ 600 ਤੋਂ ਵੱਧ ਦੀ ਮੌਤ, ਜਦਕਿ 1400 ਦੇ ਕਰੀਬ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਇਜ਼ਰਾਈਲੀ ਫ਼ੌਜ ਨੇ ਕਿਹਾ ਕਿ 50 ਤੋਂ ਵੱਧ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਵਲੋਂ ਕੀਤੇ ਗਏ ਹਮਲਿਆਂ 'ਚ ਉਨ੍ਹਾਂ ਪੱਛਮੀ ਈਰਾਨ ਦੇ ਕਰਮਾਨਸ਼ਾਹ ਖੇਤਰ 'ਚ ਇਕ ਬੇਸ 'ਤੇ 5 ਈਰਾਨੀ ਏ.ਐਚ.-1 ਹਮਲਾਵਰ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ | ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਕੀਤੇ ਗਏ ਇਜ਼ਰਾਈਲੀ ਹਮਲਿਆਂ 'ਚ ਰਾਜਧਾਨੀ ਤਹਿਰਾਨ ਦੇ ਬਾਹਰ ਕਰਜ ਵਿਖੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਲਈ ਸੈਂਟਰੀਫਿਊਜ਼ ਹਿੱਸਿਆਂ ਦੇ ਨਿਰਮਾਣ ਸਥਾਨ ਵਾਲੀਆਂ 2 ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ | ਟਰੰਪ ਨੇ ਆਪਣੇ ਟਰੂਥ ਸੋਸ਼ਲ ਐਪ 'ਤੇ ਪੋਸਟ ਕਰਕੇ ਕਿਹਾ ਕਿ ਅਮਰੀਕਾ ਦਾ ਈਰਾਨ ਦੇ ਅਸਮਾਨਾਂ 'ਤੇ ਪੂਰਾ ਕੰਟਰੋਲ ਹੈ ਈਰਾਨ ਕੋਲ ਚੰਗੇ ਸਕਾਈ ਟਰੈਕਰ ਤੇ ਹੋਰ ਰੱਖਿਆਤਮਕ ਉਪਕਰਣ ਜ਼ਰੂਰ ਹਨ ਪਰ ਫਿਰ ਵੀ ਇਹ ਅਮਰੀਕੀ-ਨਿਰਮਿਤ ਉਪਕਰਣਾਂ ਤੋਂ ਬਿਹਤਰ ਨਹੀਂ | ਇਸ ਦੌਰਾਨ ਰੂਸ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਈਰਾਨ ਵਿਰੁੱਧ ਇਜ਼ਰਾਈਲ ਦੀ ਕਿਸੇ ਵੀ ਤਰਾਂ ਦੀ ਮਦਦ ਨਾ ਕੀਤੀ ਜਾਵੇ | ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਨੂੰ ਸਿੱਧੀ ਅਮਰੀਕੀ ਫ਼ੌਜੀ ਸਹਾਇਤਾ ਮੱਧ ਪੂਰਬ 'ਚ ਸਥਿਤੀ ਨੂੰ ਮੂਲ ਰੂਪ 'ਚ ਅਸਥਿਰ ਕਰ ਸਕਦੀ ਹੈ |
ਖਾਮੇਨੇਈ ਵਲੋਂ ਆਤਮ ਸਮਰਪਣ ਤੋਂ ਇਨਕਾਰ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ
ਅਜੀਤ ਡੈਸਕ
19-06-2025