26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

9ਵੇਂ ਦਿਨ ਪੋਸਟਮਾਰਟਮ ਉਪਰੰਤ ਵਾਈ. ਪੂਰਨ ਕੁਮਾਰ ਦਾ ਅੰਤਿਮ ਸੰਸਕਾਰ

ਅਜੀਤ ਡੈਸਕ 16-10-2025

•ਦੋ ਧੀਆਂ ਤੇ ਭਤੀਜੇ ਨੇ ਦਿਖਾਈ ਅਗਨੀ •ਡੀ.ਜੀ.ਪੀ. ਨੂੰ ਛੁੱਟੀ 'ਤੇ ਭੇਜਣ ਉਪਰੰਤ ਮੰਨਿਆ ਪਰਿਵਾਰ
ਚੰਡੀਗੜ੍ਹ, 15 ਅਕਤੂਬਰ (ਕਪਿਲ ਵਧਵਾ)-ਮਰਹੂਮ ਆਈ. ਪੀ. ਐਸ. ਵਾਈ. ਪੂਰਨ ਕੁਮਾਰ ਦੀ ਮਿ੍ਤਕ ਦੇਹ ਦਾ ਅੱਜ ਪੋਸਟਮਾਰਟਮ ਕਰਵਾਉਣ ਉਪਰੰਤ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | 7 ਅਕਤੂਬਰ ਨੂੰ ਪੂਰਨ ਕੁਮਾਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ 9ਵੇਂ ਦਿਨ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦਿੱਤੀ | ਅਧਿਕਾਰੀ ਦੀ ਮਿ੍ਤਕ ਦੇਹ ਜੋ ਕਿ ਪਹਿਲਾਂ ਹੀ ਪੀ. ਜੀ. ਆਈ. ਵਿਖੇ ਰਖਵਾ ਦਿੱਤੀ ਗਈ ਸੀ, ਦਾ ਬਲਿਸਟਿਕ ਮਾਹਿਰਾਂ ਅਤੇ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕੀਤਾ ਗਿਆ | ਜਿਸ ਤੋਂ ਬਾਅਦ ਉਨ੍ਹਾਂ ਦੀ ਦੇਹ ਚੰਡੀਗੜ੍ਹ ਦੇ ਸੈਕਟਰ-24 ਵਿਚਲੀ ਸਰਕਾਰੀ ਰਿਹਾਇਸ਼ ਵਿਖੇ ਲਿਜਾਈ ਗਈ | ਜਿੱਥੋਂ ਉਨ੍ਹਾਂ ਦੀ ਲਾਸ਼ ਨੂੰ ਪੂਰੇ ਮਾਣ-ਸਨਮਾਨ ਨਾਲ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ | ਅੰਤਿਮ ਵਿਦਾਇਗੀ ਮੌਕੇ ਅਧਿਕਾਰੀ ਦੀ ਪਤਨੀ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਨੂੰ ਦਿਲਾਸਾ ਦੇਣ ਲਈ ਹਰਿਆਣਾ ਦੀ ਅਫ਼ਸਰਸ਼ਾਹੀ ਤੋਂ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਏ. ਸੀ. ਐੱਸ. ਗ੍ਰਹਿ ਸੁਮਿਤਾ ਮਿਸ਼ਰਾ, ਨਵ-ਨਿਯੁਕਤ ਡੀ. ਜੀ. ਪੀ. ਓ. ਪੀ. ਸਿੰਘ, ਡੀ. ਜੀ. ਪੀ. ਮੁਹੰਮਦ ਅਕੀਲ, ਏ. ਡੀ. ਜੀ. ਪੀ. ਅਲੋਕ ਮਿੱਤਲ ਅਤੇ ਹਰਿਆਣਾ ਮੰਤਰੀ ਮੰਤਰੀ ਮੰਡਲ 'ਚੋਂ ਪਸ਼ੂ-ਪਾਲਣ ਮੰਤਰੀ ਸ਼ਯਾਮ ਸਿੰਘ ਰਾਣਾ, ਪੰਚਾਇਤ ਮੰਤਰੀ ਕਿ੍ਸ਼ਨ ਲਾਲ ਪਵਾਰ ਸਮੇਤ ਕਈ ਵਿਧਾਇਕ ਅਤੇ ਸੀਨੀਅਰ ਅਧਿਕਾਰੀ ਵੀ ਸ਼ਮਸ਼ਾਨ ਘਾਟ ਪਹੁੰਚੇ | ਸ਼ਾਮ ਕਰੀਬ 4 ਵਜੇ ਉਨ੍ਹਾਂ ਦੀ ਲਾਸ਼ ਨੂੰ ਪੁਲਿਸ ਸੁਰੱਖਿਆ ਵਿਚ ਸ਼ਮਸ਼ਾਨ ਘਾਟ ਲਿਆਂਦਾ ਗਿਆ, ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਲੋਕ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਲੋਕਾਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਸੈਂਕੜੇ ਜਵਾਨ ਤਾਇਨਾਤ ਕੀਤੇ ਗਏ ਸਨ | ਇਸ ਮੌਕੇ 'ਤੇ ਮਰਹੂਮ ਅਧਿਕਾਰੀ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਸ਼ਰਧਾਂਜਲੀ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਪਹੁੰਚੇ ਸਨ | ਅਧਿਕਾਰੀ ਦੀ ਮੌਤ 'ਤੇ ਉਨ੍ਹਾਂ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਪਰਿਵਾਰ ਨੂੰ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ | ਇਸ ਮੌਕੇ ਚੰਡੀਗੜ੍ਹ ਪੁਲਿਸ ਦੇ ਡੀ. ਜੀ. ਪੀ. ਸਾਗਰਪ੍ਰੀਤ ਹੁੱਡਾ, ਆਈ. ਜੀ. ਪੁਸ਼ਪੇਂਦਰ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਆਈ. ਪੀ. ਐੱਸ. ਅਧਿਕਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ | ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਲਈ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਜਵਾਨਾਂ ਵਲੋਂ 'ਗਾਰਡ ਆਫ ਆਨਰ' ਨਾਲ ਸ਼ਰਧਾਂਜਲੀ ਦਿੱਤੀ ਗਈ | ਆਈ. ਪੀ. ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੀ ਦੋ ਧੀਆਂ ਅਤੇ ਭਤੀਜੇ ਨੇ ਅੰਤਿਮ ਅਗਨੀ ਦਿਖਾਈ ਜਿਸ ਤੋਂ ਬਾਅਦ ਸਸਕਾਰ ਦੀਆਂ ਬਾਕੀ ਰਸਮਾਂ ਲਈ ਪਰਿਵਾਰ ਸੈਕਟਰ-24 ਵਿਖੇ ਵਾਪਸ ਪਰਤ ਗਿਆ |
ਏ.ਐਸ.ਆਈ. ਸੰਦੀਪ ਕੁਮਾਰ ਖ਼ੁਦਕੁਸ਼ੀ ਮਾਮਲੇ 'ਚ ਚਾਰ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ, (ਯੂ.ਐਨ.ਆਈ.)-ਹਰਿਆਣਾ ਦੇ ਰੋਹਤਕ 'ਚ ਏ.ਐਸ.ਆਈ. ਸੰਦੀਪ ਕੁਮਾਰ ਲਾਠਰ ਦੀ ਖੁਦਕੁਸ਼ੀ ਸੰਬੰਧੀ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਜਿਸ ਵਿਚ ਚਾਰ ਵਿਅਕਤੀਆਂ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ 'ਚ ਆਈ.ਏ.ਐਸ. ਅਧਿਕਾਰੀ ਅਮਨੀਤ ਪੀ. ਕੁਮਾਰ (ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਤਨੀ), ਅਤੇ ਉਨ੍ਹਾਂ ਦੇ ਭਰਾ ਪੰਜਾਬ ਤੋਂ 'ਆਪ' ਵਿਧਾਇਕ ਅਮਿਤ ਰਤਨ ਸ਼ਾਮਿਲ ਹਨ | ਉਨ੍ਹਾਂ ਤੋਂ ਇਲਾਵਾ ਐਫ.ਆਈ.ਆਰ. 'ਚ ਪੂਰਨ ਕੁਮਾਰ ਦਾ ਗੰਨਮੈਨ ਸੁਸ਼ੀਲ ਅਤੇ ਉਨ੍ਹਾਂ ਦੇ ਸਾਥੀ ਸੁਨੀਲ ਦਾ ਵੀ ਨਾਂਅ ਹੈ | ਉਕਤ ਕਾਰਵਾਈ ਤੋਂ ਬਾਅਦ ਏ.ਐਸ.ਆਈ. ਸੰਦੀਪ ਕੁਮਾਰ ਦਾ ਪਰਿਵਾਰ ਹੁਣ ਉਨ੍ਹਾਂ ਦੇ ਮਿ੍ਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਲਈ ਮੰਨ ਗਿਆ ਹੈ | ਰੋਹਤਕ ਦੇ ਏ.ਐਸ.ਪੀ. ਸ਼ਸ਼ੀ ਸ਼ੇਖਰ, ਐਸ.ਡੀ.ਐਮ. ਆਸ਼ੀਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ ਵਰੇਂਦਰ ਸਿੰਘ ਪਰਿਵਾਰ ਨੂੰ ਪੋਸਟਮਾਰਟ ਕਰਵਾਉਣ ਲਈ ਮਨਾਉਣ ਲਈ ਪਹੁੰਚੇ ਸਨ | ਲਗਪਗ 2 ਘੰਟੇ ਚੱਲੀ ਮੀਟਿੰਗ ਬਾਅਦ ਮਿ੍ਤਕ ਸਰੀਰ ਨੂੰ ਪੀ.ਜੀ.ਆਈ. ਦੇ ਮੁਰਦਾਘਰ ਪਹੁੰਚਾ ਦਿੱਤਾ ਗਿਆ | ਹੁਣ ਵੀਰਵਾਰ ਨੂੰ ਸਵੇਰੇ 8 ਵਜੇ ਪੋਸਟਮਾਰਟਮ ਅਤੇ ਦੁਪਹਿਰ 12 ਵਜੇ ਜੀਂਦ ਦੇ ਜੁਲਾਨਾ 'ਚ ਅੰਤਿਮ ਸੰਸਕਾਰ ਹੋਵੇਗਾ |

ਪਿਛਲੀ ਖ਼ਬਰ ਸਰਕਾਰ ਵਲੋਂ 26 ਸਰਕਾਰੀ ਜਾਇਦਾਦਾਂ ਵੇਚਣ ਸੰਬੰਧੀ ਮੀਟਿੰਗ ਅੱਜ ਅਗਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ ਨਾਲ 48 ਘੰਟੇ ਦੀ ਜੰਗਬੰਦੀ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।