26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਨਹੀਂ ਰਹੇ 'ਮਹਾਭਾਰਤ' ਦੇ 'ਕਰਨ' ਪੰਕਜ ਧੀਰ

ਅਜੀਤ ਡੈਸਕ 16-10-2025
ਮੁੰਬਈ, 15 ਅਕਤੂਬਰ (ਪੀ.ਟੀ.ਆਈ.)-ਟੈਲੀਵਿਜ਼ਨ ਸਟਾਰ ਪੰਕਜ ਧੀਰ, ਜੋ ਕਿ ਬੀ.ਆਰ. ਚੋਪੜਾ ਦੀ 'ਮਹਾਭਾਰਤ' 'ਚ 'ਕਰਨ' ਤੇ ਦੂਰਦਰਸ਼ਨ ਦੇ ਮਸ਼ਹੂਰ ਲੜੀਵਾਰ 'ਚੰਦਰਕਾਂਤਾ' 'ਚ ਰਾਜਾ ਸ਼ਿਵਦੱਤ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਹਨ, ਦਾ ਕੈਂਸਰ ਨਾਲ ਲੜਾਈ ਤੋਂ ਬਾਅਦ 68 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | ਟੀ.ਵੀ. ਨਿਰਮਾਤਾ ਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ 'ਚ ਇਲਾਜ਼ ਅਧੀਨ ਸਨ | ਪੰਜਾਬ ਦੇ ਰਹਿਣ ਵਾਲੇ ਧੀਰ ਨੇ 1980 ਦੇ ਦਹਾਕੇ 'ਚ ਇਕ ਅਦਾਕਾਰ ਵਜੋਂ ਸ਼ੁਰੂਆਤ ਕੀਤੀ ਸੀ ਤੇ ਕਈ ਫਿਲਮਾਂ 'ਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ | ਉਨ੍ਹਾਂ ਨੂੰ ਵੱਡਾ ਮੌਕਾ 1988 'ਚ ਉਸ ਵੇਲੇ ਮਿਲਿਆ ਜਦੋਂ ਉਨ੍ਹਾਂ ਨੂੰ ਹਿੰਦੂ ਮਹਾਂਕਾਵਿ 'ਮਹਾਭਾਰਤ' ਦੇ ਛੋਟੇ ਪਰਦੇ ਦੇ ਰੂਪਾਂਤਰਣ 'ਚ 'ਕਰਨ' ਵਜੋਂ ਕਾਸਟ ਕੀਤਾ ਗਿਆ | ਉਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਸਿਖਰ 'ਤੇ ਪਹੁੰਚ ਗਈ ਤੇ ਉਨ੍ਹਾਂ 'ਸੜਕ', 'ਸਨਮ ਬੇਵਫਾ' ਤੇ 'ਆਸ਼ਿਕ ਆਵਾਰਾ' ਵਰਗੀਆਂ ਕਈ ਫਿਲਮਾਂ 'ਚ ਅਭਿਨੈ ਕੀਤਾ | 1994 ਤੋਂ 1996 ਤੱਕ ਪੰਕਜ ਧੀਰ ਨੇ ਟੀ.ਵੀ. ਲੜੀ 'ਚੰਦਰਕਾਂਤਾ' 'ਚ ਅਭਿਨੈ ਕੀਤਾ, ਜੋ ਲੇਖਕ ਦੇਵਕੀ ਨੰਦਨ ਖੱਤਰੀ ਦੇ 1888 ਦੇ ਇਸੇ ਨਾਂਅ ਦੇ ਨਾਵਲ 'ਤੇ ਆਧਾਰਿਤ ਸੀ | ਉਨ੍ਹਾਂ ਚੁਨਾਰਗੜ੍ਹ ਦੇ ਕਾਲਪਨਿਕ ਰਾਜ ਦੇ ਰਾਜਾ ਸ਼ਿਵਦੱਤ ਦੀ ਪ੍ਰਸਿੱਧ ਭੂਮਿਕਾ ਨਿਭਾਈ | ਉਨ੍ਹਾਂ ਦੀਆਂ ਕੁਝ ਮਹੱਤਵਪੂਰਨ ਫਿਲਮਾਂ 'ਚ ਬੌਬੀ ਦਿਓਲ ਦੀ 'ਸੋਲਜਰ', ਸ਼ਾਹਰੁਖ ਖਾਨ ਦੀ 'ਬਾਦਸ਼ਾਹ', ਅਕਸ਼ੈ ਕੁਮਾਰ ਦੀ 'ਅੰਦਾਜ਼' ਤੇ ਅਜੇ ਦੇਵਗਨ ਦੀ 'ਜ਼ਮੀਨ' ਤੇ 'ਟਾਰਜ਼ਨ' ਵੀ ਸ਼ਾਮਿਲ ਹਨ | 2000 ਦੇ ਦਹਾਕੇ ਦੇ ਅਖੀਰ 'ਚ ਧੀਰ ਕਈ ਰੋਜ਼ਾਨਾ ਲੜੀਵਾਰ 'ਤੀਨ ਬਹੂਰਾਨੀਆਂ', 'ਰਾਜਾ ਕੀ ਆਏਗੀ ਬਾਰਾਤ' ਤੇ 'ਸਸੁਰਾਲ ਸਿਮਰ ਕਾ' 'ਚ ਵੀ ਨਜ਼ਰ ਆਏ | ਧੀਰ ਆਪਣੇ ਪਿੱਛੇ ਪਤਨੀ ਅਨੀਤਾ ਧੀਰ ਤੇ ਪੁੱਤਰ ਨਿਕਿਤਿਨ ਧੀਰ ਛੱਡ ਗਏ ਹਨ, ਜੋ ਕਿ ਇਕ ਅਦਾਕਾਰ ਵੀ ਹਨ |

ਪਿਛਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਵੜਿੰਗ, ਬਘੇਲ, ਬਾਜਵਾ, ਚੰਨੀ, ਸਰਕਾਰੀਆ ਦੀ ਮੌਜੂਦਗੀ 'ਚ ਕਰਵਾਏ ਨਾਮਜ਼ਦਗੀ ਪੱਤਰ ਦਾਖ਼ਲ ਅਗਲੀ ਖ਼ਬਰ ਸਰਕਾਰ ਵਲੋਂ 26 ਸਰਕਾਰੀ ਜਾਇਦਾਦਾਂ ਵੇਚਣ ਸੰਬੰਧੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।