• ਜਵਾਬੀ ਕਾਰਵਾਈ 'ਚ ਈਰਾਨ ਦੇ ਅਰਕ ਹੈਵੀ ਵਾਟਰ ਰਿਐਕਟਰ ਨੂੰ ਬਣਾਇਆ ਨਿਸ਼ਾਨਾ • ਰੂਸ ਵਲੋਂ ਵਿਚੋਲਗੀ ਦੀ ਪੇਸ਼ਕਸ਼
ਤਲ ਅਵੀਵ/ਸੇਂਟ ਪੀਟਰਸਬਰਗ, 19 ਜੂਨ (ਏਜੰਸੀ)-ਅੱਜ ਸਵੇਰੇ ਈਰਾਨ ਵਲੋਂ ਦਾਗੀਆਂ ਮਿਜ਼ਾਈਲਾਂ ਨਾਲ ਇਜ਼ਰਾਈਲ ਦਾ ਸਭ ਤੋਂ ਵੱਡਾ ਹਸਪਤਾਲ ਤਬਾਹ ਹੋ ਗਿਆ | ਈਰਾਨ ਵਲੋਂ ਦਾਗੀ ਇਕ ਮਿਜ਼ਾਈਲ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ 'ਸੋਰੋਕਾ ਮੈਡੀਕਲ ਸੈਂਟਰ', ਜਿਸ ਦੀ ਸਮਰੱਥਾ 1000 ਬਿਸਤਰਿਆਂ ਦੀ ਹੈ, 'ਤੇ ਡਿੱਗੀ, ਜਿਸ ਕਾਰਨ ਵਿਆਪਕ ਨੁਕਸਾਨ ਹੋਇਆ ਤੇ ਦਰਜਨਾਂ ਲੋਕਾਂ ਦੇ ਇਸ ਹਮਲੇ 'ਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਈਰਾਨ ਨੇ ਆਪਣੇ ਹਮਲੇ 'ਚ 'ਮਲਟੀਪਲ ਵਾਰਹੈਡਾਂ' ਵਾਲੀ ਮਿਜ਼ਾਈਲ ਦੀ ਵਰਤੋਂ ਕੀਤੀ, ਜਿਸ ਨਾਲ ਉਸ ਨੂੰ ਰੱਖਿਆ ਲਈ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ | ਇਕ 'ਵਾਰਹੈਡ' ਨੂੰ ਟਰੈਕ ਕਰਨ ਦੀ ਬਜਾਏ 'ਮਲਟੀਪਲ ਵਾਰਹੈਡਾਂ' ਵਾਲੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਦੀ 'ਆਇਰਨ ਡੋਮ' ਵਰਗੀ ਹਵਾਈ ਰੱਖਿਆ ਪ੍ਰਣਾਲੀ ਲਈ ਵਧੇਰੇ ਮੁਸ਼ਕਲ ਚੁਣੌਤੀ ਪੈਦਾ ਕੀਤੀ ਹੈ | ਇਜ਼ਰਾਈਲੀ ਮੈਡੀਕਲ ਸਹੂਲਤ ਦੇ ਅਨੁਸਾਰ ਹੋਰ ਮਿਜ਼ਾਈਲਾਂ ਨੇ ਤਲ ਅਵੀਵ ਦੇ ਨੇੜੇ ਇਕ ਉੱਚੀ ਇਮਾਰਤ ਤੇ ਕਈ ਹੋਰ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ | ਇਜ਼ਰਾਈਲ ਦੇ ਸਿਹਤ ਮੰਤਰਾਲੇ ਅਨੁਸਾਰ ਈਰਾਨੀ ਮਿਜ਼ਾਈਲਾਂ ਨਾਲ ਘੱਟੋ-ਘੱਟ 240 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਚਾਰ ਗੰਭੀਰ ਹਨ | ਇਸ ਦੌਰਾਨ ਇਜ਼ਰਾਈਲ ਨੇ ਵੀ ਇਕ ਜਵਾਬੀ ਕਰਵਾਈ ਕਰਦੇ ਹੋਏ ਈਰਾਨ ਦੇ ਅਰਕ ਹੈਵੀ ਵਾਟਰ ਰਿਐਕਟਰ 'ਤੇ ਹਮਲੇ ਕੀਤੇ | ਇਸ ਹਮਲੇ ਨੇ ਪਲੂਟੋਨੀਅਮ ਉਤਪਾਦਨ ਲਈ ਤਿਆਰ ਕੀਤੇ ਗਏ ਹਿੱਸੇ ਨੂੰ ਨਿਸ਼ਾਨਾ ਬਣਾਇਆ, ਤਾਂ ਜੋ ਰਿਐਕਟਰ ਨੂੰ ਬਹਾਲ ਹੋਣ ਅਤੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਲਈ ਵਰਤੇ ਜਾਣ ਤੋਂ ਰੋਕਿਆ ਜਾ ਸਕੇ | ਵਾਸ਼ਿੰਗਟਨ ਸਥਿਤ ਇਕ ਈਰਾਨੀ ਮਨੁੱਖੀ ਅਧਿਕਾਰ ਸਮੂਹ ਅਨੁਸਾਰ ਹੁਣ ਤੱਕ ਦੇ ਸੰਘਰਸ਼ ਦੌਰਾਨ ਈਰਾਨ 'ਚ ਘੱਟੋ-ਘੱਟ 650 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ 'ਚ 263 ਨਾਗਰਿਕ ਸ਼ਾਮਿਲ ਹਨ ਤੇ 1,300 ਤੋਂ ਵੱਧ ਜ਼ਖਮੀ ਹੋਏ ਹਨ, ਜਦਕਿ ਈਰਾਨੀ ਹਮਲੇ 'ਚ ਮਾਰੇ ਗਏ ਇਜ਼ਰਾਈਲੀਆਂ ਦੀ ਗਿਣਤੀ ਘੱਟੋ-ਘੱਟ 24 ਹੈ ਤੇ ਸੈਂਕੜੇ ਜ਼ਖਮੀ ਹੋਏ ਹਨ | ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਨੂੰ ਖ਼ਤਮ ਕਰਨ ਲਈ ਵਿਚੋਲਗੀ ਕਰਨ 'ਚ ਮਦਦ ਦੀ ਪੇਸ਼ਕਸ਼ ਕੀਤੀ ਤੇ ਸੁਝਾਅ ਦਿੱਤਾ ਕਿ ਮਾਸਕੋ ਇਕ ਅਜਿਹੇ ਸਮਝੌਤੇ 'ਤੇ ਗੱਲਬਾਤ ਕਰਨ 'ਚ ਮਦਦ ਕਰ ਸਕਦਾ ਹੈ ਜੋ ਇਜ਼ਰਾਈਲੀ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਤਹਿਰਾਨ ਨੂੰ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਆਗਿਆ ਦੇ ਸਕੇ |
ਈਰਾਨੀ ਹਮਲੇ 'ਚ ਇਜ਼ਰਾਈਲ ਦਾ ਸਭ ਤੋਂ ਵੱਡਾ ਹਸਪਤਾਲ ਤਬਾਹ
ਅਜੀਤ ਡੈਸਕ
20-06-2025