ਨਵੀਂ ਦਿੱਲੀ, 15 ਅਕਤੂਬਰ (ਉਪਮਾ ਡਾਗਾ ਪਾਰਥ)-'ਅੰਮਿ੍ਤਸਰ ਤੋਂ ਕਾਬੁਲ ਤੇ ਕੰਧਾਰ ਲਈ ਛੇਤੀ ਹੀ ਉਡਾਣਾਂ ਸ਼ੁਰੂ ਹੋਣਗੀਆਂ |' ਉਕਤ ਐਲਾਨ ਭਾਰਤ ਦੇ ਦੌਰੇ 'ਤੇ ਆਏ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਐਚ.ਈ. ਮੌਲਵੀ ਅਮੀਰ ਖਾਨ ਮੁੱਤਾਕੀ ਨੇ ਨਵੀਂ ਦਿੱਲੀ ਦੇ ਫਿੱਕੀ ਵਿਖੇ ਭਾਰਤੀ ਉਦਯੋਗਪਤੀਆਂ ਨਾਲ ਗੱਲਬਾਤ ਦਰਮਿਆਨ ਕੀਤਾ, ਜਿਸ ਦੀ ਪ੍ਰਧਾਨਗੀ 'ਆਪ' ਦੇ ਰਾਜ ਸਭਾ ਮੈਂਬਰ ਅਤੇ ਸੰਸਦੀ ਸਥਾਈ ਕਮੇਟੀ ਆਰ. ਕਾਮਰਸ ਦੇ ਮੈਂਬਰ ਅਤੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਕਮੇਟੀ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ | ਸਾਹਨੀ ਨੇ ਇਸ ਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਇਹ ਪੰਜਾਬ 'ਚ ਵਪਾਰ ਅਤੇ ਉਦਯੋਗ ਲਈ ਅਹਿਮ ਮੀਲ ਪੱਥਰ ਸਾਬਿਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੀ ਰਣਨੀਤਕ ਸਥਿਤੀ ਅਤੇ ਮੁੱਖ ਸਰਹੱਦੀ ਵਪਾਰ ਗਲਿਆਰਿਆਂ ਦੀ ਨੇੜਤਾ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਇਕ ਤੇਜ਼ ਅਤੇ ਵਧੇਰੇ ਸੁਰੱਖਿਅਤ ਹਵਾਈ ਸੰਪਰਕ ਬਣਾਉਣ 'ਚ ਮਦਦ ਮਿਲੇਗੀ | 'ਆਪ' ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਨਾਲ ਦੋਵੇਂ ਪਾਸਿਆਂ ਦੇ ਕਿਸਾਨਾਂ, ਵਪਾਰੀਆਂ ਅਤੇ ਐਮ.ਐਸ.ਐਮ.ਈ. ਨੂੰ ਕਾਫੀ ਫ਼ਾਇਦਾ ਹੋਏਗਾ | ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਉਤਪਾਦਾਂ, ਸੁੱਕੇ ਫਲ, ਤਾਜ਼ੇ ਫਲ ਤੇ ਦਸਤਕਾਰਾਂ ਲਈ ਇਹ ਬਹੁਤ ਲਾਹੇਵੰਦ ਹੋਏਗਾ |