ਸੁਪਰੀਮ ਕੋਰਟ ਵਲੋਂ ਸੁਣਵਾਈ 29 ਤੱਕ ਮੁਲਤਵੀ
ਨਵੀਂ ਦਿੱਲੀ, 15 ਅਕਤੂਬਰ (ਜਗਤਾਰ ਸਿੰਘ)-ਲੱਦਾਖ ਹਿੰਸਾ ਦੇ ਸੰਬੰਧ 'ਚ ਗਿ੍ਫ਼ਤਾਰ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਨੇ ਸੁਪਰੀਮ ਕੋਰਟ 'ਚ ਆਪਣੀ ਪਟੀਸ਼ਨ 'ਚ ਸੋਧ ਦੀ ਇਜਾਜ਼ਤ ਮੰਗੀ ਹੈ ਤਾਂ ਕਿ ਉਹ ਹੁਣ ਕੇਂਦਰ ਸਰਕਾਰ ਦੁਆਰਾ ਦਿੱਤੇ ਗਏ ਹਿਰਾਸਤ ਦੇ ਆਧਾਰਾਂ ਨੂੰ ਚੁਣੌਤੀ ਦੇ ਸਕੇ | ਸੁਪਰੀਮ ਕੋਰਟ ਨੇ ਸੁਣਵਾਈ 29 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ | ਗੀਤਾਂਜਲੀ ਦੀ ਪਟੀਸ਼ਨ 'ਚ ਪਹਿਲਾਂ ਇਹ ਦਲੀਲ ਦਿੱਤੀ ਗਈ ਸੀ ਕਿ ਵਾਂਗਚੁਕ ਦੀ ਹਿਰਾਸਤ ਬਗੈਰ ਕਿਸੇ ਆਧਾਰ ਦੇ ਕੀਤੀ ਗਈ ਸੀ ਤੇ ਉਨ੍ਹਾਂ ਦੇ ਵਕੀਲਾਂ ਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ | ਹਾਲਾਂਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਆਪਣੇ ਹਲਫ਼ਨਾਮੇ 'ਚ ਕਿਹਾ ਕਿ ਡਿਟੈਂਸ਼ਨ ਦੇ ਆਧਾਰ ਵਾਂਗਚੁਕ ਨੂੰ ਉਪਲਬਧ ਕਰ ਦਿੱਤੇ ਗਏ ਹਨ ਤੇ ਇਹ ਜਾਣਕਾਰੀ ਲੇਹ ਦੇ ਜ਼ਿਲ੍ਹਾ ਅਧਿਕਾਰੀ ਰਾਹੀਂ ਵੀ ਸੌਂਪੀ ਗਈ ਹੈ | ਅੱਜ ਹੋਈ ਸੁਣਵਾਈ ਦੌਰਾਨ ਗੀਤਾਂਜਲੀ ਵਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਪਟੀਸ਼ਨ 'ਚ ਸੋਧ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਸਰਕਾਰ ਦੁਆਰਾ ਦਿੱਤੇ ਗਏ ਦਸਤਾਵੇਜ਼ਾਂ ਨੂੰ ਚੁਣੌਤੀ ਦਿੱਤੀ ਜਾ ਸਕੇ |
ਵਾਂਗਚੁਕ ਦੀ ਪਤਨੀ ਨੇ ਪਟੀਸ਼ਨ 'ਚ ਸੋਧ ਕਰਨ ਦੀ ਮੰਗੀ ਇਜਾਜ਼ਤ <br/>
ਅਜੀਤ ਡੈਸਕ
16-10-2025