ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਨਾਲ 48 ਘੰਟਿਆਂ ਦੀ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ | ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਝੜਪਾਂ ਦੇ ਵਿਚਕਾਰ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਹੋਰ ਵੀ ਨੁਕਸਾਨ ਹੋਇਆ ਹੈ | ਦੱਸਣਯੋਗ ਹੈ ਕਿ ਤਾਜ਼ਾ ਤਲਖ਼ੀਆਂ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਆਵਾਜਾਈ ਅਤੇ ਵਪਾਰ ਮੁਕੰਮਲ ਤੌਰ 'ਤੇ ਬੰਦ ਹੈ ਅਤੇ ਦੋਵੇਂ ਮੁਲਕਾਂ ਵਲੋਂ ਇਕ-ਦੂਜੇ ਖ਼ਿਲਾਫ਼ ਤਿੱਖੇ ਬਿਆਨ ਜਾਰੀ ਕੀਤੇ ਜਾ ਰਹੇ ਹਨ | ਪਾਕਿਸਤਾਨੀ ਮੀਡੀਆ ਨੇ ਵਿਦੇਸ਼ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਤਾਲਿਬਾਨ ਦੀ ਬੇਨਤੀ 'ਤੇ ਪਾਕਿਸਤਾਨੀ ਸਰਕਾਰ ਅਤੇ ਅਫ਼ਗਾਨ ਤਾਲਿਬਾਨ ਸ਼ਾਸਨ ਵਿਚਕਾਰ ਅੱਜ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਲਈ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਇਕ ਅਸਥਾਈ ਜੰਗਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ | ਵਿਦੇਸ਼ ਦਫ਼ਤਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਦੋਵੇਂ ਧਿਰਾਂ ਰਚਨਾਤਮਿਕ ਗੱਲਬਾਤ ਰਾਹੀਂ ਇਸ ਗੁੰਝਲਦਾਰ ਪਰ ਹੱਲ ਹੋਣ ਯੋਗ ਮੁੱਦੇ ਦਾ ਸਾਕਾਰਾਤਮਿਕ ਹੱਲ ਲੱਭਣ ਲਈ ਇਮਾਨਦਾਰ ਯਤਨ ਕਰਨਗੀਆਂ | ਅਫ਼ਗਾਨਿਸਤਾਨ ਦੀ ਸਰਕਾਰ ਵਲੋਂ ਇਸ ਸਮਝੌਤੇ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਗਈ |