10 ਬਿਜਲੀ ਨਿਗਮ ਤੇ 16 ਹੋਰ ਅਦਾਰਿਆਂ ਦੀਆਂ ਜਾਇਦਾਦਾਂ ਸ਼ਾਮਿਲ
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 15 ਅਕਤੂਬਰ-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਲੁਧਿਆਣਾ ਦੀਆਂ 26 ਸਰਕਾਰੀ ਜਾਇਦਾਦਾਂ ਵੇਚਣ ਲਈ ਕੀਤੀ ਮੀਟਿੰਗ ਤੋਂ ਬਾਅਦ ਕੱਲ੍ਹ 16 ਅਕਤੂਬਰ ਨੂੰ ਮੁੜ ਚੀਫ਼ ਸੈਕਟਰੀ ਦੀ ਪ੍ਰਧਾਨਗੀ ਹੇਠ ਸ਼ਾਮ ਸਾਢੇ 4 ਵਜੇ ਪੰਜਾਬ ਭਵਨ ਵਿਖੇ ਇਨ੍ਹਾਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਸੰਬੰਧੀ ਅੰਤਿਮ ਫ਼ੈਸਲਾ ਲੈਣ ਬਾਰੇ ਹੋਣ ਬਾਰੇ ਪਤਾ ਲੱਗਾ ਹੈ | ਦੱਸਣਯੋਗ ਹੈ ਕਿ ਲੁਧਿਆਣਾ ਦੀਆਂ ਇਨ੍ਹਾਂ 26 ਜਾਇਦਾਦਾਂ 'ਚੋਂ 10 ਤਾਂ ਬਿਜਲੀ ਨਿਗਮ ਦੀਆਂ ਹੀ ਹਨ | ਇਸ ਤੋਂ ਇਲਾਵਾ ਸਿੰਚਾਈ, ਪਸ਼ੂ ਹਸਪਤਾਲ, ਰੈਸਟ ਹਾਊਸ ਤੇ ਪੀ.ਡਬਲਿਊ.ਡੀ. ਕਾਲੋਨੀ ਸਮੇਤ ਹੋਰ ਜਾਇਦਾਦਾਂ ਵੀ ਸ਼ਾਮਿਲ ਹਨ | ਮਿਲੀ ਜਾਣਕਾਰੀ ਅਨੁਸਾਰ 1 ਅਕਤੂਬਰ ਨੂੰ ਪੰਜਾਬ ਭਵਨ ਵਿਖੇ ਬਿਜਲੀ ਮੰਤਰੀ ਸੁਰੇਸ਼ ਅਰੋੜਾ, ਚੀਫ਼ ਸੈਕਟਰੀ ਕੇ.ਏ.ਪੀ. ਸਿਨਹਾ, ਵਾਈਸ ਚੇਅਰਮੈਨ ਪੀ.ਡੀ.ਸੀ. ਸੀਮਾ ਬਾਂਸਲ ਸਮੇਤ ਹੋਰ ਅਧਿਕਾਰੀ ਵੀ ਸ਼ਾਮਿਲ ਸਨ, ਜਿਨ੍ਹਾਂ ਵਲੋਂ ਉਕਤ 26 ਜਾਇਦਾਦਾਂ ਦੀ ਪਛਾਣ ਕਰ ਕੇ ਵੇਚਣ ਦੀ ਤਿਆਰੀ ਵਿੱਢਣ ਸੰਬੰਧੀ ਮਿੰਟਸ ਦਿੱਤੇ ਗਏ ਸਨ ਜਦਕਿ, ਮੀਟਿੰਗ 'ਚ ਬਿਜਲੀ ਨਿਗਮ ਵਲੋਂ ਕੋਈ ਅਧਿਕਾਰੀ ਸ਼ਾਮਿਲ ਨਹੀਂ ਕੀਤਾ ਗਿਆ | ਹੁਣ 16 ਅਕਤੂਬਰ ਨੂੰ ਰੱਖੀ ਮੀਟਿੰਗ 'ਚ ਉਕਤ 26 ਸਰਕਾਰੀ ਜਾਇਦਾਦਾਂ ਨੂੰ ਵੇਚਣ ਸੰਬੰਧੀ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ 26 ਸਰਕਾਰੀ ਜਾਇਦਾਦਾਂ ਤੋਂ ਇਲਾਵਾ ਬਿਜਲੀ ਨਿਗਮ ਦੀਆਂ 10 ਦੇ ਕਰੀਬ ਜਾਇਦਾਦਾਂ ਵਿਚਲਾ ਸਾਮਾਨ ਵੇਚ ਕੇ ਸਰਕਾਰ ਪੈਸਾ ਕਮਾਉਣ ਦਾ ਮਨ ਬਣਾ ਚੁੱਕੀ ਹੈ ਤੇ ਬਿਜਲੀ ਨਿਗਮ ਦੇ ਇਨ੍ਹਾਂ ਦਫ਼ਤਰਾਂ, ਸਬ-ਸਟੇਸ਼ਨਾਂ, ਗਰਿੱਡਾਂ ਵਿਚਲਾ ਵੱਖ-ਵੱਖ ਤਰ੍ਹਾਂ ਦੀ ਸਪਲਾਈ ਦਾ ਸਾਮਾਨ, ਖੰਭੇ, ਤਾਰਾਂ ਨੂੰ ਕਿਸੇ ਹੋਰ ਥਾਂ 'ਤੇ ਸ਼ਿਫ਼ਟ ਕਰਕੇ ਵੇਚ ਦਿੱਤਾ ਜਾਵੇਗਾ | ਬੇਸ਼ੱਕ ਬਿਜਲੀ ਨਿਗਮ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਵਲੋਂ ਸਰਕਾਰ ਨੂੰ ਬਿਜਲੀ ਨਿਗਮ ਦੀਆਂ ਸਰਕਾਰੀ ਜਾਇਦਾਦਾਂ ਨਾ ਵੇਚਣ ਲਈ ਪਿ੍ੰਸੀਪਲ ਸੈਕਟਰੀ ਪਾਵਰ ਨੂੰ ਮੰਗ ਪੱਤਰ ਦਿੱਤਾ ਹੋਇਆ ਹੈ ਤੇ ਇਹ ਵੀ ਸਪੱਸ਼ਟ ਕੀਤਾ ਹੋਇਆ ਹੈ ਕਿ ਜੇਕਰ ਬਿਜਲੀ ਨਿਗਮ ਦੀਆਂ ਜਾਇਦਾਦਾਂ ਨੂੰ ਵੇਚਣ ਲਈ ਸਰਕਾਰ ਕਿਸੇ ਤਰ੍ਹਾਂ ਦਾ ਵੀ ਫ਼ੈਸਲਾ ਲੈਂਦੀ ਹੈ ਤਾਂ ਨਾਲੋ-ਨਾਲ ਹੀ ਸਾਰੀਆਂ ਜਥੇਬੰਦੀਆਂ ਮਿਲ ਕੇ ਰੋਸ ਮੁਜ਼ਾਹਰਾ ਤੇ ਧਰਨਾ ਸ਼ੁਰੂ ਕਰ ਦੇਣਗੀਆਂ | ਸੂਤਰਾਂ ਅਨੁਸਾਰ ਬਿਜਲੀ ਨਿਗਮ ਦੀ ਸਰਾਭਾ ਨਗਰ ਵਿਚਲੀ ਇਕ ਜਾਇਦਾਦ ਵੇਚਣ ਨੂੰ ਲੈ ਕੇ ਅਜਿਹਾ ਫ਼ੈਸਲਾ ਇਕ ਵਾਰ ਬਾਦਲ ਸਰਕਾਰ 2011-12 ਵੇਲੇ ਕੀਤਾ ਗਿਆ ਸੀ, ਜਿਸ ਦਾ ਕੇਸ ਹਾਈ ਕੋਰਟ 'ਚ ਚੱਲਿਆ ਤੇ ਕੇਸ ਦੌਰਾਨ ਹੀ ਉਸ ਸਮੇਂ ਦੀ ਸਰਕਾਰ ਵਲੋਂ ਸਰਾਭਾ ਨਗਰ ਵਿਚਲੀ ਜਾਇਦਾਦ ਵੇਚਣ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ |
ਸਰਕਾਰ ਵਲੋਂ 26 ਸਰਕਾਰੀ ਜਾਇਦਾਦਾਂ ਵੇਚਣ ਸੰਬੰਧੀ ਮੀਟਿੰਗ ਅੱਜ
ਅਜੀਤ ਡੈਸਕ
16-10-2025